ਹੈਲੀਕਾਪਟਰ ਘਪਲਾ; ਕਾਂਗਰਸ ਫਸ ਸਕਦੀ ਹੈ ਮੁਸ਼ਕਲ 'ਚ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਵੀ ਵੀ ਆਈ ਪੀ ਹੈਲੀਕਾਪਟਰਾਂ ਦੇ ਸੌਦਿਆਂ 'ਚ ਕਥਿਤ ਰਿਸ਼ਵਤ ਲੈਣ ਦੇ ਮਾਮਲੇ ਨਾਲ ਜੁੜੇ ਅਗਸਟਾ ਵੈਸਟਲੈਂਡ ਕੇਸ ਦੀ ਸੀ ਬੀ ਆਈ ਜਾਂਚ 'ਚ ਕੁਝ ਸਮਾਂ ਪਹਿਲਾਂ ਬਹੁਤ ਭਜ-ਦੌੜ ਹੋਈ ਹੈ। ਏਜੰਸੀ ਦੇ ਪਿਛਲੇ ਮੁਖੀ ਰਾਕੇਸ਼ ਅਸਥਾਨਾ ਨੇ ਸਾਬਕਾ ਮੁਖੀ ਤਿਆਗੀ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਮਾਮਲੇ ਨਾਲ ਜੁੜੇ ਕੇਂਦਰੀ ਨੇਤਾਵਾਂ ਦੀ ਜਾਂਚ ਲਈ ਤਿਆਰੀ ਕਰ ਲਈ ਹੈ। ਇਹ ਖਬਰ ਕਾਂਗਰਸ ਨੂੰ ਮੁਸ਼ਕਲਾਂ 'ਚ ਪਾ ਸਕਦੀ ਹੈ, ਕਿਉਂਕਿ ਪਾਰਟੀ ਦੇ ਕੁਝ ਨੇਤਾਵਾਂ ਨੇ ਨਾਂਅ ਇਸ ਮਾਮਲੇ ਨਾਲ ਜੁੜ ਚੁਕੇ ਹਨ। ਸੀ ਬੀ ਆਈ ਕੋਲ ਇਕ ਡਾਇਰੀ ਹੈ, ਜਿਸ 'ਚ ਕਥਿਤ ਤੌਰ 'ਤੇ ਇਨ੍ਹਾਂ ਨੇਤਾਵਾਂ ਦੇ ਨਾਂਅ ਦਰਜ ਹਨ, ਜਿਸ ਡਾਇਰੀ 'ਚ ਕਥਿਤ ਤੌਰ 'ਤੇ ਕਾਂਗਰਸੀ ਨੇਤਾਵਾਂ ਦੇ ਨਾਂਅ ਹਨ, ਉਹ ਇਟਲੀ ਦੀ ਅਦਾਲਤ ਨੇ ਸੀ ਬੀ ਆਈ ਨੂੰ ਦਿੱਤੀ ਹੈ। ਸੀ ਬੀ ਆਈ ਅਧਿਕਾਰੀ ਨੇ ਕਿਹਾ ਕਿ ਪੁੱਛਗਿੱਛ ਲਈ ਨੇਤਾਵਾਂ ਨੂੰ ਬੁਲਾਉਣ ਤੋਂ ਪਹਿਲਾਂ ਡਾਇਰੀ ਦੇ ਤੱਥਾਂ ਦੀ ਪੁਸ਼ਟੀ ਕੀਤੀ ਜਾਵੇਗੀ। ਅਗਸਟਾ ਕੇਸ 'ਚ ਕਾਫੀ ਸਮੇਂ ਤੋਂ ਢਿੱਲੀ ਨਜ਼ਰ ਆਉਂਦੀ ਸੀ ਬੀ ਆਈ ਜਾਂਚ ਨੇ ਪਿਛਲੇ 25 ਦਿਨਾਂ 'ਚ ਅਚਾਨਕ ਰਫਤਾਰ ਫੜ ਲਈ ਹੈ। ਇਹ ਸਭ ਕੁਝ ਅਸਥਾਨਾ ਦੇ ਅਧਿਕਾਰ 'ਚ ਹੋ ਰਿਹਾ ਹੈ। ਅਸਥਾਨਾ ਦੇ ਅਹੁਦਾ ਸੰਭਾਲਣ ਦੇ ਇਕ ਹਫਤੇ ਅੰਦਰ ਤਿਆਗੀ ਅਤੇ ਦੋ ਹੋਰ ਦੋਸ਼ੀ ਗ੍ਰਿਫਤਾਰ ਕਰ ਲਏ ਗਏ ਹਨ। ਹੁਣੇ ਜਿਹੇ ਤ੍ਰਿਣਮੂਲ ਸਾਂਸਦ ਵੀ ਗ੍ਰਿਫਤਾਰ ਕੀਤੇ ਗਏ। ਇਨ੍ਹਾਂ ਹਾਲਤਾਂ 'ਚ ਇਨ੍ਹਾਂ ਮਸ਼ਹੂਰ ਲੋਕਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਸਵਾਲ ਆਉਣੇ ਸ਼ੁਰੂ ਹੋ ਗਏ, ਕਿਉਂਕਿ ਏਜੰਸੀ ਹੁਣ ਤੱਕ ਇਸ ਤਰ੍ਹਾਂ ਦੇ ਵੱਡੇ ਕਦਮ ਚੁਕਣ ਤੋਂ ਡਰਦੀ ਰਹੀ ਹੈ।
