ਅਦਾਲਤ ਦੇ ਹੁਕਮਾਂ ਦੀ ਪਾਲਣਾ ਨਾ ਕਰਨੀ ਮਹਿੰਗੀ ਪਈ

ਬੋਰਡ ਆਫ਼ ਕੰਟਰੋਲ ਫ਼ਾਰ ਕ੍ਰਿਕਟ ਇੰਨ ਇੰਡੀਆ (ਬੀ ਸੀ ਸੀ ਆਈ) ਦੇ ਅਹਿਲਕਾਰਾਂ ਨੂੰ ਜਿਸ ਹਸ਼ਰ ਦਾ ਸਾਹਮਣਾ ਕਰਨਾ ਪਿਆ ਹੈ, ਉਸ ਲਈ ਉਹ ਖ਼ੁਦ ਹੀ ਵੱਡੀ ਹੱਦ ਤੱਕ ਜ਼ਿੰਮੇਵਾਰ ਹਨ। ਉਹਨਾਂ ਦੇ ਕੁਕਰਮਾਂ ਤੇ ਬੇਨੇਮੀਆਂ ਵਿਰੁੱਧ ਲੜਾਈ ਦਾ ਆਗਾਜ਼ ਬਿਹਾਰ ਦੇ ਅਦਿੱਤਿਆ ਵਰਮਾ ਨੇ ਸੰਨ 2000 ਵਿੱਚ ਹੀ ਸ਼ੁਰੂ ਕਰ ਦਿੱਤਾ ਸੀ, ਪਰ ਉਹਨਾ ਵੱਲੋਂ ਉਠਾਏ ਨੁਕਤਿਆਂ ਦਾ ਕੋਈ ਢੁੱਕਵਾਂ ਜੁਆਬ ਦੇਣ ਦੀ ਥਾਂ ਬੀ ਸੀ ਸੀ ਆਈ ਦੇ ਅਹਿਲਕਾਰਾਂ ਨੇ ਇਹ ਰੁਖ਼ ਅਪਣਾ ਲਿਆ ਕਿ ਇਹ ਇੱਕ ਖ਼ੁਦ-ਮੁਖਤਿਆਰ ਖੇਡ ਸੰਸਥਾ ਹੈ ਤੇ ਉਹ ਆਪਣੇ ਵੱਲਂੋ ਘੜੇ ਨੇਮਾਂ-ਕਨੂੰਨਾਂ ਤਹਿਤ ਕਾਰ-ਵਿਹਾਰ ਕਰਦੀ ਹੈ।
ਜਦੋਂ ਸੰਨ 2013 ਵਿੱਚ ਆਈ ਪੀ ਐੱਲ ਦੇ ਮੈਚਾਂ ਦੌਰਾਨ ਕੁਝ ਖਿਡਾਰੀਆਂ, ਟੀਮਾਂ ਦੇ ਪ੍ਰਬੰਧਕਾਂ ਤੇ ਕੁਝ ਅਧਿਕਾਰੀਆਂ ਦੇ ਕਾਲੇ ਕਾਰਨਾਮੇ ਸਾਹਮਣੇ ਆਏ ਤਾਂ ਬੀ ਸੀ ਸੀ ਆਈ ਨੇ ਬੇਨੇਮੀਆਂ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਦੀ ਥਾਂ ਪਰਦਾ ਪਾਉਣ ਦਾ ਹੀ ਜਤਨ ਕੀਤਾ। ਅੰਤ ਵਿੱਚ ਇਹ ਮਾਮਲਾ ਅਦਿੱਤਿਆ ਵਰਮਾ ਵੱਲੋਂ ਅਦਾਲਤਾਂ ਦੀ ਦਹਿਲੀਜ਼ ਤੱਕ ਪੁਚਾ ਦਿੱਤਾ ਗਿਆ। ਉਸ ਸਮੇਂ ਦੇ ਬੀ ਸੀ ਸੀ ਆਈ ਦੇ ਚੇਅਰਮੈਨ ਸ੍ਰੀਨਿਵਾਸਨ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਹੱਥ ਧੋਣੇ ਪਏ ਤੇ ਅਨੁਰਾਗ ਠਾਕਰ ਇਹ ਅਹੁਦਾ ਸੰਭਾਲਣ ਵਿੱਚ ਸਫ਼ਲ ਹੋ ਗਏ।
