ਕਾਮਰੇਡ ਗੁਰਪਾਲ ਫਤਿਹਪੁਰ ਨੂੰ ਸ਼ਰਧਾਂਜਲੀਆਂ


ਸ਼ਾਹਕੋਟ (ਗਿਆਨ ਸੈਦਪੁਰੀ)
ਕਾਮਰੇਡ ਗੁਰਪਾਲ ਸਿੰਘ ਫਤਿਹਪੁਰ ਨੂੰ ਵੱਖ-ਵੱਖ ਆਗੂਆਂ ਵੱਲੋਂ ਭਰਪੂਰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਸੀ ਪੀ ਆਈ ਜ਼ਿਲ੍ਹਾ ਜਲੰਧਰ ਦੇ ਐਗਜ਼ੈਕਟਿਵ ਮੈਂਬਰ ਅਤੇ ਕਿਸਾਨ ਆਗੂ ਕਾਮਰੇਡ ਗੁਰਪਾਲ ਸਿੰਘ ਲੰਘੀ 26 ਦਸੰਬਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ।
'ਨਵਾਂ ਜ਼ਮਾਨਾ' ਦੇ ਸੰਪਾਦਕ ਕਾਮਰੇਡ ਜਤਿੰਦਰ ਪਨੂੰ ਨੇ ਸ਼ਰਧਾਂਜਲੀ ਭੇਟ ਕਰਦਿਆਂ ਜਿੱਥੇ ਗੁਰਪਾਲ ਸਿੰਘ ਫਤਿਹਪੁਰ ਨਾਲ ਜੁੜੀਆਂ ਨਿੱਜੀ ਯਾਦਾਂ ਨੂੰ ਤਾਜ਼ਾ ਕੀਤਾ, ਉਥੇ ਉਨ੍ਹਾਂ (ਗੁਰਪਾਲ ਸਿੰਘ) ਵੱਲੋਂ ਹਲਵਾਹਕਾਂ ਦੇ ਹੱਕਾਂ ਲਈ ਚੱਲੀ ਲਹਿਰ ਵਿੱਚ ਪਾਏ ਵੱਡਮੁੱਲੇ ਯੋਗਦਾਨ ਦਾ ਜ਼ਿਕਰ ਕਰਦਿਆਂ ਕਾਮਰੇਡ ਫਤਿਹਪੁਰ ਨੂੰ ਮਿਸਾਲੀ ਕਮਿਊਨਿਸਟ ਆਗੂ ਦੱਸਿਆ। ਕਾਮਰੇਡ ਪਨੂੰ ਨੇ 'ਨਵਾਂ ਜ਼ਮਾਨਾ' ਪਰਵਾਰ ਅਤੇ ਕਮਿਊਨਿਸਟ ਪਾਰਟੀ ਵੱਲੋਂ ਫਤਿਹਪੁਰ ਪਰਵਾਰ ਨੂੰ ਭਰੋਸਾ ਦਿਵਾਇਆ ਅਤੇ ਹਰ ਸੁੱਖ-ਦੁੱਖ ਦੀ ਘੜੀ ਵਿੱਚ ਪਹਿਲਾਂ ਵਾਂਗ ਹੀ ਸਾਥ ਰਹੇਗਾ। ਪਨੂੰ ਹੋਰਾਂ ਤੋਂ ਇਲਾਵਾ ਸੀ. ਪੀ. ਆਈ. Êਪੰਜਾਬ ਦੇ ਸਕੱਤਰ ਕਾਮਰੇਡ ਹਰਦੇਵ ਸਿੰਘ ਅਰਸ਼ੀ ਅਤੇ 'ਨਵਾਂ ਜ਼ਮਾਨਾ' ਟਰੱਸਟ ਦੇ ਸਕੱਤਰ ਕਾਮਰੇਡ ਗੁਰਮੀਤ ਸਿੰਘ ਸ਼ੁਗਲੀ ਵੱਲੋਂ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਸੀਨੀਅਰ ਕਮਿਊਨਿਸਟ ਆਗੂ ਕਾਮਰੇਡ ਸੂਰਜ ਸਿੰਘ ਧਰਮਕੋਟ, ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਸੀ. ਪੀ. ਆਈ. ਤਹਿਸੀਲ ਸ਼ਾਹਕੋਟ-ਨਕੋਦਰ ਦੇ ਸਕੱਤਰ ਕਾਮਰੇਡ ਚਰਨਜੀਤ ਥੰਮੂਵਾਲ ਤੇ ਲੈਕਚਰਾਰ ਹਰਭਜਨ ਸਿੰਘ ਸੇਵੇਵਾਲਾ ਨੇ ਵੀ ਕਾਮਰੇਡ ਗੁਰਪਾਲ ਸਿੰਘ ਨੂੰ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ। ਐੱਸ ਸੀ ਬੀ ਸੀ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸਵਰਨ ਸਿੰਘ ਕਲਿਆਣ ਅਤੇ ਪ੍ਰੈੱਸ ਕਲੱਬ ਸ਼ਾਹਕੋਟ ਵੱਲੋਂ ਸ਼ੋਕ ਸੁਨੇਹੇ ਆਏ। ਇਸ ਤੋਂ ਪਹਿਲਾਂ ਕੀਰਤਨੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ।
ਸ਼ਰਧਾਂਜਲੀ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ 'ਨਵਾਂ ਜ਼ਮਾਨਾ' ਟਰੱਸਟ ਦੇ ਸੀਨੀਅਰ ਮੀਤ ਪ੍ਰਧਾਨ ਕਾਮਰੇਡ ਰਛਪਾਲ ਸਿੰਘ ਬੜਾ ਪਿੰਡ, ਸੀ. ਪੀ. ਆਈ. ਕੰਟਰੋਲ ਕਮਿਸ਼ਨ ਦੇ ਚੇਅਰਮੈਨ ਕਾਮਰੇਡ ਸਵਰਨ ਸਿੰਘ ਅਕਲਪੁਰੀ, 'ਨਵਾਂ ਜ਼ਮਾਨਾ' ਦੇ ਟਰੱਸਟੀ ਕਾਮਰੇਡ ਚੰਦ ਸਿੰਘ ਫਤਿਹਪੁਰੀ, ਬਠਿੰਡਾ ਤੋਂ 'ਨਵਾਂ ਜ਼ਮਾਨਾ' ਦੇ ਪ੍ਰਤੀਨਿਧ ਬਖੌਤਰ ਸਿੰਘ ਢਿੱਲੋਂ, ਸੀ. ਪੀ. ਆਈ. ਕਪੂਰਥਲਾ ਦੇ ਸਕੱਤਰ ਕਾਮਰੇਡ ਨਿਰੰਜਣ ਸਿੰਘ ਉੱਚਾ, ਬਾਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਰਾਣਾ, ਮਾਰਕੀਟ ਕਮੇਟੀ ਲੋਹੀਆਂ ਦੇ ਸਾਬਕਾ ਚੇਅਰਮੈਨ ਕਾਮਰੇਡ ਮੋਹਨ ਸਿੰਘ ਫੁੱਲ, ਸੀ. ਪੀ. ਆਈ. ਜਲੰਧਰ ਸ਼ਹਿਰੀ ਦੀ ਸਕੱਤਰ ਕਾਮਰੇਡ ਸੰਤੋਸ਼ ਬਰਾੜ, ਕ੍ਰਿਸਚੀਅਨ ਭਲਾਈ ਬੋਰਡ ਦੇ ਮੈਂਬਰ ਡਾ. ਵਿਲੀਅਮ ਜੌਨ, ਜਨਵਾਦੀ ਨੌਜਵਾਨ ਸਭਾ ਦੇ ਆਗੂ ਕਾਮਰੇਡ ਸੁਖਵਿੰਦਰ ਨਾਗੀ, ਸੀਨੀਅਰ ਆਗੂ ਮਲਕੀਤ ਸਿੰਘ ਲਸੂੜੀ, ਬਲਾਕ ਸੰਮਤੀ ਦੇ ਸਾਬਕਾ ਮੈਂਬਰ ਦਲਜੀਤ ਸਿੰਘ ਗੱਟੀ, ਪੱਤਰਕਾਰ ਰੌਣਕੀ ਕਾਸਿਦ, ਸੁਖਚੈਨ ਸਿੰਘ ਫਤਿਹਪੁਰ ਆਦਿ ਹਾਜ਼ਰ ਸਨ। ਪਰਿਵਾਰ ਵੱਲੋਂ ਸਹਾਇਤਾ ਵਜੋਂ 'ਨਵਾਂ ਜ਼ਮਾਨਾ' ਨੂੰ 5 ਹਜ਼ਾਰ ਰੁਪਏ ਅਤੇ ਸੀ. ਪੀ. ਆਈ. ਤਹਿਸੀਲ ਕਮੇਟੀ ਸ਼ਾਹਕੋਟ ਨੂੰ 5 ਹਜ਼ਾਰ ਰੁਪਏ ਦਿੱਤੇ ਗਏ।