ਇਕ ਸੀਨੀਅਰ ਸੀ ਬੀ ਆਈ ਅਫਸਰ ਨੇ ਦੱਸਿਆ ਕਿ ਜਾਂਚ 'ਚ ਸਹਿਯੋਗ ਨਾ ਕਰਨਾ ਹੀ ਕਿਸੇ ਦੀ ਗ੍ਰਿਫਤਾਰੀ ਦਾ ਕਾਰਨ ਨਹੀਂ ਹੈ। ਕਿਸੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਹਾਸਲ ਕੀਤੇ ਗਏ ਸਬੂਤਾਂ ਨਾਲ ਉਸ ਦਾ ਸਾਹਮਣਾ ਕਰਾਇਆ ਜਾਂਦਾ ਹੈ। ਇਹ ਸਾਰਾ ਕੰਮ ਹਿਰਾਸਤ 'ਚ ਹੋਣ ਵਾਲੀ ਜਾਂਚ ਦੌਰਾਨ ਕੀਤਾ ਜਾਂਦਾ ਹੈ। ਜਾਂਚ ਕਾਰਨ ਹੀ ਤਿਆਗੀ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਗੱਲ ਦੇ ਮੁਕੰਮਲ ਸਬੂਤ ਮਿਲੇ ਹਨ ਕਿ ਉਨ੍ਹਾਂ ਨੂੰ ਵੱਡੀ ਰਿਸ਼ਵਤ ਦਿੱਤੀ ਗਈ ਹੈ। ਇਹ ਵੀ ਸਵਾਲ ਚੁਕੇ ਜਾ ਰਹੇ ਹਨ ਕਿ ਐੱਫ ਆਈ ਆਰ 2013 'ਚ ਦਰਜ ਕੀਤੀ ਗਈ, ਪਰ ਇਨ੍ਹਾਂ ਤਿੰਨ ਸਾਲਾਂ 'ਚ ਤਿਆਗੀ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ, ਜਦਕਿ ਉਹ ਕਈ ਵਾਰ ਏਜੰਸੀ ਦੇ ਸਾਹਮਣੇ ਪੇਸ਼ ਹੋਏ। ਅਧਿਕਾਰੀ ਨੇ ਕਿਹਾ ਕਿ ਤੁਸੀਂ ਕਦਮ ਨਾ ਚੁਕਣ ਤੇ ਐਕਸ਼ਨ ਲੈਣ 'ਤੇ ਹੀ ਸਵਾਲ ਨਹੀਂ ਚੁਕ ਸਕਦੇ। ਪ੍ਰਾਪਤ ਜਾਣਕਾਰੀ ਅਨੁਸਾਰ ਏਜੰਸੀ ਨੇ ਇਕ ਮਹਤਵਪੂਰਨ ਕਦਮ ਚੁਕਦੇ ਹੋਏ ਤਿਆਗੀ ਨੂੰ ਦਿੱਤੀ ਗਈ ਬੇਲ ਨੂੰ ਚੁਣੌਤੀ ਦਿੱਤੀ ਹੈ। ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਸੀ ਬੀ ਆਈ ਨੇ ਮੰਗ ਕੀਤੀ ਹੈ ਕਿ ਤਿਆਗੀ ਨੂੰ ਜੇਲ੍ਹ 'ਚ ਰੱਖਿਆ ਜਾਵੇ ਅਤੇ ਉਨ੍ਹਾਂ ਨੂੰ ਸ਼ੱਕ ਦੀ ਨਜ਼ਰ 'ਚ ਆਉਣ ਵਾਲਿਆਂ ਤੋਂ ਉਸ ਸਮੇਂ ਤੱਕ ਦੂਰ ਰੱਖਿਆ ਜਾਵੇ, ਜਦ ਤੱਕ ਸੀ ਬੀ ਆਈ ਚਾਰਜਸ਼ੀਟ ਫਾਈਲ ਕਰ ਨਹੀਂ ਦਿੰਦੀ। ਅਧਿਕਾਰੀ ਮੁਤਾਬਿਕ ਅਗਸਟਾ ਮਾਮਲੇ 'ਚ ਪਹਿਲੀ ਚਾਰਜਸ਼ੀਟ ਅਗਲੇ ਮਹੀਨੇ ਦਾਖਲ ਕੀਤੀ ਜਾਵੇਗੀ। 