ਅਦਾਲਤ ਵੱਲੋਂ ਸੁਝਾਅ ਦੇਣ ਲਈ ਦੀਵਾਨ ਦੀ ਨਿਯੁਕਤੀ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਸੁਪਰੀਮ ਕੋਰਟ ਨੇ ਕ੍ਰਿਕਟ ਬੋਰਡ ਦੇ ਪ੍ਰਸ਼ਾਸਕਾਂ ਲਈ ਨਾਵਾਂ ਦਾ ਸੁਝਾਅ ਦੇਣ ਦੇ ਮਾਮਲੇ 'ਚ ਅਦਾਲਤ ਦੀ ਸਹਾਇਤਾ ਤੋਂ ਅਸਮਰੱਥਾ ਪ੍ਰਗਟਾਉਣ ਮਗਰੋਂ ਪ੍ਰਸਿੱਧ ਵਕੀਲ ਐਫ਼ ਐਸ ਨਰੀਮਨ ਦੀ ਥਾਂ ਅਨਿਲ ਦੀਵਾਨ ਨੂੰ ਨਿਯੁਕਤ ਕੀਤਾ ਹੈ। ਨਰੀਮਨ ਨੇ ਚੀਫ਼ ਜਸਟਿਸ ਟੀ ਐਸ ਠਾਕੁਰ ਦੀ ਅਗਵਾਈ ਵਾਲੀ ਬੈਂਚ ਨੂੰ ਦਸਿਆ ਕਿ ਉਨ੍ਹਾ ਨੇ 2009 'ਚ ਵਕੀਲ ਵਜੋਂ ਕ੍ਰਿਕਟ ਬੋਰਡ ਦੀ ਪ੍ਰਤੀਨਿਧਤਾ ਕੀਤੀ ਸੀ, ਇਸ ਲਈ ਉਹ ਇਸ ਪ੍ਰਕਿਰਿਆ ਦਾ ਹਿੱਸਾ ਨਹੀਂ ਬਨਣਾ ਚਾਹੁੰਦੇ।
ਇਸ ਮਗਰੋਂ ਬੈਂਚ ਨੇ ਦੀਵਾਨ ਨੂੰ ਇਸ ਮਾਮਲੇ 'ਚ ਨਿਆਂ ਮਿੱਤਰ ਦੇ ਰੂਪ 'ਚ ਅਦਾਲਤ ਦੀ ਮਦਦ ਕਰ ਰਹੇ ਸੀਨੀਅਰ ਵਕੀਲ ਗੋਪਾਲ ਸੁਬਰਾਮਣੀਅਮ ਨਾਲ ਮਿਲ ਕੇ ਕੰਮ ਕਰਨ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦਾ ਕੰਮਕਾਜ ਦੇਖਣ ਲਈ ਪ੍ਰਸ਼ਾਸਕਾਂ ਲਈ ਨਾਵਾਂ ਦਾ ਸੁਝਾਅ ਦੇਣ ਲਈ ਕਿਹਾ। ਇਸ ਬੈਂਚ 'ਚ ਜਸਟਿਸ ਏ ਐਮ ਖਾਨ ਵਿਲਟਰ ਅਤੇ ਡੀ ਵਾਈ ਚੰਦਰਚੂੜ ਵੀ ਸ਼ਾਮਲ ਹਨ। ਅਦਾਲਤ ਨੇ ਦੋਹਾਂ ਨੂੰ ਦੋ ਹਫ਼ਤਿਆਂ ਅੰਦਰ ਸੰਭਾਵੀ ਪ੍ਰਸ਼ਾਸਕਾਂ ਦੇ ਨਾਵਾਂ ਦਾ ਸੁਝਾਅ ਦੇਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਕੱਲ੍ਹ ਸੁਪਰੀਮ ਕੋਰਟ ਨੇ ਕ੍ਰਿਕਟ ਬੋਰਡ ਦੇ ਪ੍ਰਧਾਨ ਅਨੁਰਾਗ ਠਾਕੁਰ ਅਤੇ ਸਕੱਤਰ ਅਜੈ ਸ਼ਿਰਕੇ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਹਟਾ ਦਿੱਤਾ ਸੀ।