ਇਹਨਾਂ ਬੇਨੇਮੀਆਂ ਦਾ ਮਾਮਲਾ ਜਦੋਂ ਸਰਬ ਉੱਚ ਅਦਾਲਤ ਤੱਕ ਜਾ ਪਹੁੰਚਾ ਤਾਂ ਅਦਾਲਤ ਨੇ ਸਾਬਕਾ ਚੀਫ਼ ਜਸਟਿਸ ਸ੍ਰੀ ਆਰ ਐੱਮ ਲੋਧਾ ਦੀ ਅਗਵਾਈ ਵਿੱਚ ਇੱਕ ਕਮੇਟੀ ਸਥਾਪਤ ਕਰ ਦਿੱਤੀ। ਇਸ ਕਮੇਟੀ ਨੇ ਬੀ ਸੀ ਸੀ ਆਈ ਦੇ ਕੰਮ-ਕਾਜ ਵਿੱਚ ਸੁਧਾਰ ਬਾਰੇ ਕਈ ਸਿਫ਼ਾਰਸ਼ਾਂ ਕੀਤੀਆਂ। ਇਸ ਖੇਡ ਸੰਸਥਾ ਦੇ ਅਹਿਲਕਾਰਾਂ ਨੇ ਇਹਨਾਂ ਸਿਫ਼ਾਰਸ਼ਾਂ ਨੂੰ ਅਮਲ ਵਿੱਚ ਲਿਆਉਣ ਤੋਂ ਇਹ ਕਹਿ ਕੇ ਟਾਲ-ਮਟੋਲ ਕਰਨੀ ਸ਼ੁਰੂ ਕਰ ਦਿੱਤੀ ਕਿ ਰਾਜਾਂ ਦੀਆਂ ਕ੍ਰਿਕਟ ਐਸੋਸੀਏਸ਼ਨਾਂ ਇਹਨਾਂ ਸਿਫ਼ਾਰਸ਼ਾਂ ਨਾਲ ਸਹਿਮਤੀ ਨਹੀਂ ਜਤਾ ਰਹੀਆਂ।
ਇਹੋ ਨਹੀਂ, ਕੌਮਾਂਤਰੀ ਕ੍ਰਿਕਟ ਜਥੇਬੰਦੀ ਦੇ ਪ੍ਰਧਾਨ ਮਨੋਹਰ ਸੁਸ਼ਾਂਕ, ਜਿਹੜੇ ਪਹਿਲਾਂ ਬੀ ਸੀ ਸੀ ਆਈ ਦੇ ਪ੍ਰਧਾਨ ਵੀ ਰਹਿ ਚੁੱਕੇ ਸਨ, ਤੋਂ ਅਨੁਰਾਗ ਠਾਕਰ ਨੇ ਇੱਕ ਚਿੱਠੀ ਵੀ ਹਾਸਲ ਕਰ ਲਈ, ਜਿਸ ਵਿੱਚ ਇਹ ਕਿਹਾ ਗਿਆ ਸੀ ਕਿ ਕੌਮਾਂਤਰੀ ਕ੍ਰਿਕਟ ਜਥੇਬੰਦੀ ਦੇ ਨੇਮਾਂ ਅਨੁਸਾਰ ਲੋਧਾ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਮੰਨਣਾ ਖੇਡ ਨੇਮਾਂ ਅਨੁਸਾਰ ਢੁੱਕਵਾਂ ਨਹੀਂ ਹੈ, ਇਸ ਲਈ ਇਹਨਾਂ ਨੂੰ ਅਮਲ ਵਿੱਚ ਲਿਆਉਣਾ ਮੁਸ਼ਕਲ ਕੰਮ ਹੈ।