17 ਹਜ਼ਾਰ ਕਰੋੜ ਰੁਪਏ ਦੇ ਰੋਸ ਵੈਲੀ ਚਿਟਫੰਡ ਘਪਲੇ 'ਚ ਤ੍ਰਿਣਮੁਲ ਪਾਰਟੀ ਦੇ ਦੋ ਸਾਂਸਦ ਸੁਦੀਪ ਬੰਦੋਪਾਧਿਆਏ ਅਤੇ ਤਪਸ ਪਾਲ ਦੀ ਗ੍ਰਿਫਤਾਰੀ 'ਤੇ ਅਫਸਰ ਨੇ ਕਿਹਾ ਕਿ ਇਹ ਮਾਮਲਾ 2014 ਤੋਂ ਹੀ ਰੁਕਿਆ ਹੈ। ਪਹਿਲੀ ਚਾਰਜਸ਼ੀਟ ਦਾਖਲ ਹੈ ਚੁਕੀ ਹੈ। ਇਸ ਮਾਮਲੇ 'ਚ ਹੋਈ ਵੱਡੀ ਸਾਜ਼ਿਸ਼ ਅਤੇ ਪੈਸਿਆਂ ਦੀ ਹੇਰਾ-ਫੇਰੀ ਦੀ ਜਾਂਚ ਚੱਲ ਰਹੀ ਹੈ। ਅਸਥਾਨਾ ਦੇ ਅਹੁਦੇ 'ਤੇ ਬੈਠਣ ਦੇ ਇਕ ਹਫਤੇ ਬਾਅਦ ਹੀ 9 ਦਸੰਬਰ ਨੂੰ ਸੀ ਬੀ ਆਈ ਨੇ ਡੀ ਐੱਮ ਕੇ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਦਇਆਨਿਧੀ ਮਾਰਨ ਅਤੇ ਕਲਾਨਿਧੀ ਮਾਰਨ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਹੈ। ਗੈਰ-ਕਾਨੂੰਨੀ ਟੈਲੀਫੋਨ ਐਕਸਚੇਂਜ ਦੇ ਮਾਮਲੇ 'ਚ ਇਹ ਕਾਰਵਾਈ ਹੋਈ, ਜਿਹੜੀ 2013 ਤੋਂ ਰੁਕੀ ਹੋਈ ਸੀ। ਗੁਜਰਾਤ ਕੈਡਰ ਦੇ ਅਫਸਰ ਅਸਥਾਨਾ ਸੱਤਾਧਾਰੀ ਪਾਰਟੀ ਦੇ ਨਜ਼ਦੀਕੀ ਮੰਨੇ ਜਾਂਦੇ ਹਨ। ਉਨ੍ਹਾਂ ਦੇ ਇਕ ਨਜ਼ਦੀਕੀ ਅਫਸਰ ਮੁਤਾਬਿਕ ਅਸਥਾਨਾ ਸੱਤਾ ਅਤੇ ਵਿਰੋਧੀ ਧਿਰ ਦੀ ਰਾਜਨੈਤਿਕ ਜੰਗ 'ਚ ਫਸ ਗਏ ਹਨ। ਅਸਥਾਨਾ 'ਤੇ ਦੋਸ਼ ਹੈ ਕਿ ਉਹ ਸੀ ਬੀ ਆਈ ਦੇ ਡਾਇਰੈਕਟਰ ਬਨਣ ਯੋਗ ਨਹੀਂ ਹਨ। ਇਸ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਉਹ 1984 ਬੈਚ ਦੇ ਆਈ ਪੀ ਐੱਸ ਹਨ।
ਪ੍ਰਸ਼ਾਂਤ ਭੂਸ਼ਣ ਨੇ ਅਸਥਾਨਾ ਦੀ ਨਿਯੁਕਤੀ ਖਿਲਾਫ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ। ਉੱਥੇ ਕੇਂਦਰ ਸਰਕਾਰ ਨੂੰ ਅਗਲੇ ਡਾਇਰੈਕਟਰ ਦੀ ਚੋਣ ਕਰਨ ਲਈ ਇਕ ਮੀਟਿੰਗ ਬੁਲਾਈ ਹੈ। ਸੀ ਬੀ ਆਈ ਅਫਸਰਾਂ ਦਰਮਿਆਨ ਇਹ ਮਜ਼ਾਕ ਅੱਜਕੱਲ੍ਹ ਕਾਫੀ ਮਸ਼ਹੂਰ ਹੋ ਰਿਹਾ ਹੈ ਕਿ ਅਸਥਾਨਾ ਨੇ ਹੁਣ ਤੋਂ ਹੀ ਅਗਲੇ ਡਾਇਰੈਕਟਰ ਦੇ ਕੰਮ ਦਾ ਏਜੰਡਾ ਤਿਆਰ ਕਰ ਲਿਆ ਹੈ।