ਮੁਲਾਇਮ ਪਰਵਾਰ ਵਿੱਚ ਪਾਟਕ


ਅਸੀਂ ਸਾਰੇ ਇਹ ਗੱਲ ਜਾਣਦੇ ਹਾਂ ਕਿ ਪੰਜਾਬ ਵਿੱਚ ਨਵੇ ਸਾਲ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਸਾਰੀਆਂ ਮੁੱਖ ਸਿਆਸੀ ਪਾਰਟੀਆਂ ਵਿੱਚ ਟਿਕਟਾਂ ਲਈ ਖਿੱਚੋਤਾਣ ਚੱਲ ਰਹੀ ਹੈ। ਜਿੱਥੇ ਅਤੇ ਜਿਸ ਤਰ੍ਹਾਂ ਦੀਆਂ ਵੀ ਚੋਣਾਂ ਹੋਣੀਆਂ ਹੋਣ, ਟਿਕਟਾਂ ਲਈ ਏਦਾਂ ਦੀ ਖਿੱਚੋਤਾਣ ਹੋਣਾ ਆਮ ਜਿਹੀ ਗੱਲ ਹੈ। ਅਕਾਲੀ ਦਲ ਵਿੱਚ ਬਹੁਤੇ ਲੋਕ ਸਿਰਫ ਰੋਸ ਕਰਨਗੇ ਤੇ ਫਿਰ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਜਿਹੜੇ ਰਾਜ ਕਰਦੀ ਪਾਰਟੀ ਦੇ ਮੁਖੀ ਵੀ ਹਨ, ਦੀ ਘੂਰੀ ਵੇਖ ਕੇ ਚੁੱਪ ਹੋ ਜਾਣਗੇ। ਜਿਹੜੇ ਉਸ ਤੋਂ ਨਾ ਸੰਭਾਲੇ ਗਏ, ਉਨ੍ਹਾਂ ਵਾਸਤੇ ਫਿਰ ਪੰਜਾਬ ਦੇ ਮੁੱਖ ਮੰਤਰੀ ਤੇ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਕਮਾਨ ਸੰਭਾਲਣਗੇ। ਕਾਂਗਰਸ ਵਿੱਚ ਅਜੇ ਹਾਈ ਕਮਾਨ ਦੇ ਦਫਤਰ ਵਿੱਚ ਹੀ ਇੱਕ-ਇੱਕ ਹਲਕੇ ਦੇ ਕਈ-ਕਈ ਦਾਅਵੇਦਾਰਾਂ ਦੀ ਸੂਚੀ ਮੁੜ-ਮੁੜੀ ਪੜ੍ਹੀ ਜਾਂਦੀ ਹੈ ਤੇ ਫੈਸਲੇ ਕਰਨ ਵਿੱਚ ਮੁਸ਼ਕਲ ਆ ਰਹੀ ਹੈ। ਆਮ ਆਦਮੀ ਪਾਰਟੀ ਨੇ ਟਿਕਟਾਂ ਵੀ ਪਹਿਲਾਂ ਵੰਡ ਲਈਆਂ ਤੇ ਆਪਣੇ ਲੋਕਾਂ ਦੇ ਰੋਸੇ ਵੀ ਹੁਣ ਤੱਕ ਕਾਫੀ ਹੱਦ ਤੱਕ ਸੰਭਾਲ ਲਏ ਹਨ। ਹੁਣ ਉਹ ਦੋਵਾਂ ਮੁੱਖ ਧਿਰਾਂ ਨੂੰ ਚੁਣੌਤੀ ਦੇ ਰਹੀ ਹੈ। ਇਸ ਤਰ੍ਹਾਂ ਸਾਡਾ ਸਾਰਾ ਧਿਆਨ ਸਿਰਫ ਪੰਜਾਬ ਵਿਚਲੀ ਸਿਆਸੀ ਹਾਲਤ ਤੱਕ ਸੀਮਤ ਹੈ। ਇਸ ਰਾਜ ਦੀ ਹੱਦ ਤੋਂ ਪਾਰ ਵੇਖਿਆ ਜਾਵੇ ਤਾਂ ਜਿਹੜੇ ਚਾਰ ਹੋਰਨਾਂ ਰਾਜਾਂ ਵਿੱਚ ਪੰਜਾਬ ਦੇ ਨਾਲ ਚੋਣਾਂ ਹੋਣੀਆਂ ਹਨ, ਏਦਾਂ ਦੇ ਹਾਲਾਤ ਉਨ੍ਹੀਂ ਥਾਂਈਂ ਵੀ ਬਣੇ ਫਿਰਦੇ ਹਨ ਅਤੇ ਉੱਤਰ ਪ੍ਰਦੇਸ਼ ਵਿੱਚ ਗੁੱਟਬੰਦੀ ਪਰਵਾਰ ਦੇ ਪਾਟਕ ਤੱਕ ਪਹੁੰਚ ਗਈ ਹੈ।
ਹਾਲੇ ਕੁਝ ਹਫਤੇ ਪਹਿਲਾਂ ਦੀ ਗੱਲ ਹੈ ਕਿ ਉੱਤਰ ਪ੍ਰਦੇਸ਼ ਵਿੱਚ ਰਾਜ ਕਰਦੀ ਸਮਾਜਵਾਦੀ ਪਾਰਟੀ ਦੇ ਵਿੱਚ ਗੁੱਟਬੰਦੀ ਦੇ ਕਾਰਨ ਇੱਕ ਦੀ ਥਾਂ ਦੋ ਪਾਰਟੀਆਂ ਬਣਨ ਦੀ ਨੌਬਤ ਆ ਚੱਲੀ ਸੀ। ਮੁੱਖ ਮੰਤਰੀ ਅਖਿਲੇਸ਼ ਸਿੰਘ ਤੇ ਉਸ ਰਾਜ ਦੀ ਸਮਾਜਵਾਦੀ ਪਾਰਟੀ ਦਾ ਪ੍ਰਧਾਨ ਉਸ ਦਾ ਚਾਚਾ ਸ਼ਿਵ ਪਾਲ ਆਪੋ ਵਿੱਚ ਸਿੱਧੇ ਭੇੜ ਦੇ ਰਾਹ ਪੈ ਗਏ ਸਨ। ਇੱਕ ਦਿਨ ਇਨ੍ਹਾਂ ਦੋਵਾਂ ਦੇ ਸਮੱਰਥਕਾਂ ਨੇ ਪਾਰਟੀ ਦੇ ਸੂਬਾ ਦਫਤਰ ਵਿੱਚ ਇੱਕ ਦੂਸਰੇ ਵਿਰੁੱਧ ਮੁਰਦਾਬਾਦ ਦੇ ਨਾਅਰੇ ਲਾਏ ਤੇ ਪਾਰਟੀ ਦੇ ਕੌਮੀ ਪ੍ਰਧਾਨ ਮੁਲਾਇਮ ਸਿੰਘ ਯਾਦਵ ਨੂੰ ਖੜੇ ਪੈਰ ਦਖਲ ਦੇਣ ਅਤੇ ਇੱਕੋ ਮੰਚ ਉੱਤੇ ਦੋਵਾਂ ਨੂੰ ਬਿਠਾਉਣ ਦੀ ਲੋੜ ਪੈ ਗਈ ਸੀ। ਬਾਹਰ ਭਾਵੇਂ ਇਹ ਹੀ ਪ੍ਰਭਾਵ ਦਿੱਤਾ ਗਿਆ ਸੀ ਕਿ ਪਾਰਟੀ ਵਿੱਚ ਮੱਤਭੇਦ ਦੂਰ ਹੋ ਗਏ ਹਨ, ਪਰ ਕੁਝ ਦਿਨਾਂ ਪਿੱਛੋਂ ਦੋਵੇਂ ਜਣੇ ਇੱਕ ਦੂਸਰੇ ਵਿਰੁੱਧ ਫਿਰ ਤਲਵਾਰਾਂ ਚੁੱਕ ਖੜੋਤੇ ਤੇ ਮਾਹੌਲ ਜੰਗ ਵਾਲਾ ਬਣ ਗਿਆ ਸੀ, ਜਿਸ ਕਾਰਨ ਹੁਣ ਟਿਕਟਾਂ ਦੀ ਵੰਡ ਤੋਂ ਪੁਆੜਾ ਪਿਆ ਫਿਰਦਾ ਹੈ।
ਮੁਲਾਇਮ ਸਿੰਘ ਯਾਦਵ ਅਤੇ ਉਸ ਦੇ ਛੋਟੇ ਭਰਾ ਸ਼ਿਵ ਪਾਲ ਨੇ ਪਾਰਟੀ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਦੋਂ ਜਾਰੀ ਕੀਤੀ ਤਾਂ ਮੁੱਖ ਮੰਤਰੀ ਅਖਿਲੇਸ਼ ਯਾਦਵ ਦੇ ਕਈ ਸਮੱਰਥਕਾਂ ਅਤੇ ਮੌਜੂਦਾ ਵਿਧਾਇਕਾਂ ਦੇ ਨਾਂਅ ਇਸ ਵਿੱਚ ਨਹੀਂ ਸਨ। ਉਸ ਨੇ ਆਪਣੀ ਭੜਕਾਹਟ ਲੁਕਾਏ ਬਿਨਾਂ ਆਪਣੇ ਸਮੱਰਥਕਾਂ ਦੀ ਮੀਟਿੰਗ ਕੀਤੀ ਤੇ ਫਿਰ ਇੱਕ ਸੂਚੀ ਉਸ ਗਰੁੱਪ ਵੱਲੋਂ ਵੀ ਜਾਰੀ ਹੋ ਗਈ, ਜਿਸ ਵਿੱਚ ਸ਼ਿਵ ਪਾਲ ਯਾਦਵ ਦੇ ਸਮੱਰਥਕ ਵਿਧਾਇਕਾਂ ਦੇ ਨਾਂਅ ਵੀ ਨਹੀਂ ਸਨ। ਅਖਿਲੇਸ਼ ਦੀ ਮੀਟਿੰਗ ਤੋਂ ਬਾਹਰ ਆਏ ਕੁਝ ਵਿਧਾਇਕਾਂ ਨੇ ਸਾਫ ਕਿਹਾ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਨੇ ਕਹਿ ਦਿੱਤਾ ਹੈ ਕਿ ਜਿਨ੍ਹਾਂ ਨੂੰ ਪਾਰਟੀ ਨੇ ਟਿਕਟ ਨਹੀਂ ਦਿੱਤਾ ਅਤੇ ਮੇਰੀ ਸੂਚੀ ਵਿੱਚ ਨਾਂਅ ਮੈਂ ਪਾ ਦਿੱਤੇ ਹਨ, ਉਹ ਬਾਗੀ ਹੋ ਕੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦੀ ਤਿਆਰੀ ਕਰ ਦੇਣ। ਜਦੋਂ ਇਹੋ ਗੱਲ ਮੁੱਖ ਮੰਤਰੀ ਨੂੰ ਪੁੱਛੀ ਗਈ ਤਾਂ ਉਸ ਨੇ ਇਹ ਕਹਿ ਕੇ ਟਾਲ ਛੱਡਿਆ ਕਿ ਇੱਕ ਮੌਜੂਦਾ ਵਿਧਾਇਕ ਅਤੇ ਦੂਸਰਾ ਜਿੱਤ ਸਕਣ ਦੀ ਸਮਰੱਥਾ ਵਾਲੇ ਲੋਕ ਕਿਸੇ ਪਾਸੇ ਤੋਂ ਵੀ ਉਮੀਦਵਾਰ ਬਣ ਜਾਣ ਤਾਂ ਉਸ ਨੂੰ ਕੋਈ ਇਤਰਾਜ਼ ਨਹੀਂ। ਇਸ ਦਾ ਅਰਥ ਸਾਫ ਸੀ ਕਿ ਉਸ ਦੇ ਸਮੱਰਥਕ ਆਗੂ ਹੁਣ ਪਾਰਟੀ ਤੋਂ ਬਾਗੀ ਹੋ ਕੇ ਵੀ ਚੋਣ ਲੜਨ ਤਾਂ ਉਸ ਨੂੰ ਗਲਤ ਨਹੀਂ ਲੱਗਦਾ।
ਆਪਣੀ ਪਾਰਟੀ ਦੇ ਵਿਧਾਇਕਾਂ ਅਤੇ ਹੋਰਨਾਂ ਲੋਕਾਂ ਦੀ ਬਗਾਵਤ ਦਾ ਵਿਰੋਧ ਕਰਨ ਦੀ ਥਾਂ ਅਖਿਲੇਸ਼ ਸਿੰਘ ਦਾ ਇਹ ਵਖਿਆਨ ਅਸਲ ਵਿੱਚ ਉਨ੍ਹਾਂ ਲਈ ਹਰੀ ਝੰਡੀ ਸਮਝਿਆ ਜਾ ਰਿਹਾ ਹੈ। ਹੁਣ ਮੁਲਾਇਮ ਸਿੰਘ ਯਾਦਵ ਨੇ ਇਸ ਮਾਮਲੇ ਵਿੱਚ ਦੋਵਾਂ ਧਿਰਾਂ ਨਾਲ ਗੱਲਬਾਤ ਛੋਹੀ ਹੋਈ ਹੈ। ਇੱਕ ਮੀਟਿੰਗ ਬੇਨਤੀਜਾ ਰਹੀ ਹੈ। ਉਸ ਵਿੱਚ ਜਦੋਂ ਸਾਰਾ ਪ੍ਰਭਾਵ ਇੱਕ-ਤਰਫਾ ਰਿਹਾ ਤਾਂ ਅਖਿਲੇਸ਼ ਸਿੰਘ ਬਾਹਰ ਨਿਕਲ ਗਿਆ, ਪਰ ਜਾਣ ਲੱਗਾ ਏਨੀ ਦਾਨਾਈ ਕਰ ਗਿਆ ਕਿ ਆਪਣੇ ਪਿਤਾ ਅਤੇ ਪਾਰਟੀ ਦੇ ਕੌਮੀ ਪ੍ਰਧਾਨ ਮੁਲਾਇਮ ਸਿੰਘ ਦੇ ਚਰਨ ਛੂਹ ਕੇ ਗਿਆ। ਇਸ ਦੇ ਅੰਦਰ ਕਈ ਅਰਥ ਛੁਪੇ ਸਮਝੇ ਜਾਂਦੇ ਹਨ। ਪਹਿਲਾ ਤਾਂ ਇਹ ਹੀ ਹੈ ਕਿ ਉਹ ਗੱਲਬਾਤ ਤੋੜਨਾ ਨਹੀਂ ਚਾਹੁੰਦਾ। ਪੈਰੀਂ ਹੱਥ ਲਾਉਣ ਨਾਲ ਉਸ ਨੇ ਮੁੜ ਕੇ ਮੀਟਿੰਗ ਕਰਨ ਦਾ ਰਾਹ ਖੁੱਲ੍ਹਾ ਰੱਖਿਆ ਹੈ। ਦੂਸਰਾ ਇਹ ਕਿ ਕੱਲ੍ਹ ਨੂੰ ਜਦੋਂ ਬਗਾਵਤ ਦਾ ਪੜਾਅ ਵੀ ਆਉਂਦਾ ਹੈ ਤਾਂ ਇਹ ਪ੍ਰਭਾਵ ਦੇ ਸਕੇਗਾ ਕਿ ਸਾਰਾ ਕੁਝ ਬਾਪੂ ਨਾਲ ਅੱਖ ਮਿਲਾ ਕੇ ਕੀਤਾ ਹੈ।
ਬਾਪੂ ਮੁਲਾਇਮ ਸਿੰਘ ਇਸ ਵਕਤ ਦੋਵੀਂ ਪਾਸੀਂ ਕਸੂਤਾ ਫਸ ਗਿਆ ਹੈ। ਇੱਕ ਪਾਸੇ ਸਕਾ ਭਰਾ ਹੈ, ਇਕੱਲਾ ਭਰਾ ਵੀ ਨਹੀਂ, ਮੁਲਾਇਮ ਸਿੰਘ ਦੀ ਦੂਸਰੀ ਪਤਨੀ ਦਾ ਪੁੱਤਰ ਅਤੇ ਉਸ ਦਾ ਪਰਵਾਰ ਵੀ ਹੈ। ਦੂਸਰੇ ਪਾਸੇ ਪਲੇਠੇ ਪੁੱਤਰ ਅਖਿਲੇਸ਼ ਦੇ ਨਾਲ ਚਚੇਰਾ ਭਰਾ ਤੇ ਔਖੇ ਸਮੇਂ ਦਾ ਸਾਥੀ ਰਾਮ ਗੋਪਾਲ ਯਾਦਵ ਖੜਾ ਹੈ। ਸੌ ਫਸਾਦਾਂ ਦੀ ਜੜ੍ਹ ਮੰਨਿਆ ਜਾਂਦਾ ਅਮਰ ਸਿੰਘ ਵੀ ਮੁਲਾਇਮ ਸਿੰਘ ਦੇ ਨਾਲ ਹੈ ਤੇ ਆਜ਼ਮ ਖਾਨ ਇਸ ਤੋਂ ਖਿਝਿਆ ਪਿਆ ਹੈ।
ਇਹ ਸਮਾਂ ਸੌ ਪੱਤਣਾਂ ਦੇ ਤਾਰੂ ਮੁਲਾਇਮ ਸਿੰਘ ਲਈ ਬਹੁਤ ਇਮਤਿਹਾਨ ਵਾਲਾ ਹੈ। ਅਗਲੇ ਦਿਨ ਉੱਤਰ ਪ੍ਰਦੇਸ਼ ਦੀ ਰਾਜਨੀਤੀ ਵਿੱਚ ਪੰਜਾਬ ਨਾਲੋਂ ਵੀ ਵੱਧ ਦਿਲਚਸਪੀ ਦਾ ਮਾਹੌਲ ਪੈਦਾ ਕਰਨ ਵਾਲੇ ਹੋ ਸਕਦੇ ਹਨ।