ਦੂਸਰਾ ਨਜੀਬ ਜੰਗ ਬਣਨ ਲੱਗੀ ਹੈ ਕਿਰਨ ਬੇਦੀ]

ਦਿੱਲੀ ਵਿੱਚ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹਰ ਪੱਖੋਂ ਠੀਕ ਨਹੀਂ ਕਿਹਾ ਜਾ ਸਕਦਾ ਤੇ ਹਰ ਪੱਖੋਂ ਗ਼ਲਤ ਵੀ ਨਹੀਂ ਕਿਹਾ ਜਾ ਸਕਦਾ। ਬਾਕੀ ਰਾਜਾਂ ਵਿੱਚ ਚੱਲ ਰਹੀਆਂ ਸਰਕਾਰਾਂ ਦੇ ਮੁਕਾਬਲੇ ਉਸ ਦੇ ਲਈ ਲੋਕਾਂ ਦੀ ਹਾਮੀ ਕੁਝ ਚੰਗੇ ਪੱਖ ਵਾਲੀ ਹੈ। ਇਸ ਦੇ ਬਾਵਜੂਦ ਕੇਂਦਰ ਸਰਕਾਰ ਉਸ ਨੂੰ ਚੱਲਣ ਨਹੀਂ ਦੇਂਦੀ। ਪਿਛਲਾ ਦੋ ਸਾਲਾਂ ਦੇ ਕਰੀਬ ਸਮਾਂ ਉਸ ਸਰਕਾਰ ਦੇ ਖ਼ਿਲਾਫ਼ ਇੱਕ ਜਾਂ ਦੂਸਰਾ ਮਾਮਲਾ ਉਛਾਲਿਆ ਜਾਂਦਾ ਰਿਹਾ ਤੇ ਇਸ ਦੇ ਨਾਲ ਉਸ ਸਰਕਾਰ ਦੇ ਕੰਮ ਵਿੱਚ ਅੜਿੱਕੇ ਡਾਹੇ ਜਾਂਦੇ ਰਹੇ ਸਨ। ਕਾਂਗਰਸ ਰਾਜ ਵਿੱਚ ਲਾਇਆ ਗਿਆ ਲੈਫਟੀਨੈਂਟ ਗਵਰਨਰ ਨਜੀਬ ਜੰਗ ਬਾਅਦ ਵਿੱਚ ਭਾਜਪਾ ਸਰਕਾਰ ਦਾ ਏਡਾ ਚਹੇਤਾ ਬਣ ਗਿਆ ਕਿ ਉਸ ਨੂੰ ਜਿਸ ਕਦਮ ਲਈ ਕਹਿ ਦਿੱਤਾ ਜਾਂਦਾ ਸੀ, ਉਹ ਸੰਵਿਧਾਨ ਵੇਖਣ ਦੀ ਥਾਂ ਨੰਬਰ ਬਣਾਉਣ ਲਈ ਫੁਰਤੀ ਨਾਲ ਸਿਰੇ ਚਾੜ੍ਹਨ ਦਾ ਯਤਨ ਕਰਦਾ ਸੀ। ਫਿਰ ਉਸ ਨੂੰ ਜਦੋਂ ਝਾਕ ਪੂਰੀ ਹੁੰਦੀ ਨਾ ਦਿੱਸੀ ਤਾਂ ਅਸਤੀਫਾ ਦੇ ਕੇ ਤੁਰ ਗਿਆ।
ਹੁਣ ਇਸ ਭੈੜੀ ਖੇਡ ਦਾ ਦੁਹਰਾਓ ਇੱਕ ਹੋਰ ਕੇਂਦਰੀ ਸ਼ਾਸਤ ਰਾਜ ਪੁੱਡੂਚੇਰੀ ਵਿੱਚ ਹੋ ਰਿਹਾ ਹੈ। ਜਿਹੜੀ ਕਿਰਨ ਬੇਦੀ ਨੂੰ ਕਦੇ ਭਾਜਪਾ ਨੇ ਦਿੱਲੀ ਦੀ ਮੁੱਖ ਮੰਤਰੀ ਦੇ ਅਹੁਦੇਦਾਰ ਵਜੋਂ ਉਭਾਰਿਆ ਸੀ ਤੇ ਫਿਰ ਉਹ ਬੜੀ ਬੁਰੀ ਤਰ੍ਹਾਂ ਫ਼ੇਲ੍ਹ ਹੋਈ ਸੀ, ਆਪਣੀ ਵਿਧਾਨ ਸਭਾ ਸੀਟ ਵੀ ਨਾ ਜਿੱਤ ਸਕੀ, ਉਹ ਹੁਣ ਪੁੱਡੂਚੇਰੀ ਵਿੱਚ ਲੈਫਟੀਨੈਂਟ ਗਵਰਨਰ ਹੈ। ਨਜੀਬ ਜੰਗ ਤੋਂ ਪਹਿਲਾਂ ਦਿੱਲੀ ਦੇ ਕਈ ਲੈਫਟੀਨੈਂਟ ਗਵਰਨਰ ਰਹੇ, ਪਰ ਕਿਸੇ ਨੇ ਸਰਕਾਰ ਦੇ ਕੰਮ ਵਿੱਚ ਅੜਿੱਕਾ ਕਦੇ ਨਹੀਂ ਸੀ ਡਾਹਿਆ। ਪੁੱਡੂਚੇਰੀ ਵਿੱਚ ਵੀ ਏਦਾਂ ਹੀ ਸੀ। ਜਦੋਂ ਦੀ ਕਿਰਨ ਬੇਦੀ ਓਥੇ ਜਾ ਪਹੁੰਚੀ, ਉਸ ਦਾ ਰਾਜ ਦੇ ਮੁੱਖ ਮੰਤਰੀ ਨਾਲ ਪੱਕਾ ਆਢਾ ਲੱਗਾ ਰਹਿੰਦਾ ਹੈ। ਹੁਣ ਗੱਲ ਕਾਫ਼ੀ ਅੱਗੇ ਵਧ ਗਈ ਹੈ।
ਕਿਰਨ ਬੇਦੀ ਨੇ ਪਿਛਲੇ ਦਿਨੀਂ ਲੈਫਟੀਨੈਂਟ ਗਵਰਨਰ ਵਜੋਂ ਇੱਕ ਵਾਟਸ ਐਪ ਗਰੁੱਪ ਬਣਾ ਕੇ ਅਫ਼ਸਰਾਂ ਨੂੰ ਉਸ ਗਰੁੱਪ ਨਾਲ ਜੁੜਨ ਲਈ ਕਿਹਾ ਸੀ। ਮਕਸਦ ਇਹ ਦੱਸਿਆ ਸੀ ਕਿ ਇਸ ਗਰੁੱਪ ਦੇ ਨਾਲ ਹਰ ਪ੍ਰਾਜੈਕਟ ਬਾਰੇ ਫੁਰਤੀ ਨਾਲ ਸਲਾਹ ਆਦਿ ਹੋ ਸਕੇਗੀ ਤੇ ਲੋੜ ਪੈਣ ਉੱਤੇ ਕੋਈ ਸੂਚਨਾ ਵੀ ਦਿੱਤੀ ਜਾਂ ਲਈ ਜਾ ਸਕੇਗੀ। ਏਦਾਂ ਦਾ ਵਾਟਸ ਐਪ ਗਰੁੱਪ ਹੋਰ ਕਿਸੇ ਰਾਜ ਵਿੱਚ ਚੱਲਦਾ ਹੋਣ ਦੀ ਕੋਈ ਖ਼ਬਰ ਕਦੇ ਨਹੀਂ ਸੁਣੀ ਗਈ। ਇਸ ਗਰੁੱਪ ਵਿੱਚੋਂ ਚੰਗਾ ਕੀ ਨਿਕਲਿਆ, ਇਹ ਤਾਂ ਪਤਾ ਨਹੀਂ, ਪਰ ਇਹ ਗੱਲ ਲੋਕਾਂ ਤੱਕ ਪਹੁੰਚ ਗਈ ਕਿ ਇੱਕ ਅਫ਼ਸਰ ਨੇ ਗਰੁੱਪ ਵਿੱਚ ਕੋਈ ਬੇਹੂਦਗੀ ਵਾਲੀ ਪੋਸਟ ਜੜ ਦਿੱਤੀ ਸੀ, ਜਿਸ ਨਾਲ ਬਦਨਾਮੀ ਹੋਈ ਸੀ।
ਮੁੱਖ ਮੰਤਰੀ ਨਰਾਇਣਾਸਾਮੀ ਕਾਂਗਰਸ ਪਾਰਟੀ ਦਾ ਹੈ ਤੇ ਕਾਂਗਰਸ ਪਾਰਟੀ ਦੀਆਂ ਅਰੁਣਾਚਲ ਪ੍ਰਦੇਸ਼ ਅਤੇ ਉੱਤਰਾ ਖੰਡ ਦੀਆਂ ਸਰਕਾਰਾਂ ਨਾਲ ਗਵਰਨਰਾਂ ਦੇ ਰਾਹੀਂ ਭਾਜਪਾ ਨੇ ਜੋ ਵਿਹਾਰ ਕੀਤਾ ਹੈ, ਉਸ ਬਾਰੇ ਸਾਰਿਆਂ ਨੂੰ ਪਤਾ ਹੈ। ਇਸ ਕੇਂਦਰੀ ਸ਼ਾਸਤ ਰਾਜ ਵਿੱਚ ਗਵਰਨਰ ਦੀ ਥਾਂ ਲੈਫਟੀਨੈਂਟ ਗਵਰਨਰ ਹੈ ਅਤੇ ਇਹ ਅਹੁਦਾ ਕਿਰਨ ਬੇਦੀ ਕੋਲ ਹੈ, ਜਿਹੜੀ ਦਿੱਲੀ ਦੀ ਮੁੱਖ ਮੰਤਰੀ ਬਣਨ ਤੁਰੀ ਤੇ ਆਪਣੀ ਸੀਟ ਵੀ ਹਾਰਨ ਦੇ ਬਾਅਦ ਦਿੱਲੀ ਰਹਿਣ ਦੀ ਥਾਂ ਦੂਰ ਸਮੁੰਦਰ ਕੰਢੇ ਇਸ ਸ਼ਾਹੀ ਸੀਟ ਉੱਤੇ ਜਾ ਬੈਠੀ ਹੈ। ਕਾਂਗਰਸੀ ਮੁੱਖ ਮੰਤਰੀ ਨੇ ਅਫ਼ਸਰਾਂ ਨੂੰ ਇਹ ਠੀਕ ਹਦਾਇਤ ਦਿੱਤੀ ਸੀ ਕਿ ਉਹ ਵਿਭਾਗਾਂ ਦੇ ਅਧਿਕਾਰਤ ਕੰਮਾਂ ਬਾਰੇ ਵਾਟਸ ਐਪ ਜਾਂ ਹੋਰ ਸੋਸ਼ਲ ਸਾਈਟਾਂ ਦੀ ਵਰਤੋਂ ਕਰਨ ਤੋਂ ਇਸ ਲਈ ਗੁਰੇਜ਼ ਕਰਨ ਕਿ ਇਨ੍ਹਾਂ ਸਾਈਟਾਂ ਦੇ ਮੁੱਖ ਸਰਵਰ ਭਾਰਤ ਵਿੱਚ ਨਹੀਂ, ਦੂਸਰੇ ਦੇਸ਼ਾਂ ਦੇ ਵਿੱਚ ਹਨ ਅਤੇ ਇਸ ਤਰ੍ਹਾਂ ਦੇਸ਼ ਦੇ ਰਾਜ਼ ਵਿਦੇਸ਼ੀ ਤਾਕਤਾਂ ਹੱਥ ਜਾ ਸਕਦੇ ਹਨ। ਕਿਰਨ ਬੇਦੀ ਇਸ ਤੋਂ ਭੜਕ ਉੱਠੀ।
ਅਸਲ ਵਿੱਚ ਕਿਰਨ ਬੇਦੀ ਦੇ ਭੜਕਣ ਦਾ ਕਾਰਨ ਇਹ ਹੈ ਕਿ ਉਹ ਮੁੱਖ ਮੰਤਰੀ ਤੋਂ ਬਾਈਪਾਸ ਹੋ ਕੇ ਉਸ ਰਾਜ ਦੀ ਅਫ਼ਸਰਸ਼ਾਹੀ ਨੂੰ ਅਣ-ਐਲਾਨੇ ਤੌਰ ਉੱਤੇ ਆਪਣੀ ਕਮਾਨ ਹੇਠ ਲੈਣਾ ਚਾਹੁੰਦੀ ਹੈ। ਉਹ ਇਸ ਨਜ਼ਾਕਤ ਨੂੰ ਵੀ ਨਜ਼ਰ ਅੰਦਾਜ਼ ਕਰ ਰਹੀ ਹੈ ਕਿ ਅਮਰੀਕਾ ਦੀ ਚੋਣ ਵਿੱਚ ਹਿਲੇਰੀ ਕਲਿੰਟਨ ਦੀ ਹਾਰ ਦਾ ਕਾਰਨ ਉਸ ਵੱਲੋਂ ਸਰਕਾਰੀ ਕੰਮਾਂ ਲਈ ਓਥੇ ਗ਼ੈਰ-ਸਰਕਾਰੀ ਪ੍ਰੋਵਾਈਡਰ ਸਾਈਟਾਂ ਦੀ ਈਮੇਲ ਦੀ ਵਰਤੋਂ ਕਰਨਾ ਸੀ, ਜਿਸ ਕਾਰਨ ਇਹ ਕੇਸ ਬਣ ਗਿਆ ਕਿ ਉਸ ਨੇ ਸਰਕਾਰੀ ਰਾਜ਼ ਲੀਕ ਹੋਣ ਬਾਰੇ ਚਿੰਤਾ ਨਹੀਂ ਕੀਤੀ। ਇਹ ਗੱਲ ਕਿਰਨ ਬੇਦੀ ਦੇ ਬਾਰੇ ਕਹੀ ਜਾ ਸਕਦੀ ਹੈ। ਉਹ ਆਪਣੀ ਧੌਂਸ ਲਈ ਸਰਕਾਰੀ ਭੇਦਾਂ ਦੇ ਗੁਪਤ ਹੋਣ ਤੋਂ ਵੀ ਬੇਫ਼ਿਕਰ ਹੈ। ਪੁੱਡੂਚੇਰੀ ਸਦਾ ਤੋਂ ਬਾਕੀ ਭਾਰਤ ਦੇ ਨਾਲ ਨਹੀਂ ਸੀ ਰਿਹਾ। ਆਜ਼ਾਦੀ ਤੋਂ ਬਾਅਦ ਗੋਆ ਵਾਂਗ ਪੁੱਡੂਚੇਰੀ ਵੀ ਕੁਝ ਸਾਲ ਯੂਰਪੀ ਦੇਸ਼ ਫਰਾਂਸ ਦੀ ਮਾਲਕੀ ਗਿਣਿਆ ਜਾਂਦਾ ਰਿਹਾ ਸੀ। ਪਹਿਲਾਂ 1954 ਵਿੱਚ ਅਮਲੀ ਤੌਰ ਉੱਤੇ ਅਤੇ ਫਿਰ 1962 ਵਿੱਚ ਇਹ ਕਾਨੂੰਨੀ ਤੌਰ ਉੱਤੇ ਆਜ਼ਾਦ ਭਾਰਤ ਵਿੱਚ ਸ਼ਾਮਲ ਹੋ ਸਕਿਆ ਸੀ। ਟਾਪੂਆਂ ਵਿੱਚ ਖਿੱਲਰਿਆ ਇਹ ਦੇਸ਼ ਅੱਜ ਤੱਕ ਸੁਰੱਖਿਆ ਪੱਖੋਂ ਬਹੁਤ ਨਾਜ਼ਕ ਸਮਝਿਆ ਜਾਂਦਾ ਹੈ ਤੇ ਇਸ ਗੱਲ ਨੂੰ ਯਾਦ ਰੱਖਣਾ ਚਾਹੀਦਾ ਹੈ।
ਭਾਜਪਾ ਲੀਡਰਸ਼ਿਪ ਨੂੰ ਇੱਕ ਗੱਲ ਹੋਰ ਯਾਦ ਰੱਖਣੀ ਚਾਹੀਦੀ ਹੈ। ਦਿੱੱਲੀ ਦਾ ਸਾਬਕਾ ਮੁੱਖ ਮੰਤਰੀ ਤੇ ਕੁਝ ਚਿਰ ਕੇਂਦਰੀ ਮੰਤਰੀ ਰਹਿ ਚੁੱਕਾ ਮਦਨ ਲਾਲ ਖੁਰਾਣਾ ਜਦੋਂ ਰਾਜਸਥਾਨ ਵਿੱਚ ਗਵਰਨਰ ਲਾਇਆ ਗਿਆ ਤਾਂ ਉਸ ਨੇ ਭਾਜਪਾ ਮੁੱਖ ਮੰਤਰੀ ਵਸੁੰਧਰਾ ਰਾਜੇ ਤੋਂ ਬਾਈਪਾਸ ਹੋ ਕੇ ਅਫ਼ਸਰਸ਼ਾਹੀ ਨੂੰ ਕਮਾਂਡ ਕਰਨ ਦਾ ਕੰਮ ਛੋਹਿਆ ਸੀ ਤੇ ਵਸੁੰਧਰਾ ਰਾਜੇ ਦੀ ਸ਼ਿਕਾਇਤ ਉੱਤੇ ਵਾਜਪਾਈ ਸਰਕਾਰ ਨੂੰ ਉਸ ਨੂੰ ਲਾਹੁਣਾ ਪਿਆ ਸੀ। ਕਿਸੇ ਵੀ ਮੁੱਖ ਮੰਤਰੀ ਨੂੰ ਬਾਈਪਾਸ ਲੰਘ ਕੇ ਇਸ ਤਰ੍ਹਾਂ ਦਾ ਵਿਹਾਰ ਕਰਨਾ ਕਿਸੇ ਲੈਫਟੀਨੈਂਟ ਗਵਰਨਰ ਵੱਲੋਂ ਆਪਣੇ ਆਪ ਨੂੰ ਵੱਖਰੇ ਗ਼ੈਰ-ਸੰਵਿਧਾਨਕ ਸੱਤਾ ਕੇਂਦਰ ਵਜੋਂ ਉਭਾਰਨਾ ਹੁੰਦਾ ਹੈ। ਇਹ ਕੰਮ ਕਿਰਨ ਬੇਦੀ ਕਰਦੀ ਪਈ ਹੈ। ਪੁਲਸ ਅਫ਼ਸਰ ਰਹਿ ਚੁੱਕੀ ਇਹ ਬੀਬੀ ਡਿਸਿਪਲਿਨ ਦਾ ਨਾਂਅ ਤਾਂ ਜਾਣਦੀ ਹੈ, ਪਰ ਡਿਸਿਪਲਿਨ ਵਿੱਚ ਰਹਿਣ ਦੀ ਥਾਂ ਅਫ਼ਸਰਾਂ ਨੂੰ ਡਿਸਿਪਲਿਨ ਤੋੜਨ ਦਾ ਰਾਹ ਦੱਸਦੀ ਜਾਪ ਰਹੀ ਹੈ। ਉਹ ਨਵਾਂ ਨਜੀਬ ਜੰਗ ਬਣਨਾ ਚਾਹੁੰਦੀ ਹੋ ਸਕਦੀ ਹੈ।