ਉਪਰੰਤ ਇਹ ਮਾਮਲਾ ਸੁਪਰੀਮ ਕੋਰਟ ਦੀ ਸੁਣਵਾਈ ਅਧੀਨ ਆਇਆ। ਮਾਣਯੋਗ ਜੱਜਾਂ ਨੇ 18 ਜੁਲਾਈ 2016 ਨੂੰ ਇਹ ਆਦੇਸ਼ ਜਾਰੀ ਕੀਤਾ ਕਿ ਅਦਾਲਤ ਦੇ ਹੁਕਮ ਦੀ ਹਰ ਹਾਲਤ ਵਿੱਚ ਤਾਮੀਲ ਕਰਨੀ ਹੋਵੇਗੀ। ਬੀ ਸੀ ਸੀ ਆਈ ਦੇ ਅਹਿਲਕਾਰਾਂ ਨੇ ਅਜਿਹਾ ਨਾ ਕਰਨ ਲਈ ਕਈ ਉਜ਼ਰ ਪੇਸ਼ ਕੀਤੇ, ਪਰ ਅਦਾਲਤ ਨੇ ਉਹਨਾਂ ਨੂੰ ਖਾਰਜ ਕਰ ਦਿੱਤਾ।
ਹੁਣ ਅਦਾਲਤ ਨੇ 2 ਜਨਵਰੀ ਦੇ ਆਪਣੇ ਤਾਜ਼ਾ ਹੁਕਮ ਵਿੱਚ ਬੀ ਸੀ ਸੀ ਆਈ ਦੇ ਪ੍ਰਧਾਨ ਅਨੁਰਾਗ ਠਾਕਰ ਤੇ ਜਨਰਲ ਸਕੱਤਰ ਅਜੇ ਸ਼ਿਰਕੇ ਨੂੰ ਉਹਨਾਂ ਦੇ ਅਹੁਦਿਆਂ ਤੋਂ ਹਟਾਉਣ ਦੇ ਆਦੇਸ਼ ਦੇ ਦਿੱਤੇ ਹਨ। ਅਦਾਲਤ ਨੇ ਇਹ ਵੀ ਕਿਹਾ ਹੈ ਕਿ ਅਨੁਰਾਗ ਠਾਕਰ ਨੇ ਅਦਾਲਤ ਨੂੰ ਗੁੰਮਰਾਹ ਕਰਨ ਦਾ ਜਤਨ ਕੀਤਾ ਹੈ, ਇਸ ਲਈ ਉਸ ਵਿਰੁੱਧ ਕਾਰਵਾਈ ਵੀ ਹੋ ਸਕਦੀ ਹੈ।
ਬੀ ਸੀ ਸੀ ਆਈ ਭਾਰਤ ਦੀ ਹੀ ਨਹੀਂ, ਸਗੋਂ ਸੰਸਾਰ ਦੀ ਮਾਲੀ ਤੌਰ ਉੱਤੇ ਸਭ ਤੋਂ ਅਮੀਰ ਸੰਸਥਾ ਹੈ। ਉਸ ਦੇ ਕੁੱਲ ਅਸਾਸੇ ਪੰਜ ਹਜ਼ਾਰ ਕਰੋੜ ਤੋਂ ਵੱਧ ਦੇ ਹਨ ਤੇ ਤਿੰਨ ਹਜ਼ਾਰ ਕਰੋੜ ਤੋਂ ਵੱਧ ਰਕਮ ਉਸ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਹੈ। ਸ਼ੁਰੂ ਤੋਂ ਹੀ ਇਸ ਸੰਸਥਾ ਦੇ ਕਰਤੇ-ਧਰਤਿਆਂ ਵਿੱਚ ਦੇਸ ਦੇ ਅਮੀਰ-ਕਬੀਰ ਸਨਅਤਕਾਰਾਂ ਤੇ ਸਿਆਸਤਦਾਨਾਂ ਦਾ ਬੋਲਬਾਲਾ ਰਿਹਾ ਹੈ। ਖਿਡਾਰੀਆਂ ਨੂੰ ਇਸ ਸੰਸਥਾ ਦੇ ਸੰਚਾਲਨ ਵਿੱਚ ਕਦੇ ਵੀ ਬਣਦਾ ਸਥਾਨ ਨਹੀਂ ਦਿੱਤਾ ਗਿਆ। ਸ਼ਰਦ ਪਵਾਰ, ਮੌਜੂਦਾ ਖ਼ਜ਼ਾਨਾ ਮੰਤਰੀ ਅਰੁਣ ਜੇਤਲੀ, ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਤੇ ਕੇਂਦਰੀ ਮੰਤਰੀ ਰਹਿ ਚੁੱਕੇ ਸ਼ੇਖ਼ ਅਬਦੁੱਲਾ ਤੇ ਅਮਿਤ ਸ਼ਾਹ ਵਰਗੇ ਸਿਆਸਤਦਾਨ ਇਸ ਖੇਡ ਨਾਲ ਜੁੜੇ ਰਹੇ ਹਨ। ਸ਼ਰਦ ਪਵਾਰ ਨੇ ਸੁਪਰੀਮ ਕੋਰਟ ਦਾ ਤਾਜ਼ਾ ਫ਼ੈਸਲਾ ਆਉਣ ਤੋਂ ਕੁਝ ਦਿਨ ਪਹਿਲਾਂ ਹੀ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ। ਕ੍ਰਿਕਟ ਬੋਰਡ ਦੇ ਮੌਜੂਦਾ ਪ੍ਰਧਾਨ ਅਨੁਰਾਗ ਠਾਕਰ ਭਾਜਪਾ ਦੇ ਐੱਮ ਪੀ ਵੀ ਹਨ ਤੇ ਹਿਮਾਚਲ ਕ੍ਰਿਕਟ ਐਸੋਸੀਏਸ਼ਨ ਦੇ ਪਿਛਲੇ ਅੱਠ ਸਾਲਾਂ ਤੋਂ ਸਰਵੇ-ਸਰਵਾ ਚਲੇ ਆ ਰਹੇ ਹਨ। ਲਲਿਤ ਮੋਦੀ, ਸ੍ਰੀਨਿਵਾਸਨ, ਸ੍ਰੀ ਮੁਥੱਈਆ ਵਰਗੇ ਅਨੇਕ ਸਨਅਤਕਾਰ ਬੀ ਸੀ ਸੀ ਆਈ ਦੇ ਮੁਖੀ ਦੇ ਅਹੁਦੇ ਉੱਤੇ ਬਿਰਾਜਮਾਨ ਰਹਿ ਚੁੱਕੇ ਹਨ। ਇਹੋ ਕਾਰਨ ਸੀ ਕਿ ਬੀ ਸੀ ਸੀ ਆਈ ਦੇ ਅਹਿਲਕਾਰ ਆਪਣੇ ਆਪ ਨੂੰ ਸਾਰੇ ਨੇਮਾਂ-ਕਨੂੰਨਾਂ ਤੋਂ ਉੱਪਰ ਸਮਝਦੇ ਸਨ।
ਬੀ ਸੀ ਸੀ ਆਈ ਬਾਰੇ ਸੁਪਰੀਮ ਕੋਰਟ ਦੇ ਤਾਜ਼ਾ ਫ਼ੈਸਲੇ ਨੇ ਇਹ ਸੰਦੇਸ਼ ਦੇ ਦਿੱਤਾ ਹੈ ਕਿ ਦੇਸ ਦੀਆਂ ਦੂਜੀਆਂ ਕੌਮੀ ਖੇਡ ਸੰਸਥਾਵਾਂ ਨੂੰ ਵੀ ਆਪਣੇ ਆਪ ਨੂੰ ਨੇਮਾਂ-ਕਨੂੰਨਾਂ ਦੇ ਪਾਬੰਦ ਕਰਨ ਵੱਲ ਵਧਣਾ ਹੋਵੇਗਾ, ਨਹੀਂ ਤਾਂ ਉਹਨਾਂ ਨੂੰ ਵੀ ਬੀ ਸੀ ਸੀ ਆਈ ਵਾਲੇ ਹਸ਼ਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ।