ਕਿਰਨ ਬੇਦੀ ਨੇ ਉਲੱਦਿਆ ਮੁੱਖ ਮੰਤਰੀ ਦਾ ਫ਼ੈਸਲਾ


ਪੁਡੁਚਰੀ (ਨਵਾਂ ਜ਼ਮਾਨਾ ਸਰਵਿਸ)-ਇਥੋਂ ਦੀ ਰਾਜਪਾਲ ਕਿਰਨ ਬੇਦੀ ਨੇ ਮੁੱਖ ਮੰਤਰੀ ਵੀ.ਨਰਾਇਣਸਾਮੀ ਦੇ ਉਸ ਆਦੇਸ਼ ਨੂੰ ਰੱਦ ਕਰ ਦਿੱਤਾ ਹੈ, ਜਿਸ ਤਹਿਤ ਉਨ੍ਹਾਂ ਦਫ਼ਤਰੀ ਕੰਮਕਾਜ ਲਈ ਸੋਸ਼ਲ ਮੀਡੀਆ ਦੀ ਵਰਤੋਂ 'ਤੇ ਰੋਕ ਲਾਈ ਸੀ। ਬੇਦੀ ਨੇ ਟਵੀਟ ਕੀਤਾ, 'ਪੁਡੁਚਰੀ ਨੇ ਜੇ ਵਿਕਾਸ ਕਰਨਾ ਹੈ ਤਾਂ ਸੰਚਾਰ ਦੇ ਮਾਮਲੇ ਵਿੱਚ ਪਿੱਛੇ ਨਹੀਂ ਜਾਣਾ ਚਾਹੀਦਾ।'
ਮੁੱਖ ਮੰਤਰੀ ਨੇ 31 ਦਸੰਬਰ ਨੂੰ ਇੱਕ ਸਰਕੂਲਰ ਜਾਰੀ ਕਰਕੇ ਆਦੇਸ਼ ਦਿੱਤਾ ਸੀ ਕਿ ਕੰਮ ਕਾਜ ਦੌਰਾਨ ਅਧਿਕਾਰੀ ਸੋਸ਼ਲ ਮੀਡੀਆ ਦੀ ਵਰਤੋਂ ਨਹੀਂ ਕਰਨਗੇ। ਇਸ ਵਿੱਚ ਦਲੀਲ ਦਿੱਤੀ ਗਈ ਕਿ 'ਵਟਸਐਪ', 'ਫੇਸਬੁਕ' ਅਤੇ 'ਟਵਿਟਰ' ਵਰਗੇ ਸੋਸ਼ਲ ਮੀਡੀਆ ਦਾ ਸਰਵਰ ਦੇਸ਼ ਤੋਂ ਬਾਹਰ ਹੈ ਅਤੇ ਇਨ੍ਹਾਂ ਦਾ ਡਾਟਾ ਲੀਕ ਹੋਣ ਖਤਰਾ ਰਹਿੰਦਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪੁਡੁਚਰੀ ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਨੂੰ ਅਧਿਕਾਰੀਆਂ ਦੇ 'ਵਟਸਐਪ' ਗਰੁੱਪ ਵਿੱਚ ਅਸ਼ਲੀਲ ਵੀਡੀਓ ਭੇਜਣ ਕਾਰਨ ਸਸਪੈਂਡ ਕੀਤਾ ਗਿਆ ਸੀ। ਉਸ ਗਰੁੱਪ ਵਿੱਚ ਕਿਰਨ ਬੇਦੀ ਵੀ ਸੀ। ਕਈ ਸੀਨੀਅਰ ਅਧਿਕਾਰੀ ਇਸ 'ਵਟਸਐਪ' ਗਰੁੱਪ ਨਾਲ ਜੁੜੇ ਹੋਏ ਹਨ। ਪੁਡੁਚਰੀ ਸਿਵਲ ਸੇਵਾ ਦੇ ਅਧਿਕਾਰੀ ਏ.ਐਸ ਸ਼ਿਵ ਕੁਮਾਰ ਸਹਿਕਾਰੀ ਕਮੇਟੀਆਂ ਦੇ ਰਜਿਸਟਰਾਰ ਹਨ। ਸ਼ਿਵ ਕੁਮਾਰ ਨੇ ਕਥਿਤ ਤੌਰ 'ਤੇ ਗਰੁੱਪ ਵਿੱਚ ਵੀਡੀਓ ਪੋਸਟ ਕੀਤਾ ਸੀ। ਸਥਾਨਕ ਅਧਿਕਾਰੀਆਂ ਨੂੰ ਤੁਰੰਤ ਦਿਸ਼ਾ-ਨਿਰਦੇਸ਼ ਦੇਣ ਲਈ ਬੇਦੀ ਨੇ 'ਵਟਸਐਪ ਗਰੁੱਪ' ਬਣਾਇਆ ਸੀ। ਬੇਦੀ ਮੁੱਖ ਮੰਤਰੀ ਅਤੇ ਮੰਤਰੀ ਮੰਡਲ ਦੇ ਸਹਿਯੋਗੀਆਂ ਨੂੰ ਦਰਕਿਨਾਰ ਕਰਦਿਆਂ 'ਵਟਸਐਪ' ਜ਼ਰੀਏ ਨਿਰਦੇਸ਼ ਦਿੰਦੀ ਰਹੀ ਹੈ। ਇਸ ਦੇ ਚੱਲਦਿਆਂ ਸਰਕਾਰ ਨਾਲ ਉਨ੍ਹਾਂ ਦਾ ਵਿਵਾਦ ਵੀ ਛਿੜ ਪੈਂਦਾ ਹੈ।