ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਅੱਜ ਤੋਂ


‘ਚੰਡੀਗੜ੍ਹ/ਲੁਧਿਆਣਾ
(ਧਰਮ ਪਾਲ ਮੈਨਰਾ)
ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ-2017 ਦੌਰਾਨ ਨਾਮਜ਼ਦਗੀ ਪੱਤਰ ਮਿਤੀ 11 ਜਨਵਰੀ ਤੋਂ 18 ਜਨਵਰੀ ਤੱਕ ਸੰਬੰਧਤ ਰਿਟਰਨਿੰਗ ਅਫ਼ਸਰਾਂ ਵੱਲੋਂ ਨਿਰਧਾਰਤ ਸਥਾਨਾਂ 'ਤੇ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਦਾਖ਼ਲ ਕੀਤੇ ਜਾ ਸਕਦੇ ਹਨ। ਇਸ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ। 14 ਅਤੇ 15 ਜਨਵਰੀ ਨੂੰ ਛੁੱਟੀਆਂ ਹੋਣ ਕਾਰਨ ਨਾਮਜ਼ਦਗੀ ਪੱਤਰ ਦਾਖ਼ਲ ਨਹੀਂ ਕੀਤੇ ਜਾ ਸਕਣਗੇ।ਨਾਮਜ਼ਦਗੀ ਪੱਤਰਾਂ ਦੀ ਪੜਤਾਲ 19 ਨੂੰ ਅਤੇ ਵਾਪਸੀ 21 ਜਨਵਰੀ ਤੱਕ ਹੋ ਸਕੇਗੀ। ਪੋਲਿੰਗ 4 ਫ਼ਰਵਰੀ (ਸ਼ਨੀਵਾਰ) ਨੂੰ ਹੋਵੇਗੀ ਅਤੇ ਗਿਣਤੀ 11 ਮਾਰਚ ਨੂੰ ਹੋਵੇਗੀ।
ਜ਼ਿਲ੍ਹਾ ਲੁਧਿਆਣਾ ਦੇ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਰਵੀ ਭਗਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਮੀਦਵਾਰ ਵੱਲੋਂ ਚੋਣ ਲੜਨ ਲਈ ਆਪਣਾ ਨਾਮਜ਼ਦਗੀ ਪੱਤਰ ਨਿਰਧਾਰਤ ਫਾਰਮ ਨੰਬਰ 2-ਬੀ ਵਿੱਚ ਭਰ ਕੇ ਲੋੜੀਂਦੇ ਦਸਤਾਵੇਜ਼ਾਂ ਸਮੇਤ ਸੰਬੰਧਤ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਵਿੱਚ ਵਿਅਕਤੀਗਤ ਤੌਰ 'ਤੇ ਪੇਸ਼ ਹੋ ਕੇ ਦਿੱਤਾ ਜਾਣਾ ਹੈ।ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਉਮੀਦਵਾਰਾਂ ਦੀ ਸਹੂਲਤ ਲਈ ਆਨਲਾਈਨ ਸੁਵਿਧਾ ਪ੍ਰਦਾਨ ਕੀਤੀ ਗਈ ਹੈ। ਉਮੀਦਵਾਰ ਨਾਮਜ਼ਦਗੀ ਪੱਤਰ ਆਨਲਾਈਨ ਭਰ ਕੇ ਪ੍ਰਿੰਟਆਊਟ ਲੈਣ ਉਪਰੰਤ ਹਸਤਾਖ਼ਰ ਕਰਕੇ ਸੰਬੰਧਤ ਰਿਟਰਨਿੰਗ ਅਫ਼ਸਰ ਨੂੰ ਜਮ੍ਹਾਂ ਕਰਾਉਣ ਲਈ ਸਹੂਲਤ ਦਿੱਤੀ ਗਈ ਹੈ, ਤਾਂ ਜੋ ਨਾਮਜ਼ਦਗੀ ਪੱਤਰ ਦਾ ਆਨਲਾਈਨ ਰਿਕਾਰਡ ਰੱਖਿਆ ਜਾ ਸਕੇ।ਨਾਮਜ਼ਦਗੀ ਪੋਰਟਲ ਦੀ ਵਰਤੋਂ ਕਰਨ ਵਿੱਚ ਕਿਸੇ ਵੀ ਉਮੀਦਵਾਰ ਨੂੰ ਬੰਦਿਸ਼ ਨਹੀਂ।
ਸ੍ਰੀ ਭਗਤ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਵੇਲੇ ਭਾਰਤੀ ਚੋਣ ਕਮਿਸ਼ਨ ਵੱਲੋਂ ਤਿਆਰ ਕੀਤੀ ਸਹੁੰ ਵੀ ਰਿਟਰਨਿੰਗ ਅਫ਼ਸਰ ਮੂਹਰੇ ਚੁੱਕੇਗਾ। ਜਦ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਆਵੇਗਾ ਤਾਂ ਰਿਟਰਨਿੰਗ ਅਫ਼ਸਰ ਵੱਲੋਂ ਉਮੀਦਵਾਰ ਨੂੰ ਪੇਸ਼ਕਸ਼ ਕੀਤੀ ਜਾਵੇਗੀ ਕਿ ਸਹੁੰ ਚੁੱਕੇ ਜਾਣਾ ਉਮੀਦਵਾਰ ਦੀ ਆਪਣੀ ਇੱਛਾ 'ਤੇ ਨਿਰਭਰ ਕਰਦਾ ਹੈ ਕਿ ਉਸ ਨੇ ਸਹੁੰ ਚੁੱਕਣੀ ਹੈ ਜਾਂ ਨਹੀਂ।