ਮਾਂ ਤੇ ਪਤਨੀ ਨੂੰ ਆਪਣੇ ਨਾਲ ਹੀ ਰੱਖਣ ਮੋਦੀ : ਕੇਜਰੀਵਾਲ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਦੇ ਖ਼ਿਲਾਫ਼ ਇੱਕ ਵਾਰ ਫਿਰ ਟਵਿੱਟਰ 'ਤੇ ਮੋਰਚਾ ਖੋਲ੍ਹ ਦਿੱਤਾ ਹੈ। ਕੇਜਰੀਵਾਲ ਨੇ ਮੰਗਲਵਾਰ ਸਵੇਰੇ ਮੋਦੀ ਦੁਆਰਾ ਕੀਤੇ ਗਏ ਇੱਕ ਟਵੀਟ ਨੂੰ ਲੈ ਕੇ ਉਨ੍ਹਾ 'ਤੇ ਨਿਸ਼ਾਨਾ ਬਿਨ੍ਹਿਆ। ਮੰਗਲਵਾਰ ਸਵੇਰੇ ਮੋਦੀ ਨੇ ਟਵੀਟ ਕੀਤਾ ਸੀ, ''ਅੱਜ ਮਾਂ ਨਾਲ ਮਿਲਣ ਲਈ ਯੋਗਾ ਨਹੀਂ ਕੀਤਾ। ਸਵੇਰ ਹੋਣ ਤੋਂ ਪਹਿਲਾਂ ਮਾਂ ਨਾਲ ਨਾਸ਼ਤਾ ਵੀ ਕੀਤਾ। ਮਾਂ ਨਾਲ ਸਮਾਂ ਗੁਜ਼ਾਰ ਕੇ ਬਹੁਤ ਵਧੀਆ ਲੱਗਾ।'' ਮੋਦੀ ਦੇ ਇਸੇ ਟਵੀਟ ਦੀ ਕੇਜਰੀਵਾਲ ਨੇ ਆਲੋਚਨਾ ਕੀਤੀ। ਉਨ੍ਹਾਂ ਪ੍ਰਧਾਨ ਮੰਤਰੀ 'ਤੇ ਮਾਂ ਦੀ ਆੜ੍ਹ 'ਚ ਰਾਜਨੀਤੀ ਕਰਨ ਦਾ ਦੋਸ਼ ਲਗਾਇਆ। ਨਾਲ ਹੀ ਕੇਜਰੀਵਾਲ ਨੇ ਲਿਖਿਆ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਆਪਣਾ ਦਿਲ ਵੱਡਾ ਕਰਨਾ ਚਾਹੀਦਾ ਹੈ ਅਤੇ ਮਾਂ ਤੇ ਪਤਨੀ ਨੂੰ ਆਪਣੇ ਨਾਲ ਹੀ ਰੱਖਣਾ ਚਾਹੀਦਾ ਹੈ। ਕੇਜਰੀਵਾਲ ਨੇ ਕਿਹਾ ਕਿ ਮੋਦੀ ਮਾਂ ਨਾਲ ਹੋਈ ਮੁਲਾਕਾਤ ਦਾ ਢਿੰਢੋਰਾ ਪਿਟ ਰਿਹਾ ਹੈ। ਹਿੰਦੂ ਧਰਮ ਅਤੇ ਭਾਰਤੀ ਸੰਸਕ੍ਰਿਤੀ ਕਹਿੰਦੀ ਹੈ ਕਿ ਤੁਹਾਨੂੰ ਆਪਣੀ ਬੁੜ੍ਹੀ ਮਾਂ ਅਤੇ ਧਰਮ ਪਤਨੀ ਨੂੰ ਆਪਣੇ ਨਾਲ ਰੱਖਣਾ ਚਾਹੀਦਾ। ਪ੍ਰਧਾਨ ਮੰਤਰੀ ਰਿਹਾਇਸ਼ ਬਹੁਤ ਵੱਡੀ ਹੈ, ਥੋੜ੍ਹਾ ਦਿਲ ਵੱਡਾ ਕਰੋ। ਕੇਜਰੀਵਾਲ ਨੇ ਲਿਖਿਆ, ''ਮੈਂ ਆਪਣੀ ਮਾਂ ਦੇ ਨਾਲ ਰਹਿੰਦਾ ਹਾਂ। ਰੋਜ਼ ਉਸ ਦਾ ਆਸ਼ੀਰਵਾਦ ਲੈਂਦਾ ਹਾਂ, ਪਰ ਇਸ ਦਾ ਢਿੰਢੋਰਾ ਨਹੀਂ ਪਿਟਦਾ। ਮੈਂ ਮਾਂ ਨੂੰ ਰਾਜਨੀਤੀ ਲਈ ਬੈਂਕ ਦੀ ਲਾਈਨ 'ਚ ਵੀ ਨਹੀਂ ਲਗਾਉਂਦਾ।'' ਜ਼ਿਕਰਯੋਗ ਹੈ ਕਿ ਨੋਟਬੰਦੀ ਦੇ ਫ਼ੈਸਲੇ ਬਾਅਦ ਲੋਕਾਂ ਨੂੰ ਹੋਣ ਵਾਲੀਆਂ ਅਸੁਵਿਧਾਵਾਂ ਨੂੰ ਲੈ ਕੇ ਜਦੋਂ ਕੇਂਦਰ ਸਰਕਾਰ ਦੀ ਆਲੋਚਨਾ ਹੋ ਰਹੀ ਸੀ, ਤਾਂ ਉਸ ਦੌਰਾਨ ਪ੍ਰਧਾਨ ਮੰਤਰੀ ਦੀ ਮਾਂ ਹੀਰਾਬੇਨ ਗਾਂਧੀਨਗਰ ਸਥਿਤ ਇੱਕ ਬੈਂਕ ਗਈ ਅਤੇ ਉਨ੍ਹਾਂ 4,000 ਰੁਪਏ ਕੱਢਵਾਏ। ਹੀਰਾਬੇਨ ਇੱਕ ਵ੍ਹੀਲ ਚੇਅਰ 'ਤੇ ਬੈਠ ਕੇ ਬੈਂਕ ਪਹੁੰਚੀ ਸੀ। ਇਸ ਨੂੰ ਲੈ ਕੇ ਵਿਰੋਧੀ ਦਲਾਂ ਨੇ ਪ੍ਰਧਾਨ ਮੰਤਰੀ ਦੀ ਆਲੋਚਨਾ ਕੀਤੀ ਸੀ ਅਤੇ ਮੋਦੀ 'ਤੇ ਮਾਂ ਨਾਲ ਜੁੜ੍ਹੀ ਭਾਵੁਕਤਾ ਦੀ ਆੜ੍ਹ 'ਚ ਰਾਜਨੀਤੀ ਕਰਨ ਦਾ ਦੋਸ਼ ਲਗਾਇਆ ਸੀ।