ਸੱਤਾ ਪ੍ਰਾਪਤੀ ਦੀ ਹਾਬੜ


ਉਂਜ ਤਾਂ ਸੰਸਾਰ ਭਰ ਵਿੱਚ ਸੱਤਾ ਦੀ ਦੌੜ ਵਿੱਚ ਸਭ ਕੁਝ ਠੀਕ ਸਮਝਿਆ ਜਾਂਦਾ ਹੈ, ਪਰ ਕੁਝ ਦੇਸ਼ਾਂ ਵਿੱਚ ਇਹ ਦੌੜ ਸਾਰੇ ਹੱਦਾਂ-ਬੰਨੇ ਟੱਪ ਰਹੀ ਦਿਖਾਈ ਦੇਂਦੀ ਹੈ। ਸੱਤਾ ਦੀ ਇਸ ਹਾਬੜ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ ਭਾਰਤ। ਬੀਤੇ ਹਫਤੇ ਦੌਰਾਨ ਸੱਤਾ ਦੀ ਹਾਬੜ ਨੇ ਭਾਰਤ ਵਿੱਚ ਦੋ ਹੋਰ ਤਮਾਸ਼ੇ ਵਿਖਾਏ ਹਨ। ਪਹਿਲਾ ਭਾਰਤ ਦੇ ਉੱਤਰ-ਪੂਰਬੀ ਰਾਜ ਅਰੁਣਾਚਲ ਪ੍ਰਦੇਸ਼ ਵਿੱਚ ਹੋਇਆ ਹੈ। ਦੂਸਰਾ ਕਾਂਡ ਉੱਤਰ ਪ੍ਰਦੇਸ਼ ਵਿੱਚ ਹੋ ਗਿਆ ਹੈ।
ਅਰੁਣਾਚਲ ਪ੍ਰਦੇਸ਼ ਸਾਡੇ ਦੇਸ਼ ਦਾ ਉਹ ਸੰਵੇਦਨਸ਼ੀਲ ਰਾਜ ਹੈ, ਜਿਸ ਦੇ ਇੱਕ ਹਿੱਸੇ ਨੂੰ ਭਾਰਤ ਨਾਲ ਹੱਦਾਂ ਦਾ ਝਗੜਾ ਪਾਈ ਬੈਠਾ ਚੀਨ ਹੁਣ ਤੱਕ ਆਪਣਾ ਇਲਾਕਾ ਆਖ ਕੇ ਕਈ ਵਾਰੀ ਵਿਵਾਦ ਛੇੜ ਚੁੱਕਾ ਹੈ। ਇਹੋ ਜਿਹੇ ਹਾਲਾਤ ਵਾਲੇ ਰਾਜ ਵਿੱਚ ਹਰ ਕਦਮ ਸੋਚ ਕੇ ਚੁੱਕਣ ਦੀ ਲੋੜ ਹੁੰਦੀ ਹੈ, ਪਰ ਦੇਸ਼ ਦੀ ਕੇਂਦਰ ਸਰਕਾਰ ਚਲਾ ਰਹੀ ਭਾਜਪਾ ਦੀ ਲੀਡਰਸ਼ਿਪ ਨੇ ਪਿਛਲੇ ਡੇਢ ਸਾਲ ਤੋਂ ਹਾਲਾਤ ਅਸਥਿਰਤਾ ਵਾਲੇ ਬਣਾਏ ਪਏ ਹਨ। ਪਹਿਲਾਂ ਕਾਂਗਰਸੀ ਮੁੱਖ ਮੰਤਰੀ ਦੀ ਸਰਕਾਰ ਨੂੰ ਜਿਵੇਂ ਉਲਟਾਇਆ ਗਿਆ, ਉਸ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਵੀ ਕੇਂਦਰ ਦੀ ਬਹੁਤ ਬੇਇੱਜ਼ਤੀ ਹੋਈ ਤੇ ਉਹ ਸਰਕਾਰ ਬਹਾਲ ਕਰਨੀ ਪਈ ਸੀ। ਫਿਰ ਕਾਂਗਰਸ ਪਾਰਟੀ ਨੇ ਜਦੋਂ ਮੁੱਖ ਮੰਤਰੀ ਨੂੰ ਬਦਲ ਕੇ ਰਾਜ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਭਾਜਪਾ ਦੇ ਇਸ਼ਾਰੇ ਉੱਤੇ ਦਲਬਦਲੀ ਕਰਵਾ ਕੇ ਨਵੀਂ ਪਾਰਟੀ ਦਾ ਗਠਨ ਕੀਤਾ ਗਿਆ ਤੇ ਉਸ ਦੇ ਰਾਹੀਂ ਕੇਂਦਰ ਨੇ ਸਰਕਾਰ ਚਲਾਉਣ ਦਾ ਯਤਨ ਕੀਤਾ। ਭਾਜਪਾ ਦੇ ਆਖੇ ਲੱਗ ਕੇ ਬਣਾਈ ਗਈ ਪਾਰਟੀ ਦੀ ਬਹੁ-ਸੰਮਤੀ ਨੇ ਜਦੋਂ ਮੁੱਖ ਮੰਤਰੀ ਪੇਮਾ ਖਾਂਡੂ ਨੂੰ ਬਹੁ-ਗਿਣਤੀ ਨਾਲ ਪਾਰਟੀ ਤੋਂ ਕੱਢਣ ਦਾ ਐਲਾਨ ਕਰ ਕੇ ਨਵਾਂ ਮੁੱਖ ਮੰਤਰੀ ਚੁਣ ਲਿਆ ਤਾਂ ਭਾਜਪਾ ਨੇ ਉਸ ਪਾਰਟੀ ਵਿੱਚ ਪਾਟਕ ਪਾ ਕੇ ਕੁਝ ਮੈਂਬਰਾਂ ਨੂੰ ਸਿੱਧਾ ਆਪਣੇ ਵਿੱਚ ਸ਼ਾਮਲ ਕੀਤਾ ਤੇ ਚਹੇਤਾ ਮੁੱਖ ਮੰਤਰੀ ਪੇਮਾ ਖਾਂਡੂ ਕਾਇਮ ਰੱਖ ਲਿਆ। ਅਰੁਣਾਚਲ ਪ੍ਰਦੇਸ਼ ਇਸ ਵਕਤ ਭਾਜਪਾ ਸਰਕਾਰ ਵਾਲਾ ਦਸਵਾਂ ਰਾਜ ਹੈ, ਪਰ ਓਥੇ ਸਥਿਰਤਾ ਦੀ ਗਾਰੰਟੀ ਨਹੀਂ ਰਹੀ।
ਦੂਸਰਾ ਮਾਮਲਾ ਉੱਤਰ ਪ੍ਰਦੇਸ਼ ਦਾ ਹੈ। ਓਥੇ ਮੁੱਖ ਮੰਤਰੀ ਅਖਿਲੇਸ਼ ਸਿੰਘ ਯਾਦਵ ਦਾ ਆਪਣੇ ਪਿਤਾ ਅਤੇ ਸਮਾਜਵਾਦੀ ਪਾਰਟੀ ਦੇ ਕੌਮੀ ਪ੍ਰਧਾਨ ਮੁਲਾਇਮ ਸਿੰਘ ਯਾਦਵ ਨਾਲ ਮੋਰਚਾ ਲੱਗਾ ਪਿਆ ਹੈ। ਪਹਿਲਾਂ ਅਖਿਲੇਸ਼ ਨੂੰ ਉਸ ਦੇ ਪਿਤਾ ਤੇ ਚਾਚੇ ਸ਼ਿਵਪਾਲ ਸਿੰਘ ਯਾਦਵ ਨੇ ਪਾਰਟੀ ਵਿੱਚੋਂ ਛੇ ਸਾਲ ਲਈ ਕੱਢ ਦਿੱਤਾ ਸੀ। ਉਸ ਦੇ ਨਾਲ ਹੀ ਪਾਰਲੀਮੈਂਟ ਦੇ ਉਤਲੇ ਸਦਨ ਵਿੱਚ ਪਾਰਟੀ ਦੇ ਆਗੂ ਰਾਮਗੋਪਾਲ ਯਾਦਵ ਨੂੰ ਵੀ ਕੱਢ ਦਿੱਤਾ। ਪਾਰਟੀ ਵਿਧਾਇਕਾਂ ਵਿੱਚੋਂ ਅੱਸੀ ਫ਼ੀਸਦੀ ਅਖਿਲੇਸ਼ ਸਿੰਘ ਨਾਲ ਹੋ ਗਏ ਤੇ ਮੁਲਾਇਮ ਸਿੰਘ ਨਾਲ ਪੰਜਵਾਂ ਹਿੱਸਾ ਵੀ ਨਾ ਰਿਹਾ। ਇਸ ਦੇ ਬਾਅਦ ਮੁਲਾਇਮ ਸਿੰਘ ਨੇ ਅਖਿਲੇਸ਼ ਅਤੇ ਰਾਮਗੋਪਾਲ ਯਾਦਵ ਦੋਵਾਂ ਨੂੰ ਫਿਰ ਪਾਰਟੀ ਵਿੱਚ ਲੈ ਲਿਆ। ਉਹ ਦੋਵੇਂ ਇਸ ਨਾਲ ਪਤਿਆਏ ਨਹੀਂ ਸੀ ਜਾ ਸਕੇ ਤੇ ਅਗਲੇ ਦਿਨ ਉਨ੍ਹਾਂ ਨੇ ਇੱਕ ਕੌਮੀ ਸਮਾਗਮ ਕਰ ਕੇ ਮੁਲਾਇਮ ਸਿੰਘ ਨੂੰ ਪਾਰਟੀ ਦੇ ਕੌਮੀ ਪ੍ਰਧਾਨ ਦੇ ਅਹੁਦੇ ਤੋਂ ਲਾਹ ਕੇ ਅਖਿਲੇਸ਼ ਨੂੰ ਕਮਾਨ ਸੌਂਪ ਦਿੱਤੀ। ਇਹੋ ਨਹੀਂ, ਸਮਾਗਮ ਪਿੱਛੋਂ ਉਹ ਸਮਾਜਵਾਦੀ ਪਾਰਟੀ ਦੇ ਕੌਮੀ ਦਫ਼ਤਰ ਗਏ ਤੇ ਓਥੇ ਜਾ ਕੇ ਅਖਿਲੇਸ਼ ਸਿੰਘ ਨੇ ਪਾਰਟੀ ਦੀ ਅਗਵਾਈ ਸੰਭਾਲ ਲੈਣ ਦੀ ਰਸਮ ਵੀ ਨਿਭਾ ਦਿੱਤੀ ਤੇ ਪਾਰਟੀ ਦੇ ਸੂਬਾ ਪ੍ਰਧਾਨ ਸ਼ਿਵਪਾਲ ਨੂੰ ਵੀ ਬਰਖਾਸਤ ਕਰ ਦਿੱਤਾ।
ਹੁਣ ਉਸ ਰਾਜ ਵਿੱਚ ਸਰਕਾਰ ਚਲਾ ਰਹੀ ਪਾਰਟੀ ਦਾ ਮੋਹਰੀ ਪਰਵਾਰ ਪਾਟ ਚੁੱਕਾ ਹੈ ਤੇ ਮੁਲਾਇਮ ਸਿੰਘ ਤੇ ਉਸ ਦੇ ਪੁੱਤਰ ਅਖਿਲੇਸ਼ ਵਿੱਚ ਪਾਰਟੀ ਦਾ ਚੋਣ ਨਿਸ਼ਾਨ ਸੰਭਾਲਣ ਦੀ ਜੰਗ ਵੀ ਛਿੜ ਗਈ ਹੈ। ਚੋਣ ਕਮਿਸ਼ਨ ਕੋਲ ਦਾਅਵਾ ਦੋਵਾਂ ਧਿਰਾਂ ਨੇ ਕਰ ਦਿੱਤਾ ਹੈ ਤੇ ਕਾਨੂੰਨੀ ਮਾਹਰਾਂ ਨਾਲ ਸਲਾਹ-ਮਸ਼ਵਰੇ ਦੇ ਦੌਰਾਨ ਭਾਜਪਾ ਦੇ ਆਗੂ ਵੀ ਸਰਗਰਮ ਹੋ ਗਏ ਹਨ। ਦੂਸਰੇ ਪਾਸੇ ਕਾਂਗਰਸ ਦਾ ਇੱਕ ਹਿੱਸਾ ਪਹਿਲਾਂ ਹੀ ਸਮਾਜਵਾਦੀ ਪਾਰਟੀ ਨਾਲ ਰਾਜਸੀ ਸਾਂਝ ਦਾ ਪੱਖ ਲੈ ਰਿਹਾ ਸੀ ਤੇ ਉਸ ਦੇ ਰਾਹੀਂ ਕਾਂਗਰਸ ਇਹ ਸੰਕੇਤ ਦੇਂਦੀ ਪਈ ਹੈ ਕਿ ਜੇ ਅਖਿਲੇਸ਼ ਸਰਕਾਰ ਦੀ ਕਾਇਮੀ ਲਈ ਲੋੜ ਜਾਪਦੀ ਹੋਈ ਤਾਂ ਉਸ ਦੀ ਹਮਾਇਤ ਕੀਤੀ ਜਾਵੇਗੀ। ਹੁਣੇ-ਹੁਣੇ ਅਰੁਣਾਚਲ ਪ੍ਰਦੇਸ਼ ਦਾ ਰਾਜ ਦਲ-ਬਦਲੀ ਨਾਲ ਆਪਣੀ ਜੇਬ ਵਿੱਚ ਪਾ ਕੇ ਵਿਹਲੀ ਹੋਈ ਭਾਜਪਾ ਦੀ ਲੀਡਰਸ਼ਿਪ ਨੇ ਕਾਂਗਰਸ ਉੱਤੇ ਇਹ ਦੋਸ਼ ਭਾਵੇਂ ਲਾ ਦਿੱਤਾ ਹੈ ਕਿ ਉਹ ਸਮਾਜਵਾਦੀ ਪਾਰਟੀ ਵਿੱਚ ਪਾਟਕ ਪਾ ਰਹੀ ਹੈ, ਅਸਲ ਵਿੱਚ ਉਹ ਵੀ ਇਹੋ ਕੁਝ ਕਰ ਰਹੀ ਹੈ। ਦੋਵਾਂ ਪਾਰਟੀਆਂ ਦੀ ਅੱਖ ਇਸ ਸੰਕਟ ਦਾ ਲਾਭ ਲੈਣ ਵੱਲ ਲੱਗੀ ਹੋਈ ਹੈ। ਇਸ ਦਾ ਕਾਰਨ ਇਹ ਹੈ ਕਿ ਪ੍ਰਧਾਨ ਮੰਤਰੀ ਉਸ ਪਾਰਟੀ ਦਾ ਬਣਨਾ ਹੁੰਦਾ ਹੈ, ਜਿਸ ਨੂੰ ਪਾਰਲੀਮੈਂਟ ਵਿੱਚ ਦੋ ਸੌ ਬਹੱਤਰ ਮੈਂਬਰਾਂ ਦਾ ਸਮੱਰਥਨ ਮਿਲ ਸਕਦਾ ਹੋਵੇ ਅਤੇ ਇਸ ਰਾਜ ਇਕੱਲੇ ਵਿੱਚ ਅੱਸੀ ਸੀਟਾਂ ਹੋਣ ਕਰ ਕੇ ਰਾਜਸੀ ਅਹਿਮੀਅਤ ਵੱਧ ਹੈ।
ਜਿਹੜੀਆਂ ਗਿਣਤੀਆਂ ਇਹ ਰਾਜਸੀ ਪਾਰਟੀਆਂ ਕਰ ਰਹੀਆਂ ਹਨ, ਦੇਸ਼ ਦੇ ਲੋਕਾਂ ਨੂੰ ਉਨ੍ਹਾਂ ਨਾਲੋਂ ਜ਼ਿਆਦਾ ਚਿੰਤਾ ਆਪਣੇ ਦੇਸ਼ ਦੇ ਹਿੱਤਾਂ ਦੀ ਹੈ। ਇਸ ਵਕਤ ਦੇਸ਼ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਹਿਸ਼ਤਗਰਦੀ ਉਨਾਂ ਵਿੱਚੋਂ ਪ੍ਰਮੁੱਖ ਹੈ। ਜਿਹੜੇ ਵੀ ਦੇਸ਼ ਵਿੱਚ ਇਸ ਤਰ੍ਹਾਂ ਦੀ ਰਾਜਸੀ ਅਸਥਿਰਤਾ ਦਾ ਮਾਹੌਲ ਬਣਦਾ ਹੈ, ਉਸ ਵਿੱਚ ਦਹਿਸ਼ਤਗਰਦੀ ਸਮੇਤ ਹਰ ਕਿਸਮ ਦੇ ਅਪਰਾਧਾਂ ਲਈ ਹਾਲਾਤ ਏਨੇ ਸਾਜ਼ਗਾਰ ਹੋ ਜਾਂਦੇ ਹਨ ਕਿ ਫਿਰ ਉਨ੍ਹਾਂ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਕਰਦੇ ਲੀਡਰ ਤੇ ਭਰਦੇ ਲੋਕ ਹਨ। ਭਾਰਤ ਵਿੱਚ ਜਿੱਦਾਂ ਦੇ ਹਾਲਾਤ ਇਸ ਵਕਤ ਬਣਦੇ ਜਾ ਰਹੇ ਹਨ, ਇਹ ਚੰਗੇ ਨਹੀਂ ਕਹੇ ਜਾ ਸਕਦੇ। ਰਾਜਸੀ ਪਾਰਟੀਆਂ ਨੂੰ ਇਸ ਮੌਕੇ ਆਪਣੇ ਤੰਗਨਜ਼ਰ ਲਾਭਾਂ ਤੋਂ ਉੱਪਰ ਉੱਠ ਕੇ ਦੇਸ਼ ਨੂੰ ਦਰਪੇਸ਼ ਸਮੱਸਿਆਵਾਂ ਵੱਲ ਵੇਖਣਾ ਤੇ ਇਸ ਨਾਲ ਟੱਕਰ ਲੈਣ ਲਈ ਸਹਿਮਤੀ ਦੇ ਰਾਹ ਲੱਭਣੇ ਚਾਹੀਦੇ ਹਨ। ਸੱਤਾ ਦੀ ਏਨੀ ਹਾਬੜ ਚੰਗੀ ਨਹੀਂ।