ਇੱਕ ਹੋਰ ਦੁਖਾਂਤ ਦੇ ਗਿਆ ਪਿਛਲਾ ਸਾਲ


ਬੀਤੀ ਰਾਤ ਜਦੋਂ ਸਾਰੇ ਸੰਸਾਰ ਦੇ ਲੋਕ ਇੱਕ ਹੋਰ ਨਵਾਂ ਸਾਲ ਚੜ੍ਹਨ ਦੀ ਉਡੀਕ ਵਿੱਚ ਮੌਜ-ਮਸਤੀ ਵਿੱਚ ਰੁੱਝੇ ਹੋਏ ਸਨ, ਕੁਝ ਦੇਸ਼ਾਂ ਵਿੱਚ ਨਵਾਂ ਸਾਲ ਚੜ੍ਹ ਵੀ ਚੁੱਕਾ ਸੀ, ਓਦੋਂ ਯੂਰਪ ਤੇ ਏਸ਼ੀਆ ਦੀ ਹੱਦ ਉੱਤੇ ਪੈਂਦੇ ਦੇਸ਼ ਤੁਰਕੀ ਵਿੱਚ ਇੱਕ ਕਤਲ-ਕਾਂਡ ਹੋਰ ਵਾਪਰ ਗਿਆ। ਤੁਰਕੀ ਲਈ ਬੀਤਿਆ ਸਾਲ ਇਹੋ ਜਿਹੇ ਕਈ ਦੁਖਾਂਤ ਪੱਲੇ ਪਾ ਕੇ ਗਿਆ ਹੈ ਤੇ ਜਾਂਦਾ-ਜਾਂਦਾ ਵੀ ਚਾਲੀ ਦੇ ਕਰੀਬ ਇਨਸਾਨਾਂ ਦੀ ਮੌਤ ਦਾ ਕਾਰਨ ਬਣ ਗਿਆ ਹੈ।
ਪਿਛਲੇ ਦਿਨਾਂ ਵਿੱਚ ਇਹੋ ਜਿਹੀ ਚੇਤਾਵਨੀ ਕਈ ਵਾਰੀ ਦਿੱਤੀ ਗਈ ਸੀ ਕਿ ਕਿਸੇ ਵੀ ਵਕਤ ਕਿਸੇ ਵੀ ਦੇਸ਼ ਵਿੱਚ ਕੁਝ ਮਾੜਾ ਵਾਪਰ ਸਕਦਾ ਹੈ ਤੇ ਇਸ ਬਾਰੇ ਸੁਚੇਤ ਰਹਿਣ ਦੀ ਲੋੜ ਹੈ। ਹਾਲੇ ਇੱਕ ਹਫਤਾ ਪਹਿਲਾਂ ਜਰਮਨੀ ਵਿੱਚ ਜਦੋਂ ਕ੍ਰਿਸਮਸ ਬਾਜ਼ਾਰ ਵਿੱਚ ਟਰੱਕ ਵਾੜ ਕੇ ਕਈ ਲੋਕਾਂ ਨੂੰ ਮਾਰ ਦੇਣ ਦੀ ਘਟਨਾ ਵਾਪਰੀ ਤੇ ਫਿਰ ਉਸ ਦਾ ਮੁੱਖ ਦੋਸ਼ੀ ਇਟਲੀ ਵਿੱਚ ਪੁਲਸ ਦੇ ਹੱਥੋਂ ਮਾਰਿਆ ਗਿਆ ਸੀ, ਉਸ ਤੋਂ ਇਹ ਖ਼ਤਰਾ ਵਧ ਗਿਆ ਜਾਪਦਾ ਸੀ। ਹਾਲੇ ਕੁਝ ਦਿਨ ਹੋਏ ਸਨ, ਜਦੋਂ ਤੁਰਕੀ ਵਿੱਚ ਰੂਸ ਦਾ ਰਾਜਦੂਤ ਇੱਕ ਸਮਾਗਮ ਵਿੱਚ ਭਾਸ਼ਣ ਦੇਂਦਾ ਹੋਇਆ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਅਤੇ ਕਾਤਲ ਨੇ ਭੱਜਣ ਦੀ ਥਾਂ ਇਸ ਤੋਂ ਬਾਅਦ ਵੀ ਹਮਲੇ ਕਰਨ ਦੀ ਗੱਲ ਕਹੀ ਸੀ। ਯੂਰਪ ਦੇ ਦੇਸ਼ਾਂ ਵਿੱਚ ਪਿਛਲੇ ਕੁਝ ਸਮੇਂ ਤੋਂ ਕਾਫ਼ੀ ਸਾਰੀਆਂ ਦਹਿਸ਼ਤਗਰਦ ਵਾਰਦਾਤਾਂ ਹੋਈਆਂ ਸਨ ਤੇ ਤੁਰਕੀ ਵਿੱਚ ਤਾਂ ਪਿਛਲਾ ਸਾਲ ਕਾਫ਼ੀ ਸਾਰੇ ਵੱਡੇ ਜ਼ਖਮ ਦੇ ਕੇ ਗਿਆ ਸੀ। ਉਸ ਦੇਸ਼ ਦੇ ਇਸਤਾਂਬੁਲ ਵਿੱਚ ਜੋ ਕੁਝ ਵਾਪਰ ਚੁੱਕਾ ਸੀ, ਉਸ ਤੋਂ ਵੀ ਓਥੋਂ ਦੇ ਲੋਕ ਹਾਲੇ ਤੱਕ ਦੁਖੀ ਸਨ। ਇਸ ਲਈ ਚੌਕਸੀ ਦੀ ਲੋੜ ਬਹੁਤ ਜ਼ਿਆਦਾ ਸੀ। ਲੱਗਦਾ ਹੈ ਕਿ ਚੌਕਸ ਰਹਿਣ ਦੀਆਂ ਸਾਰੀਆਂ ਚੇਤਾਵਨੀਆਂ ਧਰੀਆਂ ਰਹਿ ਗਈਆਂ ਤੇ ਦੁਖਾਂਤ ਵਾਪਰ ਗਿਆ ਹੈ।
ਜਾਂਦੇ ਸਾਲ ਦੀ ਆਖਰੀ ਰਾਤ ਨੂੰ ਤੁਰਕੀ ਦੇ ਜਿਸ ਸਾਰਿਆਂ ਤੋਂ ਵੱਡੇ ਸ਼ਹਿਰ ਇਸਤਾਂਬੁਲ ਵਿੱਚ ਏਡਾ ਕਹਿਰ ਵਾਪਰਿਆ ਹੈ, ਪਿਛਲੇ ਸਾਲ ਮਾਰਚ ਵਿੱਚ ਵੀ ਓਸੇ ਸ਼ਹਿਰ ਵਿੱਚ ਵੱਡਾ ਦਹਿਸ਼ਤਗਰਦ ਹਮਲਾ ਹੋਇਆ ਸੀ। ਓਦੋਂ ਇਸ ਸ਼ਹਿਰ ਦੇ ਅਤਾਤੁਰਕ ਹਵਾਈ ਅੱਡੇ ਉੱਤੇ ਬੰਬਾਂ ਅਤੇ ਆਟੋਮੈਟਿਕ ਹਥਿਆਰਾਂ ਨਾਲ ਲੈਸ ਦਹਿਸ਼ਤਗਰਦਾਂ ਨੇ ਅਚਾਨਕ ਹਮਲਾ ਕਰ ਕੇ ਚਾਲੀ ਤੋਂ ਵੱਧ ਲੋਕ ਮਾਰ ਦਿੱਤੇ ਸਨ। ਇਸ ਦੇਸ਼ ਵਿੱਚ ਉਸ ਦੇ ਬਾਅਦ ਵੀ ਕਈ ਮੌਕਿਆਂ ਉੱਤੇ ਦਹਿਸ਼ਤਗਰਦਾਂ ਨੇ ਬੇਗੁਨਾਹ ਲੋਕਾਂ ਦਾ ਖ਼ੂਨ ਵਗਾਇਆ ਸੀ ਤੇ ਹਰ ਵਾਰੀ ਬਚਾਅ ਦੇ ਸਾਰੇ ਪ੍ਰਬੰਧ ਕੀਤੇ ਹੋਏ ਰਹਿ ਜਾਂਦੇ ਰਹੇ ਸਨ। ਕਾਰਨ ਇਹ ਸੀ ਕਿ ਕਾਤਲ ਹਰ ਵਾਰੀ ਨਵਾਂ ਦਾਅ ਵਰਤਦੇ ਸਨ। ਕੱਲ੍ਹ ਦੇ ਕਤਲੇਆਮ ਲਈ ਜਦੋਂ ਉਸ ਸਾਲ ਦੀ ਆਖਰੀ ਰਾਤ ਉਨ੍ਹਾਂ ਨੇ ਚਾਲੀ ਦੇ ਕਰੀਬ ਲੋਕਾਂ ਨੂੰ ਮਾਰਿਆ ਤਾਂ ਸਾਂਤਾ ਕਲਾਜ਼ ਦੇ ਭੇਸ ਬਣਾ ਕੇ ਆਏ ਸਨ, ਕਿਉਂਕਿ ਸਾਂਤਾ ਕਲਾਜ਼ ਦਾ ਹਰ ਥਾਂ ਸਵਾਗਤ ਕੀਤਾ ਜਾਂਦਾ ਹੈ ਤੇ ਸ਼ੱਕ ਨਹੀਂ ਕੀਤਾ ਜਾਂਦਾ।
