ਜਸਟਿਸ ਖੇਹਰ ਬਣੇ ਦੇਸ਼ ਦੇ 44ਵੇਂ ਚੀਫ ਜਸਟਿਸ

ਨਵੀਂ ਦਿੱਲੀ (ਨ ਜ਼ ਸ)
ਜੱਜ ਦੀ ਨਿਯੁਕਤੀ ਨਾਲ ਜੁੜੇ ਵਿਵਾਦਿਤ ਕੌਮੀ ਨਿਆਂਇਕ ਨਿਯੁਕਤੀ ਕਮਿਸ਼ਨ ਕਾਨੂੰਨ ਨੂੰ ਰੱਦ ਕਰਨ ਵਾਲੇ ਸੁਪਰੀਮ ਕੋਰਟ ਦੇ 5 ਜੱਜਾਂ ਦੇ ਸੰਵਿਧਾਨਕ ਬੈਂਚ ਦੀ ਅਗਵਾਈ ਕਰ ਚੁੱਕੇ ਜਸਟਿਸ ਜਗਦੀਸ਼ ਸਿੰਘ ਖੇਹਰ ਨੇ ਬੁੱਧਵਾਰ ਨੂੰ ਦੇਸ਼ ਦੇ 44ਵੇਂ ਚੀਫ ਜਸਟਿਸ ਵਜੋਂ ਹਲਫ ਲਿਆ। ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ 'ਚ ਜਸਟਿਸ ਖੇਹਰ ਨੂੰ ਅਹੁਦਾ ਤੇ ਸਰਕਾਰੀ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਖੇਹਰ ਨੇ ਈਸ਼ਵਰ ਦੇ ਨਾਂਅ 'ਤੇ ਅੰਗਰੇਜ਼ੀ 'ਚ ਸਹੁੰ ਚੁੱਕੀ। ਇਸ ਮੌਕੇ ਵਿਰੋਧੀ ਧਿਰ ਦੀ ਗ਼ੈਰ-ਮੌਜੂਦਗੀ ਚਰਚਾ ਦਾ ਵਿਸ਼ਾ ਬਣੀ ਰਹੀ। ਪਿਛਲੇ ਮਹੀਨੇ ਤੱਤਕਾਲੀ ਚੀਫ ਜਸਟਿਸ ਟੀ ਐੱਸ ਠਾਕੁਰ ਨੇ ਸੁਪਰੀਮ ਕੋਰਟ ਦੇ ਸੀਨੀਅਰ ਜਸਟਿਸ ਖੇਹਰ ਨੂੰ ਆਪਣੇ ਤੋਂ ਬਾਅਦ ਇਸ ਅਹੁਦੇ 'ਤੇ ਨਿਯੁਕਤ ਕੀਤੇ ਜਾਣ ਦੀ ਸਿਫਾਰਸ਼ ਕੀਤੀ ਸੀ। ਚੀਫ ਜਸਟਿਸ ਖੇਹਰ ਦਾ ਕਾਰਜਕਾਲ 7 ਮਹੀਨਿਆਂ ਤੋਂ ਥੋੜ੍ਹਾ ਵੱਧ ਸਮੇਂ ਦਾ ਹੋਵੇਗਾ। ਜਸਟਿਸ ਠਾਕੁਰ ਮੰਗਲਵਾਰ ਨੂੰ ਚੀਫ ਜਸਟਿਸ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਜਸਟਿਸ ਖੇਹਰ ਉਸ ਬੈਂਚ ਦੀ ਵੀ ਅਗਵਾਈ ਕਰ ਚੁੱਕੇ ਹਨ, ਜਿਸ ਨੇ ਅਰੁਣਾਂਚਲ ਪ੍ਰਦੇਸ਼ 'ਚ ਰਾਸ਼ਟਰਪਤੀ ਰਾਜ ਲਾਗੂ ਕੀਤੇ ਜਾਣ ਨੂੰ ਰੱਦ ਕਰ ਦਿੱਤਾ ਸੀ। ਜਸਟਿਸ ਖੇਹਰ ਉਸ ਬੈਂਚ ਦੇ ਵੀ ਮੈਂਬਰ ਸਨ, ਜਿਸ ਨੇ ਸਹਾਰਾ ਗਰੁੱਪ ਦੇ ਮੁਖੀ ਸੁਬਾਰਤੋ ਰਾਏ ਦੀਆਂ ਦੋ ਕੰਪਨੀਆਂ 'ਚ ਲੋਕਾਂ ਵੱਲੋਂ ਨਿਵੇਸ਼ ਕੀਤੇ ਗਏ ਪੈਸੇ ਦੀ ਵਾਪਸੀ ਨਾਲ ਜੁੜੇ ਮਾਮਲੇ ਦੀ ਸੁਣਵਾਈ ਦੌਰਾਨ ਰਾਏ ਨੂੰ ਜੇਲ੍ਹ ਭੇਜ ਦਿੱਤਾ ਸੀ। ਉਹ ਪੱਕੇ ਮੁਲਾਜ਼ਮਾਂ ਵਾਂਗ ਕੰਮ ਕਰਨ ਵਾਲੇ ਦਿਹਾੜੀਦਾਰ ਮਜ਼ਦੂਰਾਂ ਲਈ ਇਕੋ ਕੰਮ ਇਕੋ ਤਨਖਾਹ ਦਾ ਸਿਧਾਂਤ ਲਾਗੂ ਕਰਨ ਬਾਰੇ ਅਹਿਮ ਫੈਸਲਾ ਸੁਣਾਉਣ ਵਾਲੇ ਬੈਂਚ ਦੇ ਵੀ ਮੁਖੀ ਰਹੇ ਸਨ। ਉੱਚ ਨਿਆਂਪਾਲਿਕਾ 'ਚ ਲੋਕਾਂ ਦੀ ਨਿਯੁਕਤੀ ਦੇ ਮੁੱਦੇ 'ਤੇ ਨਿਆਂਪਾਲਿਕਾ ਅਤੇ ਕਾਰਜ ਪਾਲਿਕਾ ਵਿਚਾਲੇ ਤਕਰਾਰ ਤੇਜ਼ ਹੋਣ 'ਤੇ 26 ਨਵੰਬਰ ਨੂੰ ਸੰਵਿਧਾਨ ਦਿਵਸ ਮੌਕੇ ਜਸਟਿਸ ਖੇਹਰ ਨੇ ਅਟਾਰਨੀ ਜਨਰਲ ਮੁਕੁਲ ਰੋਹਤਗੀ ਦੀ ਦਲੀਲ 'ਤੇ ਕਿਹਾ ਸੀ ਕਿ ਨਿਆਂਪਾਲਿਕਾ ਆਪਣੀ ਲਛਮਣ ਰੇਖਾ ਅੰਦਰ ਰਹਿ ਕੇ ਕੰਮ ਕਰ ਰਹੀ ਹੈ।
13 ਸਤੰਬਰ 2011 ਨੂੰ ਸੁਪਰੀਮ ਕੋਰਟ ਦੇ ਜੱਜ ਬਨਣ ਵਾਲੇ ਖੇਹਰ ਸਖਤ ਕਾਨੂੰਨੀ ਪ੍ਰਸ਼ਾਸਕ ਮੰਨੇ ਜਾਂਦੇ ਹਨ। ਖੇਹਰ ਵਾਰ-ਵਾਰ ਸੁਣਵਾਈ ਨੂੰ ਅੱਗੇ ਪਾਉਣ ਦੀ ਅਪੀਲ ਕਰਕੇ ਅਦਾਲਤ ਦਾ ਸਮਾਂ ਬਰਬਾਦ ਕਰਨ ਵਾਲਿਆਂ ਪ੍ਰਤੀ ਬਹੁਤ ਹੀ ਕਠੋਰ ਹਨ। ਸੁਪਰੀਮ ਕੋਰਟ ਦੇ ਕਿਸੇ ਮਾਮਲੇ 'ਚ ਪੂਰੀ ਤਿਆਰੀ ਕਰਕੇ ਨਾ ਆਉਣ ਵਾਲੇ ਵਕੀਲਾਂ ਦੀ ਵੀ ਉਹ ਝਾੜ-ਝੰਬ ਕਰਦੇ ਹਨ। ਇੱਕ ਵਾਰੀ ਤਾਂ ਖੇਹਰ ਅਦਾਲਤੀ ਕਮਰੇ ਤੋਂ ਇਸ ਕਰਕੇ ਬਾਹਰ ਚਲੇ ਗਏ ਸਨ, ਕਿਉਂਕਿ ਵਕੀਲਾਂ ਨੇ ਸਹੀ ਢੰਗ ਨਾਲ ਆਪਣੇ ਕਾਗਜ਼ਾਤ ਪੇਸ਼ ਨਹੀਂ ਕੀਤੇ ਸਨ। ਹਾਲ ਹੀ ਵਿੱਚ ਉਪਹਾਰ ਕਾਂਡ 'ਚ ਆਂਸਲ ਭਰਾਵਾਂ ਨੂੰ ਖੇਹਰ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਸੀ।