ਸੌ ਦਿਨ ਕੰਮ ਦੀ ਗਰੰਟੀ ਦਾ ਹੱਕ ਕਿਸੇ ਕੀਮਤ 'ਤੇ ਖੋਹਣ ਨਹੀਂ ਦਿਆਂਗਾ : ਜਗਰੂਪ


ਸ੍ਰੀ ਮੁਕਤਸਰ ਸਾਹਿਬ
(ਸ਼ਮਿੰਦਰਪਾਲ, ਕੁਲਭੂਸ਼ਨ ਚਾਵਲਾ)
ਸਥਾਨਕ ਗੁਰੂ ਗੋਬਿੰਦ ਸਿੰਘ ਪਾਰਕ ਵਿਖੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਸੂਬਾਈ ਮੁੱਖ ਸਲਾਹਕਾਰ ਕਾਮਰੇਡ ਜਗਰੂਪ ਸਿੰਘ ਦੀ ਅਗਵਾਈ 'ਚ ਇਕ ਵੱਡੀ ਇਕੱਤਰਤਾ ਹੋਈ। ਇਸ ਮੌਕੇ ਸੰਬੋਧਨ ਕਰਦਿਆਂ ਕਾਮਰੇਡ ਜਗਰੂਪ ਸਿੰਘ ਨੇ ਕਿਹਾ ਕਿ ਨਰੇਗਾ ਪਾਰਦਰਸ਼ਤਾ ਨੂੰ ਲਾਏ ਜਾ ਰਹੇ ਖੋਰੇ ਵਿਰੁੱਧ ਨਰੇਗਾ ਕਾਮਿਆਂ 'ਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਅਧਿਕਾਰੀਆਂ ਦੀ ਗਲਤੀ ਨਾਲ ਮਸਟਰ ਰੋਲ ਦੀਆਂ ਗੈਰ ਹਾਜ਼ਰੀਆਂ ਨੂੰ ਵੀ 100 ਦਿਨ ਗਰੰਟੀ 'ਚ ਸ਼ਾਮਲ ਕਰਕੇ, ਗੈਰ ਹਾਜ਼ਰ ਨੂੰ ਵੀ 100 ਦਿਨ ਗਰੰਟੀ ਵਿਚ ਸ਼ਾਮਲ ਕਰਕੇ ਗੈਰ ਹਾਜ਼ਰ ਨੂੰ ਸਜ਼ਾ ਦਿੱਤੀ ਜਾ ਰਹੀ ਹੈ ਕਿ ਤੇਰੇ ਸੌ ਦਿਨ ਪੂਰੇ ਹੋ ਗਏ, ਜਦੋਂ ਕਿ ਉਸ ਨੇ ਅਜੇ 50 ਦਿਨ ਹੀ 'ਕੰਮ ਗਰੰਟੀ ਦਿਨ' ਪੂਰੇ ਕੀਤੇ ਹਨ ਅਤੇ ਉਸ ਨੂੰ ਕੰਮ ਤੋਂ ਜਵਾਬ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 10 ਦਿਨ ਪਹਿਲਾਂ 27 ਦਸੰਬਰ ਨੂੰ ਰੋਸ ਪ੍ਰਗਟ ਕਰਦਿਆਂ ਨਰੇਗਾ ਅਧਿਕਾਰੀਆਂ ਨੇ ਕਿਹਾ ਸੀ ਕਿ 7 ਦਿਨ 'ਚ ਗਲਤੀ ਠੀਕ ਕਰਕੇ ਕੰਮ ਦੇ ਦਿੱਤਾ ਜਾਵੇਗਾ, ਉਹ ਅਜੇ ਤੱਕ ਵੀ ਗਲਤੀ ਠੀਕ ਨਹੀਂ ਕੀਤੀ ਸਗੋਂ ਕੰਮ ਤੋਂ ਜਵਾਬ ਵਧੇਰੇ ਮਿਲਣ ਲੱਗਾ ਹੈ।
ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਐਲਾਨ ਕੀਤਾ ਕਿ 100 ਦਿਨ ਦੀ ਗਰੰਟੀ ਦਾ ਕੰਮ ਕਿਸੇ ਵੀ ਕੀਮਤ 'ਤੇ ਖੋਹਣ ਨਹੀਂ ਦਿੱਤਾ ਜਾਵੇਗਾ ਅਤੇ ਇਸ ਖਾਤਰ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਹਰਲਾਭ ਸਿੰਘ, ਦੂਹੇਵਾਲਾ, ਨਰੇਗਾ ਆਗੂ ਬੋਹੜ ਸਿੰਘ, ਗੁਰਤੇਜ ਸਿੰਘ ਸਰਪੰਚ ਬਾਂਮ, ਚੰਬਾ ਸਿੰਘ ਵਾੜਾ ਕਿਸ਼ਨਪੁਰਾ, ਦਰਸ਼ਨ ਸਿੰਘ ਫੱਤਣਵਾਲਾ, ਗਿਆਨ ਸਿੰਘ ਚੱਕ ਕਾਲਾ ਸਿੰਘ ਵਾਲਾ, ਜੈਮਲ ਸਿੰਘ ਭੰਗਚੜ੍ਹੀ ਅਤੇ ਮਨਜੀਤ ਸਿੰਘ ਬਰਕੰਦੀ ਆਦਿ ਬੁਲਾਰਿਆਂ ਨੇ ਉਜਰਤਾ ਦੀ ਅਦਾਇਗੀ ਅਤੇ ਤਰੁੱਟੀਆਂ ਦੂਰ ਕਰਕੇ ਨਰੇਗਾ ਨੂੰ ਪਾਰਦਰਸ਼ੀ ਢੰਗ ਨਾਲ ਚਲਾਉਣ 'ਤੇ ਜ਼ੋਰ ਦਿੱਤਾ। ਇਸ ਤੋਂ ਉਪਰੰਤ ਨਰੇਗਾ ਕਾਮਿਆਂ ਵੱਲੋਂ ਏ ਡੀ ਸੀ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ।
ਇਸ ਦੌਰਾਨ ਕਾਮਿਆਂ ਵੱਲੋਂ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਆਗੂਆਂ ਨੇ ਮੰਗ ਕੀਤੀ ਕਿ ਮਸਟਰ ਰੋਲ ਦੀਆਂ ਗੈਰ ਹਾਜ਼ਰੀਆਂ ਜੋੜਨ ਵਾਲੀ ਗਲਤੀ ਠੀਕ ਕੀਤੀ ਜਾਵੇ। ਏ ਡੀ ਸੀ ਵੱਲੋਂ ਇਕ ਹਫ਼ਤੇ 'ਚ ਇਸ ਮੰਗ ਨੂੰ ਪੂਰਾ ਕਰਨ ਦਾ ਵਿਸ਼ਵਾਸ ਦਿਵਾਉਣ ਤੋਂ ਬਾਅਦ ਧਰਨਾ ਚੁੱਕਿਆ ਗਿਆ। ਇਸ ਮੌਕੇ ਵੱਡੀ ਗਿਣਤੀ 'ਚ ਵੱਖ-ਵੱਖ ਪਿੰਡਾਂ ਦੇ ਨਰੇਗਾ ਰੁਜ਼ਗਾਰ ਪ੍ਰਾਪਤ ਕਾਮੇ ਹਾਜ਼ਰ ਸਨ।