ਮਨੀਸ਼ ਸਿਸੋਦੀਆ ਦੇ ਦਫਤਰ 'ਚ ਚੋਰੀ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਦਿੱਲੀ 'ਚ ਅਪਰਾਧ ਇਸ ਕਦਰ ਪੈਰ ਪਸਾਰ ਚੁੱਕਾ ਹੈ ਕਿ ਖੁਦ ਰਾਜ ਦੇ ਡਿਪਟੀ ਸੀ ਐੱਮ ਤੱਕ ਸੁਰੱਖਿਅਤ ਨਹੀਂ ਹੈ। ਦਿੱਲੀ ਦੇ ਡਿਪਟੀ ਸੀ ਐੱਮ ਮਨੀਸ਼ ਸਿਸੋਦੀਆ ਦੇ ਈਸਟ ਵਿਨੋਦ ਨਗਰ ਸਥਿਤ ਦਫਤਰ 'ਚ ਵੀਰਵਾਰ ਰਾਤ ਚੋਰੀ ਹੋ ਗਈ। ਚੋਰਾਂ ਨੇ ਤਾਲਾ ਤੋੜ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਦਫਤਰ ਤੋਂ ਲੈਪਟਾਪ, ਕੰਪਿਊਟਰ, ਲੈਟਰਹੈੱਡ ਆਦਿ ਚੋਰੀ ਹੋਇਆ ਹੈ। ਚੋਰ ਜਾਂਦੇ-ਜਾਂਦੇ ਸੀ ਸੀ ਟੀ ਵੀ ਦੀ ਡੀ ਵੀ ਆਰ ਵੀ ਨਾਲ ਲੈ ਗਏ, ਜਿਸ 'ਚ ਫੋਟੋ ਦਾ ਰਿਕਾਰਡ ਹੁੰਦਾ ਹੈ। ਪੁਲਸ ਦੀ ਕਰਾਈਮ ਟੀਮ ਇਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ। ਮਨੀਸ਼ ਸਿਸੋਦੀਆ ਦਾ ਇਹ ਦਫਤਰ ਕੌਮੀ ਸ਼ਾਹਰਾਹ-24 'ਤੇ ਸਥਿਤ ਹੈ। ਇਸ ਦਫਤਰ 'ਚ ਸੱਤ ਕਮਰੇ ਹਨ, ਜਿਨ੍ਹਾਂ 'ਚ ਰੱਖੇ ਕੰਪਿਊਟਰਾਂ ਅਤੇ ਲੈਪਟਾਪ 'ਚ ਸਰਕਾਰ ਨਾਲ ਸੰਬੰਧਤ ਮਹੱਤਵਪੂਰਨ ਜਾਣਕਾਰੀਆਂ ਸਨ। ਸੀ ਸੀ ਟੀ ਵੀ ਦੀ ਡੀ ਵੀ ਆਰ ਵੀ ਚੋਰੀ ਹੋਣ ਕਾਰਨ ਸ਼ੰਕਾ ਜਤਾਈ ਜਾ ਰਹੀ ਹੈ ਕਿ ਵਾਰਦਾਤ ਦੇ ਪਿੱਛੇ ਕੋਈ ਰਾਜਨੀਤਕ ਸਾਜ਼ਿਸ਼ ਹੋ ਸਕਦੀ ਹੈ।
ਦਫਤਰ 'ਚ ਚੋਰੀ ਦਾ ਮਕਸਦ ਸੂਚਨਾਵਾਂ ਚੋਰੀ ਕਰਨਾ ਹੋ ਸਕਦਾ ਹੈ। ਇਸ ਤੋਂ ਪਹਿਲਾਂ ਸਿਸੋਦੀਆ ਦੇ ਸਲਾਹਕਾਰ ਦੇ ਘਰ ਤੋਂ ਵੀ ਮਹੱਤਵਪੂਰਨ ਦਸਤਾਵੇਜ਼ ਚੋਰੀ ਹੋਣ ਦੀ ਵਾਰਦਾਤ ਹੋ ਚੁੱਕੀ ਹੈ।