ਨਹੀਂ ਰਹੇ ਓਮ ਪੁਰੀ!


ਮੁੰਬਈ (ਨਵਾਂ ਜਮਾਨਾ ਸਰਵਿਸ)
ਮੰਨੇ-ਪਰਮੰਨੇ ਫਿਲਮੀ ਕਲਾਕਾਰ ਓਮ ਪੁਰੀ ਦੀ ਮੌਤ ਹੋ ਗਈ, ਜਿਨ੍ਹਾਂ ਦੀ ਉਮਰ 66 ਸਾਲ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ ਓਮ ਪੁਰੀ ਦੀ ਉਨ੍ਹਾਂ ਦੇ ਘਰ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਓਮ ਪੁਰੀ ਨੇ 'ਆਕ੍ਰੋਸ਼', 'ਅਰਧ ਸੱਤਿਆ', 'ਗੁਪਤ', 'ਜਾਨੇ ਭੀ ਦੋ ਯਾਰੋ', 'ਚਾਚੀ 420' ਅਤੇ 'ਮਾਲਾਮਾਲ ਵੀਕਲੀ' ਵਰਗੀਆਂ ਫਿਲਮਾਂ 'ਚ ਯਾਦਗਾਰ ਭੂਮਿਕਾ ਨਿਭਾਈ ਸੀ। ਉਨ੍ਹਾਂ ਦੀ ਵੱਡੇ ਪਰਦੇ 'ਤੇ ਆਉਣ ਵਾਲੀ ਅਖੀਰਲੀ ਫਿਲਮ ਦਾ ਨਾਂਅ 'ਘਾਇਲ ਰਿਟਰਨਜ਼' ਸੀ। ਓਮ ਪੁਰੀ ਨੇ ਆਪਣੀ ਮੁੱਢਲੀ ਸਿਖਲਾਈ ਪੰਜਾਬ ਦੇ ਪਟਿਆਲਾ ਤੋਂ ਪੂਰੀ ਕੀਤੀ ਸੀ। ਪਦਮਸ੍ਰੀ ਨਾਲ ਸਨਮਾਨੇ ਗਏ ਓਮ ਪੁਰੀ ਨੇ 1973 'ਚ ਰਾਸ਼ਟਰੀ ਨਾਟ ਵਿਦਿਆਲੇ ਤੋਂ ਗ੍ਰੈਜੂਏਸ਼ਨ ਕੀਤੀ ਸੀ। 1976 'ਚ ਪੁਣੇ ਫਿਲਮ ਸੰਸਥਾਨ ਤੋਂ ਸਿਖਲਾਈ ਪ੍ਰਾਪਤ ਕਰਨ ਤੋਂ ਬਾਅਦ ਓਮ ਪੁਰੀ ਨੇ 1 ਸਾਲ ਤੋਂ ਵੀ ਵੱਧ ਸਮੇਂ ਤੱਕ ਸਟੂਡੀਓ 'ਚ ਫਿਲਮ ਅਦਾਕਾਰੀ ਦੀ ਸਿਖਿਆ ਦਿੱਤੀ। ਬਾਅਦ 'ਚ ਓਮ ਪੁਰੀ ਨੇ ਆਪਣੇ ਨਿੱਜੀ ਥੀਏਟਰ ਗਰੁਪ 'ਮਜ਼ਮਾ' ਦੀ ਨੀਂਹ ਰੱਖੀ। 1976 'ਚ ਮਰਾਠੀ ਫਿਲਮ ਘਾਸੀਰਾਮ ਕੋਤਵਾਲ ਤੋਂ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਬਾਲੀਵੁੱਡ ਅਤੇ ਕ੍ਰਿਕਟ ਦੇ ਕਈ ਮਾਹਿਰਾਂ ਨੇ ਉਨ੍ਹਾਂ ਦੇ ਜਾਣ 'ਤੇ ਅਫਸੋਸ ਜ਼ਾਹਿਰ ਕੀਤਾ।
