ਜੈਲਲਿਤਾ ਦੀ ਮੌਤ ਦੇ ਮਾਮਲੇ 'ਚ ਨਹੀਂ ਹੋਵੇਗੀ ਸੀ ਬੀ ਆਈ ਜਾਂਚ : ਸੁਪਰੀਮ ਕੋਰਟ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਸੁਪਰੀਮ ਕੋਰਟ ਨੇ ਹੁਕਮ ਦਿੱਤਾ ਹੈ ਕਿ ਜੈਲਲਿਤਾ ਦੀ ਮੌਤ ਦੀ ਕੋਈ ਸੀ ਬੀ ਆਈ ਜਾਂਚ ਨਹੀਂ ਕੀਤੀ ਜਾਵੇਗੀ। ਇਸ ਨੂੰ ਲੈ ਕੇ ਲੱਗੀ ਪਟੀਸ਼ਨ ਨੂੰ ਵੀ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ। ਇਹ ਪਟੀਸ਼ਨ ਏ ਆਈ ਏ ਡੀ ਐੱਮ ਕੇ ਤੋਂ ਕੱਢੀ ਜਾ ਚੁਕੀ ਰਾਜ ਸਭਾ ਸਾਂਸਦ ਸ਼ਸ਼ੀਕਲਾ ਪੁਸ਼ਪਾ ਨੇ ਦਾਇਰ ਕੀਤੀ ਸੀ। ਜੈਲਲਿਤਾ ਦੀ ਮੌਤ ਬਾਰੇ ਕਾਨੂੰਨੀ ਜਾਂਚ ਕਰਨ ਦੀ ਮੰਗ ਕੀਤੀ ਗਈ ਸੀ। ਸ਼ਸ਼ੀਕਲਾ ਪੁਸ਼ਪਾ ਨੇ ਇਸ ਮਾਮਲੇ 'ਚ ਸੁਪਰੀਮ 'ਚ ਪਟੀਸ਼ਨ ਦਾਇਰ ਕੀਤੀ ਸੀ। ਇਸ 'ਚ ਦਾਅਵਾ ਕੀਤੀ ਗਿਆ ਸੀ ਕਿ ਜੈਲਲਿਤਾ ਦੀ ਮੌਤ ਗੰਭੀਰ ਹਾਲਤ 'ਚ ਹੋਈ ਸੀ। ਅੰਤਿਮ ਸੰਸਕਾਰ ਦੇ ਸਮੇਂ ਇਹ ਦੇਖਣ ਨੂੰ ਮਿਲਿਆ ਹੈ ਕਿ ਉਨ੍ਹਾਂ ਦੇ ਸ਼ਰੀਰ 'ਤੇ ਕੁਝ ਨਿਸ਼ਾਨ ਸਨ। ਪਟੀਸ਼ਨ ਮੁਤਾਬਿਕ ਹਸਪਤਾਲ 'ਚ ਜੈਲਲਿਤਾ ਕੋਲ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਸੀ। ਹਸਪਤਾਲ 'ਚ ਭਰਤੀ ਹੋਣ ਤੋਂ ਲੈ ਕੇ ਉਨ੍ਹਾਂ ਦੀ ਮੌਤ ਹੋਣ ਤੱਕ ਹਰ ਗਲ ਨੂੰ ਰਾਜ਼ ਰੱਖਿਆ ਗਿਆ ਹੈ ਅਤੇ ਉਨ੍ਹਾਂ ਦੀ ਅਸਲੀ ਮੈਡੀਕਲ ਹਾਲਤ ਬਾਰੇ ਕੁਝ ਵੀ ਦੱਸਿਆ ਨਹੀਂ ਗਿਆ। ਸ਼ਸ਼ੀਕਲਾ ਪੁਸ਼ਪਾ ਨੇ ਮੰਗ ਕੀਤੀ ਸੀ ਕਿ ਸੁਪਰੀਮ ਕੋਰਟ ਜੈਲਲਿਤਾ ਦੀ ਸਿਹਤ ਰਿਪੋਰਟ ਅਤੇ ਇਲਾਜ ਦੀ ਜਾਣਕਾਰੀ ਬਾਰੇ ਦੱਸਣ ਲਈ ਕੇਂਦਰ ਸਰਕਾਰ, ਤਾਮਿਲਨਾਡੂ ਸਰਕਾਰ ਅਤੇ ਅਪੋਲੋ ਹਸਪਤਾਲ ਨੂੰ ਨਿਰਦੇਸ਼ ਦੇਣ ਅਤੇ ਉਨ੍ਹਾਂ ਤੋਂ ਰਿਪੋਰਟ ਦੀ ਪੂਰੀ ਜਾਣਕਾਰੀ ਹਾਸਲ ਕਰਨ।
ਜੈਲਲਿਤਾ ਦੀ ਮੌਤ 5 ਦਸੰਬਰ ਨੂੰ ਹੋਈ ਸੀ। ਉਹ 22 ਦਸੰਬਰ ਤੋਂ ਚੇਨਈ ਦੇ ਅਪੋਲੋ ਹਸਪਤਾਲ 'ਚ ਦਾਖਲ ਸਨ। ਇਸ ਤੋਂ ਪਹਿਲਾਂ ਜੈਲਲਿਤਾ ਦੀ ਮੌਤ ਨੂੰ ਲੈ ਕੇ ਦਸੰਬਰ 'ਚ ਹੀ ਸੁਪਰੀਮ ਕੋਰਟ 'ਚ ਇਕ ਪਟੀਸ਼ਨ ਦਾਇਰ ਹੋਈ ਸੀ। ਤਾਮਿਲਨਾਡੂ ਤੈਲਗੂ ਯੂਵਾ ਸ਼ਕਤੀ ਵੱਲੋਂ ਦਾਇਰ ਪਟੀਸ਼ਨ 'ਚ ਦਾਅਵਾ ਕੀਤਾ ਗਿਆ ਸੀ ਕਿ ਜਿਨ੍ਹਾਂ ਹਾਲਤਾਂ 'ਚ ਜੈਲਲਿਤਾ ਦੀ ਮੌਤ ਹੋਈ, ਉਸ ਤੋਂ ਸ਼ੱਕ ਦੀ ਸੰਭਾਵਨਾ ਪੈਦਾ ਹੁੰਦੀ ਜਾ ਰਹੀ ਹੈ।
ਮਸ਼ਹੂਰ ਫਿਲਮ ਕਲਾਕਾਰ ਗੌਤਮੀ ਨੇ ਵੀ ਇਸ ਮੌਤ ਬਾਰੇ ਨਰਿੰਦਰ ਮੋਦੀ ਦੀ ਸਰਕਾਰ ਤੋਂ ਮੰਗ ਕੀਤੀ ਸੀ ਕਿ ਜੈਲਲਿਤਾ ਦੀ ਬਿਮਾਰੀ ਅਤੇ ਮੌਤ ਦੇ ਮਾਮਲੇ ਬਾਰੇ ਪੂਰੀ ਜਾਂਚ ਕੀਤੀ ਜਾਵੇ। ਉਨ੍ਹਾਂ ਪੁਛਿਆ ਕਿ ਜੈਲਲਿਤਾ 75 ਦਿਨਾਂ ਤਕ ਹਸਪਤਾਲ 'ਚ ਰਹੀ, ਪਰ ਉਨ੍ਹਾਂ ਦੀ ਬਿਮਾਰੀ ਅਤੇ ਇਲਾਜ ਬਾਰੇ ਲੋਕਾਂ ਨੂੰ ਕੋਈ ਜਾਣਕਾਰੀ ਕਿਉਂ ਨਹੀਂ ਦਿੱਤੀ ਗਈ? ਕੇਂਦਰ ਸਰਕਾਰ ਨੇ ਹੁਣ ਤਕ ਇਨ੍ਹਾਂ ਸਵਾਲਾਂ ਦਾ ਜਵਾਬ ਨਹੀਂ ਦਿੱਤਾ।