ਮੋਦੀ ਵੱਲੋਂ ਐਪ 'ਭੀਮ' ਲਾਂਚ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਲੱਕੀ ਗ੍ਰਾਹਕ ਯੋਜਨਾ ਅਤੇ ਡਿਜੀਸੰਨ ਯੋਜਨਾ ਦੀ ਸ਼ੁਰੂਆਤ ਕੀਤੀ। ਦਿੱਲੀ ਦੇ ਤਾਲ ਕਟੋਰਾ ਸਟੇਡੀਅਮ ਵਿੱਚ ਡਿੱਜੀ ਮੇਲੇ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਮੰਤਰੀ ਨੇ ਲੱਕੀ ਡਰਾਅ ਕੱਢਿਆ। ਇਸ ਦੌਰਾਨ ਉਨ੍ਹਾ ਇੱਕ ਨਵੇਂ ਮੋਬਾਇਲ ਐਪ ਵੀ ਲਾਂਚ ਕੀਤਾ, ਜਿਸ ਦਾ ਨਾਂਅ ਭੀਮ ਰਖਿਆ ਗਿਆ ਹੈ। ਖਾਸ ਗੱਲ ਹੈ ਕਿ ਐਪ ਬਿਨਾਂ ਇੰਟਰਨੈੱਟ ਤੋਂ ਚੱਲੇਗਾ।
ਡਾ. ਅੰਬੇਡਕਰ ਦੇ ਨਾਂਅ 'ਤੇ ਨਵਾਂ ਮੋਬਾਇਲ ਐਪ ਲਾਂਚ ਕਰਦਿਆਂ ਮੋਦੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਦੇਸ਼ ਦੀ ਪੂਰੀ ਅਰਥ-ਵਿਵਸਥਾ ਇਸੇ ਭੀਮ ਐੱਪ ਦੁਆਲੇ ਕੇਂਦਰਤ ਹੋ ਜਾਵੇਗੀ ਅਤੇ ਇਹ ਭੀਮ ਐਪ ਦੁਨੀਆ ਲਈ ਇੱਕ ਅਜੂਬਾ ਹੋਵੇਗਾ। ਉਨ੍ਹਾ ਕਿਹਾ ਕਿ ਇਹ ਐਪ 2017 'ਚ ਲੋਕਾਂ ਲਈ ਨਜ਼ਰਾਨਾ ਹੈ ਅਤੇ ਹੁਣ ਅੰਗੂਠਾ ਹੀ ਲੋਕਾਂ ਦੀ ਪਛਾਣ ਹੋਵੇਗਾ।
ਇਸ ਮੌਕੇ ਬੋਲਦਿਆਂ ਮੋਦੀ ਨੇ ਕਿਹਾ ਕਿ ਦੇਸ਼ ਵਿੱਚ ਇਸ ਵੇਲੇ 100 ਕਰੋੜ ਤੋਂ ਜ਼ਿਆਦਾ ਮੋਬਾਇਲ ਫੋਨ ਹਨ। ਦੁਨੀਆ ਦੇ ਲੋਕ ਗੁਗਲ ਕੋਲ ਜਾਣਗੇ ਅਤੇ ਪੁੱਛਣਗੇ ਕਿ ਇਹ ਭੀਮ ਹੈ। ਸ਼ੁਰੂ ਵਿੱਚ ਉਨ੍ਹਾਂ ਮਹਾਂਭਾਰਤ ਵਾਲਾ ਭੀਮ ਦਿੱਸੇਗਾ ਪਰ ਹੋਰ ਡੂੰਘਾਈ ਵਿੱਚ ਜਾਣਗੇ, ਤਾਂ ਉਨ੍ਹਾਂ ਨੂੰ ਭੀਮ ਦਿਖਾਈ ਦੇਵੇਗਾ। ਉਨ੍ਹਾ ਕਿਹਾ ਕਿ ਇਹ ਭੀਮ ਆਮ ਨਹੀਂ ਸਗੋਂ ਹਰੇਕ ਪਰਵਾਰ ਦੀ ਆਰਥਿਕ ਤਾਕਤ ਬਣਨ ਵਾਲਾ ਹੈ। ਉਨ੍ਹਾ ਕਿਹਾ ਕਿ ਆਸ਼ਾਵਾਦੀ ਲੋਕਾਂ ਲਈ ਸਰਕਾਰ ਕੋਲ ਬਹੁਤ ਸਾਰੇ ਮੌਕੇ ਹਨ, ਪਰ ਨਿਰਾਸ਼ਾਵਾਦੀ ਲੋਕਾਂ ਲਈ ਕੋਈ ਦਵਾਈ ਨਹੀਂ ਹੈ।