ਪ੍ਰਧਾਨ ਮੰਤਰੀ ਦਫਤਰ ਦੇ ਟਵੀਟ ਹੈਂਡਲ ਤੋਂ ਲਿਖਿਆ ਗਿਆ ਕਿ ਪ੍ਰਧਾਨ ਮੰਤਰੀ ਥੀਏਟਰ ਅਤੇ ਫਿਲਮਾਂ 'ਚ ਓਮ ਪੁਰੀ ਦੇ ਲੰਮੇ ਸਫਰ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੀ ਮੌਤ 'ਤੇ ਅਫਸੋਸ ਕਰਦੇ ਹਨ।
ਉਨ੍ਹਾਂ ਦੇ ਪੁਰਾਣੇ ਸਾਥੀ ਅਤੇ ਮੰਨੇ-ਪਰਮੰਨੇ ਫਿਲਮ ਕਲਾਕਾਰ ਅਨੁਪਮ ਖੇਰ ਨੇ ਲਿਖਿਆ ਹੈ ਕਿ ਬਿਸਤਰ 'ਤੇ ਲੰਮੇ ਪਏ ਓਮ ਪੁਰੀ ਸ਼ਾਂਤ ਦਿਖ ਰਹੇ ਹਨ। ਪੱਕੇ ਤੌਰ 'ਤੇ ਮੰਨਣਾ ਮੁਸ਼ਕਿਲ ਹੈ ਕਿ ਮਹਾਨ ਕਲਾਕਾਰਾਂ 'ਚੋਂ ਇਕ ਓਮ ਪੁਰੀ ਹੁਣ ਸਾਡੇ ਵਿਚਕਾਰ ਨਹੀਂ ਹਨ। ਫਿਲਮ ਕਲਾਕਾਰ ਰਿਤੇਸ਼ ਦੇਸ਼ਮੁਖ ਨੇ ਟਵਿਟਰ 'ਚ ਲਿਖਿਆ ਕਿ ਓਮ ਪੁਰੀ ਦੇ ਜਾਣ ਦੀ ਖਬਰ ਸੁਣ ਕੇ ਵੱਡਾ ਧੱਕਾ ਲੱਗਾ ਹੈ। ਕ੍ਰਿਕਟ ਖਿਡਾਰੀ ਮੁਹੰਮਦ ਕੈਫ਼ ਨੇ ਓਮ ਪੁਰੀ ਦੀਆਂ ਚੋਟੀ ਦੀਆਂ ਫਿਲਮਾਂ 'ਚੋਂ 'ਅਰਧ ਸੱਤਿਆ' ਦੀ ਤਸਵੀਰ ਟਵਿਟਰ 'ਤੇ ਦਿਖਾਉਂਦੇ ਹੋਏ ਲਿਖਿਆ ਕਿ ਭਾਰਤੀ ਸਿਨੇਮਾ ਦੇ ਸਭ ਤੋਂ ਵਧੀਆ ਫਿਲਮ ਕਲਾਕਾਰ ਦੇ ਜਾਣ ਨਾਲ ਦੁੱਖ ਹੋ ਰਿਹਾ ਹੈ। ਓਮ ਰਾਜੇਸ਼ ਪੁਰੀ ਦਾ ਜਨਮ 18 ਅਕਤੂਬਰ 1950 ਵਿਚ ਪਟਿਆਲਾ ਪੰਜਾਬ ਵਿਚ ਹੋਇਆ ਸੀ। ਓਮ ਪੁਰੀ ਨੇ 1976 ਵਿੱਚ ਫਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਅਤੇ ਉਨ੍ਹਾਂ ਦੀ ਪਹਿਲੀ ਫਿਲਮ ਘਾਸੀ ਰਾਮ ਕੋਤਵਾਲ ਸੀ।