ਅਮਰੀਕਾ ਅਤੇ ਹੋਰ ਬਹੁਤ ਸਾਰੇ ਦੇਸ਼ਾਂ, ਜਿਹੜੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਦਾ ਬਹੁਤ ਵੱਡਾ ਫ਼ਿਕਰ ਕਰਨ ਵਾਲੇ ਮੰਨੇ ਜਾਂਦੇ ਹਨ, ਨੇ ਆਪਣੇ ਨਾਗਰਿਕਾਂ ਨੂੰ ਨਵੇਂ ਸਾਲ ਤੋਂ ਪਹਿਲਾਂ ਕੁਝ ਦੇਸ਼ਾਂ ਵਿੱਚ ਜਾਣ ਬਾਰੇ ਪ੍ਰਹੇਜ਼ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਸਨ। ਤੁਰਕੀ ਉਨ੍ਹਾਂ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਸੀ। ਯੂਰਪ ਤੇ ਏਸ਼ੀਆ ਦੇ ਕਈ ਹੋਰ ਵੀ ਦੇਸ਼ ਇਸ ਸੂਚੀ ਵਿੱਚ ਸਨ, ਜਿਨ੍ਹਾਂ ਵਿੱਚ ਭਾਰਤ ਬਾਰੇ ਵੀ ਕੁਝ ਦੇਸ਼ਾਂ ਨੇ ਇਹੋ ਜਿਹੀ ਚੇਤਾਵਨੀ ਜਾਰੀ ਕੀਤੀ ਸੀ। ਖ਼ੁਦ ਭਾਰਤ ਨੇ ਵੀ ਇਸ ਤਰ੍ਹਾਂ ਦੀਆਂ ਕੁਝ ਹਦਾਇਤਾਂ ਆਪਣੇ ਨਾਗਰਿਕਾਂ ਨੂੰ ਦਿੱਤੀਆਂ ਸਨ। ਫਿਰ ਵੀ ਮਨੁੱਖੀ ਫਿਤਰਤ ਹੈ ਕਿ ਜਦੋਂ ਲੋਕ ਖੁਸ਼ੀ ਵਾਲੇ ਮੂਡ ਵਿੱਚ ਹੁੰਦੇ ਹਨ ਤਾਂ ਚੌਕਸੀ ਅਤੇ ਚੇਤਾਵਨੀਆਂ ਦਾ ਚੇਤਾ ਭੁਲਾ ਦਿੱਤਾ ਜਾਂਦਾ ਹੈ। ਬਹੁਤੇ ਥਾਂਈਂ ਏਦਾਂ ਦੇ ਕਤਲ-ਕਾਂਡ ਖੁਸ਼ੀ ਦੇ ਮੌਕਿਆਂ ਉੱਤੇ ਹੀ ਵਾਪਰੇ ਹਨ। ਅਮਰੀਕਾ ਦੇ ਇੱਕ ਕਲੱਬ ਵਿੱਚ ਪਿਛਲੇ ਸਾਲ ਏਦਾਂ ਦਾ ਵੱਡਾ ਕਾਂਡ ਹੋਇਆ ਸੀ ਤੇ ਬੰਗਲਾ ਦੇਸ਼ ਵਿੱਚ ਵੀ ਹੋਇਆ ਸੀ। ਫਰਾਂਸ ਦੇ ਇੱਕ ਖ਼ਾਸ ਉਤਸਵ ਦੌਰਾਨ ਲੋਕ ਜਦੋਂ ਖੁਸ਼ੀ ਮਨਾ ਰਹੇ ਸਨ ਤਾਂ ਦਹਿਸ਼ਤਗਰਦਾਂ ਨੇ ਉਨ੍ਹਾਂ ਉੱਤੇ ਟਰਾਲਾ ਲਿਆ ਕੇ ਚਾੜ੍ਹ ਦਿੱਤਾ ਸੀ ਤੇ ਫਿਰ ਓਸੇ ਢੰਗ ਨਾਲ ਜਰਮਨੀ ਵਿੱਚ ਕ੍ਰਿਸਮਸ ਬਾਜ਼ਾਰ ਵਿੱਚ ਕਰ ਗਏ ਸਨ।