ਇਸ ਤੋਂ ਬਾਅਦ ਉਨ੍ਹਾਂ ਨੇ ਫਿਲਮਾਂ, ਟੀ.ਵੀ ਲੜੀਵਾਰ ਅਤੇ ਨਾਟਕਾਂ ਵਿੱਚ ਕੰਮ ਕੀਤਾ ਹੈ।ਹਿੰਦੀ ਅਤੇ ਦੂਜੀਆਂ ਭਾਰਤੀ ਭਾਸ਼ਾਵਾਂ ਦੇ ਇਲਾਵਾ ਉਨ੍ਹਾਂ ਨੇ ਸੱਤ ਤੋਂ ਵੱਧ ਅੰਗਰੇਜ਼ੀ ਫਿਲਮਾਂ ਵਿੱਚ ਵੀ ਕੰਮ ਕੀਤਾ, ਜਿਨ੍ਹਾਂ ਵਿੱਚ ਸਿਟੀ ਆਫ਼ ਜਵਾਏ, ਦੀ ਪੇਰੋਲ ਆਫ਼ੀਸਰ, ਹੈਪੀ ਕਿਸ਼ਤੀ, ਦੀ ਜੌ ਕੀਪਰ, ਘੋਸਟ ਐਂਡ ਡਾਰਕਨਜ਼ ਅਤੇ ਗਾਂਧੀ ਵਗ਼ੈਰਾ ਸ਼ਾਮਲ ਹਨ।ਇਸ ਦੇ ਇਲਾਵਾ ਉਨ੍ਹਾਂ ਨੇ ਈਸਟ ਅਜ ਈਸਟ, ਵ੍ਹਾਈਟ ਟੀਥ ਅਤੇ ਕਨੱਟਰ ਬਰੀ ਟੇਲ ਜਿਵੇਂ ਅੰਗਰੇਜ਼ੀ ਟੀ.ਵੀ ਲੜੀਵਾਰਾਂ ਵਿੱਚ ਵੀ ਅਭਿਨੇਤਾ ਦੇ ਤੌਰ 'ਤੇ ਕੰਮ ਕੀਤਾ ਹੈ।ਫਿਲਮ ਜਗਤ ਦਾ ਨਾਇਕ ਓਮ ਰਾਜੇਸ਼ ਪੁਰੀ ਦਾ ਪੂਰਾ ਜੀਵਨ ਸੰਘਰਸ਼ਮਈ ਰਿਹਾ।18 ਅਕਤੂਬਰ 1950 ਵਿਚ ਪਟਿਆਲਾ ਵਿੱਚ ਜਨਮੇ ਓਮ ਨੇ ਭਾਰਤੀ ਅਤੇ ਬ੍ਰਿਟਿਸ਼ ਫਿਲਮਾਂ, ਕਲਾ ਫਿਲਮਾਂ ਅਤੇ ਥੀਏਟਰ ਵਿਚ ਬਹੁਤ ਪ੍ਰਸਿੱਧੀ ਹਾਸਲ ਕੀਤੀ।ਫਿਲਮਾਂ ਵਿੱਚ ਪਾਏ ਗਏ ਯੋਗਦਾਨ ਕਾਰਨ ਓਮ ਪੁਰੀ ਨੂੰ ਪਦਮਸ਼੍ਰੀ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ।ਓਮ ਦਾ ਜੀਵਨ ਬਹੁਤ ਹੀ ਸੰਘਰਸ਼ ਭਰਿਆ ਰਿਹਾ।ਘਰੇਲੂ ਮਜਬੂਰੀਆਂ ਦੇ ਕਾਰਨ ਉਸ ਨੇ 7 ਸਾਲ ਦੀ ਉਮਰ ਵਿਚ ਹੀ ਚਾਹ ਵੇਚਣੀ ਸ਼ੁਰੂ ਕਰ ਦਿੱਤੀ ਸੀ।ਚਾਹ ਵੇਚਣ ਵਾਲੇ ਲੜਕੇ ਦਾ ਫਿਲਮੀ ਦੁਨੀਆ ਵਿਚ ਛਾ ਜਾਣਾ ਹੀ ਓਮ ਦੀ ਸ਼ਖਸੀਅਤ ਦਾ ਹਿੱਸਾ ਸੀ।
ਓਮ ਪੁਰੀ ਦਾ ਸੁਭਾਅ ਗੁੱਸੇ ਵਾਲਾ ਸੀ।ਇਸ ਕਾਰਨ ਕਈ ਵਾਰ ਉਹ ਵਿਵਾਦਾਂ ਵਿੱਚ ਰਿਹਾ। ਓਮ ਪੁਰੀ ਦੀ ਪਤਨੀ ਨੇ ਉਸ ਦੇ ਜੀਵਨ ਬਾਰੇ ਲਿਖੀ ਕਿਤਾਬ ਵਿਚ ਦੱਸਿਆ ਹੈ,” ਓਮ ਦਾ ਪਿਤਾ ਵੀ ਬਹੁਤ ਗੁੱਸੇ ਵਾਲਾ ਸੀ, ਇਸ ਕਾਰਨ ਹਰ 6 ਮਹੀਨੇ ਮਗਰੋਂ ਉਹ ਨੌਕਰੀ ਛੱਡ ਕੇ ਘਰ ਬੈਠ ਜਾਂਦਾ ਸੀ। ਇਸ ਕਾਰਨ ਉਨ੍ਹਾਂ ਦੇ ਘਰ ਇੰਨੀ ਗਰੀਬੀ ਪੈ ਗਈ ਕਿ ਓਮ ਨੂੰ 7 ਸਾਲ ਦੀ ਉਮਰ ਤੋਂ ਚਾਹ ਦੀ ਦੁਕਾਨ 'ਤੇ ਬਰਤਨ ਸਾਫ ਕਰਨ ਦਾ ਕੰਮ ਕਰਨਾ ਪਿਆ।”