ਸੰਸਾਰ ਇਸ ਵਕਤ ਦਹਿਸ਼ਤਗਰਦੀ ਦਾ ਸਾਹਮਣਾ ਕਰ ਰਿਹਾ ਹੈ। ਦਹਿਸ਼ਤਗਰਦ ਆਪਣੇ ਨਿਸ਼ਾਨੇ ਦੇ ਪੱਖੋਂ ਸਪੱਸ਼ਟ ਹਨ, ਪਰ ਦਹਿਸ਼ਤਗਰਦੀ ਦਾ ਰਾਹ ਰੋਕਣ ਲਈ ਸੰਸਾਰ ਦੀਆਂ ਤਾਕਤਾਂ ਵਿੱਚ ਇੱਕ ਰਾਏ ਬਣਨ ਦੇ ਪੱਖੋਂ ਕਮਜ਼ੋਰੀ ਬੜੀ ਸਾਫ਼ ਨਜ਼ਰ ਆਉਂਦੀ ਹੈ। ਇਹੋ ਜਿਹੇ ਨਾਜ਼ਕ ਫਰਜ਼ ਵਿੱਚ ਵੀ ਕੁਝ ਤਾਕਤਾਂ ਆਪਣੀ ਕੂਟਨੀਤੀ ਦੇ ਦਾਅ ਵਰਤਣੇ ਨਹੀਂ ਛੱਡ ਰਹੀਆਂ। ਅਮਰੀਕਾ ਤੋਂ ਲੈ ਕੇ ਚੀਨ ਤੱਕ ਸਾਰੇ ਇਹੋ ਕੁਝ ਕਰਦੇ ਹਨ। ਆਪਣੇ ਦੇਸ਼ ਦਾ ਕੋਈ ਵੀ ਕਾਂਡ ਉਨ੍ਹਾਂ ਲਈ ਦਹਿਸ਼ਤਗਰਦੀ ਦੀ ਵਾਰਦਾਤ ਹੁੰਦਾ ਹੈ ਤੇ ਦੂਸਰੇ ਦੇਸ਼ਾਂ ਵਿੱਚ ਇਸ ਤਰ੍ਹਾਂ ਹੁੰਦਾ ਹੋਵੇ ਤਾਂ ਉਨ੍ਹਾਂ ਨੂੰ ਇੱਕ ਜਾਂ ਦੂਸਰੇ ਭਾਈਚਾਰੇ ਦੇ ਲੋਕਾਂ ਦਾ ਕੁਝ ਮੰਗਾਂ ਵਾਸਤੇ ਸੰਘਰਸ਼ ਹੁੰਦਾ ਨਜ਼ਰ ਆਉਂਦਾ ਹੈ।
ਗੁਜ਼ਰਦੇ ਸਾਲ ਦੇ ਨਾਲ ਤੁਰਕੀ ਦੇ ਇਸਤਾਂਬੁਲ ਵਿੱਚ ਵਾਪਰੀ ਦਹਿਸ਼ਤਗਰਦੀ ਦੀ ਵੱਡੀ ਵਾਰਦਤ ਦੇ ਨਾਲ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਚਲਾਉਣ ਵਾਲਿਆਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਇਸ ਵਰਤਾਰੇ ਵਿਰੁੱਧ ਇੱਕ-ਸਾਰ ਮੋਰਚਾਬੰਦੀ ਦੇ ਬਿਨਾਂ ਕੋਈ ਰਾਹ ਨਹੀਂ ਰਹਿ ਗਿਆ। ਇਸ ਵਿੱਚ ਕਿਸੇ ਧਿਰ ਨੂੰ ਵੀ ਕੂਟਨੀਤਕ ਪੱਖੋਂ ਪੈਂਤੜੇਬਾਜ਼ੀ ਨਹੀਂ ਕਰਨੀ ਚਾਹੀਦੀ। ਮਨੁੱਖੀ ਹਿੱਤਾਂ ਨੂੰ ਹੀ ਪਹਿਲ ਦੇਣੀ ਪਵੇਗੀ। ਦਹਿਸ਼ਤਗਰਦੀ ਦਾ ਖਿਲਾਰਾ ਹੁਣ ਤੱਕ ਜਿਹੜੀਆਂ ਗ਼ਲਤੀਆਂ ਦੇ ਕਾਰਨ ਲਗਾਤਾਰ ਵਧਦਾ ਗਿਆ ਹੈ, ਉਨ੍ਹਾਂ ਨੂੰ ਦੁਹਰਾਉਣ ਤੋਂ ਸਾਰਿਆਂ ਨੂੰ ਹੀ ਤੌਬਾ ਕਰਦੇ ਹੋਏ ਸਿਰਫ਼ ਅਤੇ ਸਿਰਫ਼ ਦਹਿਸ਼ਤਗਰਦੀ ਦੇ ਖ਼ਾਤਮੇ ਲਈ ਲੱਕ ਬੰਨ੍ਹਣ ਦੀ ਲੋੜ ਹੈ।