ਓਮ ਦੀ ਇੱਛਾ ਇਕ ਫੌਜੀ ਬਣਨ ਦੀ ਸੀ, ਪਰ ਪਰਵਾਰ ਦੀਆਂ ਮੁਸ਼ਕਿਲਾਂ ਕਾਰਨ ਅਜਿਹਾ ਨਾ ਹੋ ਸਕਿਆ।ਉਸ ਨੂੰ ਉਸ ਦੇ ਮਾਮੇ ਦੇ ਕੋਲ ਭੇਜ ਦਿੱਤਾ ਗਿਆ ਤਾਂ ਕਿ ਪਰਵਾਰ ਦੇ ਸਿਰ ਤੋਂ ਕੁੱਝ ਭਾਰ ਘੱਟ ਸਕੇ।ਨੌਵੀਂ ਜਮਾਤ ਵਿਚ ਪੜ੍ਹਦੇ ਓਮ ਨੂੰ ਅਭਿਨੇਤਾ ਬਣਨ ਦਾ ਸ਼ੌਕ ਉਸ ਸਮੇਂ ਹੋਇਆ, ਜਦ ਉਸ ਨੇ ਲਖਨਊ ਵਿਚ ਹੋਣ ਵਾਲੇ ਫਿਲਮ ਆਡੀਸ਼ਨ ਬਾਰੇ ਸੁਣਿਆ।ਓਮ ਨੇ 'ਫਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ ਆੱਫ ਇੰਡੀਆ', ਪੁਣੇ ਤੋਂ ਗ੍ਰੈਜੂਏਸ਼ਨ ਕੀਤੀ।1973 ਵਿਚ ਨਸੀਰੂਦੀਨ ਸ਼ਾਹ ਨਾਲ ਉਸ ਨੇ ਥੀਏਟਰ ਦੀ ਪੜ੍ਹਾਈ ਕੀਤੀ।ਸ਼ੁਰੂ ਵਿਚ ਬਹੁਤ ਹੀ ਘੱਟ ਤਨਖਾਹ 'ਤੇ ਅਦਾਕਾਰੀ ਸ਼ੁਰੂ ਕੀਤੀ।
'ਘਾਇਲ' ਫਿਲਮ ਲਈ ਓਮ ਨੂੰ 'ਬੈਸਟ ਸਹਾਇਕ ਅਦਾਕਾਰ' ਦਾ ਫਿਲਮ ਫੇਅਰ ਅਵਾਰਡ ਮਿਲਿਆ।ਓਮ ਦੀ ਝੋਲੀ ਵਿਚ 'ਜਾਨੇ ਭੀ ਦੋ ਯਾਰੋ', 'ਮਾਚਿਸ', 'ਗੁਪਤ', 'ਚਾਚੀ', 'ਹੇਰਾ ਫੇਰੀ', 'ਮਾਲਾਮਾਲ ਵੀਕਲੀ', 'ਸਿੰਘ ਇਜ਼ ਕਿੰਗ', 'ਮੇਰੇ ਬਾਪ ਪਹਿਲੇ ਆਪ' ਵਰਗੀਆਂ ਹਿੰਦੀ ਫਿਲਮਾਂ, ਪੰਜਾਬੀ, ਹਿੰਦੀ ਅਤੇ ਕਈ ਹਾਲੀਵੁੱਡ ਫਿਲਮਾਂ ਕੀਤੀਆਂ ਹਨ।ਇਸ ਤੋਂ ਇਲਾਵਾ ਓਮ ਨੇ ਕਈ ਟੀ.ਵੀ ਸ਼ੋਅ ਜਿਵੇਂ 'ਸਾਵਧਾਨ ਇੰਡੀਆ', 'ਆਹਟ' ਆਦਿ ਵੀ ਕੀਤੇ ਹਨ।ਓਮ ਨੂੰ ਬਹੁਤ ਸਾਰੇ ਫਿਲਮ ਫੇਅਰ ਅਵਾਰਡ ਮਿਲ ਚੁੱਕੇ ਹਨ।