ਗਣਤੰਤਰ ਦਿਵਸ ਪ੍ਰ੍ਰੇਡ; ਰਾਜਪਥ 'ਤੇ ਹੁਨਰ ਨਹੀਂ ਦਿਖਾ ਸਕਣਗੇ ਯੂ ਏ ਈ ਦੇ ਪੈਰਾ ਟਰੂਪਰਜ਼ ਭਾਰਤ ਨੇ ਨਹੀਂ ਦਿੱਤੀ ਇਜਾਜ਼ਤ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਗਣਤੰਤਰ ਦਿਵਸ ਪ੍ਰੇਡ ਮੌਕੇ 'ਤੇ ਯੂ ਏ ਈ ਦੇ ਫ਼ੌਜੀ ਪੈਰਾ ਟਰੂਪਰਜ਼ ਦੇ ਕਰਤੱਵ ਦਿਖਾਉਣ ਦੇ ਪ੍ਰਸਤਾਵ ਨੂੰ ਭਾਰਤ ਨੇ ਇਜਾਜ਼ਤ ਨਹੀਂ ਦਿੱਤੀ ਹੈ। ਭਾਰਤ ਦਾ ਇਹ ਵੀ ਕਹਿਣਾ ਹੈ ਕਿ ਮੌਸਮ ਕਾਰਨ ਇਸ ਯੋਜਨਾ ਨਾਲ ਖੱਲਲ ਪੈ ਸਕਦੀ ਹੈ। ਆਬੂਧਾਬੀ ਦੇ ਬਾਦਸ਼ਾਹ ਸ਼ੇਖ ਮੁਹੰਮਦ ਬਿਨ ਜਾਇਦ ਅਲ ਕਰਿਆਨ ਇਸ ਵਾਰੀ ਗਣਤੰਤਰ ਦਿਵਸ ਪ੍ਰੇਡ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਹਨ। ਬਾਦਸ਼ਾਹ ਕਰਿਆਨ ਯੂ ਏ ਈ ਦੀਆਂ ਹਥਿਆਰਬੰਦ ਫ਼ੌਜਾਂ ਦੇ ਡਿਪਟੀ ਸੁਪਰੀਮ ਕਮਾਂਡਰ ਵੀ ਹਨ।
ਭਾਰਤ ਨੇ ਯੂ ਏ ਈ ਪੈਰਾ ਟਰੂਪਰਜ਼ ਨੂੰ ਰਾਜਪਥ 'ਤੇ ਆਪਣਾ ਹੁਨਰ ਦਿਖਾਉਣ ਦੀ ਆਗਿਆ ਨਹੀਂ ਦਿੱਤੀ, ਪਰ ਯੂ ਏ ਈ ਇਹ ਬੇਨਤੀ ਕੀਤੀ ਹੈ ਕਿ ਉਹ ਪ੍ਰ੍ਰੇਡ 'ਚ ਮਾਰਚ ਕਰਨ ਲਈ ਸੈਨਿਕ ਦਲ ਅਤੇ ਫ਼ੌਜੀ ਬੈਂਡ ਭੇਜੇ। ਜੇ ਭਾਰਤ ਦਾ ਸੱਦਾ ਕਬੂਲ ਕਰ ਲਿਆ ਜਾਂਦਾ ਹੈ ਤਾਂ ਅਜਿਹਾ ਦੂਜੀ ਵਾਰੀ ਹੋਵੇਗਾ, ਜਦੋਂ ਕਿਸੇ ਵਿਦੇਸ਼ੀ ਸੈਨਿਕ ਦਲ ਨੂੰ ਭਾਰਤ ਦੀ ਸਾਲਾਨਾ ਗਣਤੰਤਰ ਦਿਵਸ ਪ੍ਰੇਡ 'ਚ ਸ਼ਿਰਕਤ ਕਰਨ ਦਾ ਮੌਕਾ ਮਿਲੇਗਾ। ਫ਼ਰਾਂਸ ਦੀ ਸੈਨਿਕ ਟੁਕੜੀ ਪਿਛਲੇ ਸਾਲ ਰਾਜਪਥ 'ਤੇ ਪ੍ਰੇਡ 'ਚ ਸ਼ਾਮਲ ਹੋਈ ਸੀ, ਉਸ ਵੇਲੇ ਫ਼ਰਾਂਸ ਦੇ ਰਾਸ਼ਟਰਪਤੀ ਹੋਲਾਂਦੇ ਮੁੱਖ ਮਹਿਮਾਨ ਸਨ।
ਇੱਕ ਅਧਿਕਾਰੀ ਨੇ ਆਪਣੀ ਪਹਿਚਾਣ ਨਾ ਦੱਸੇ ਜਾਣ ਦੀ ਸ਼ਰਤ 'ਤੇ ਦਸਿਆ ਹੈ ਕਿ ਪਹਿਲਾਂ ਯੂ ਏ ਈ ਵੱਲੋਂ ਪ੍ਰਸਤਾਵ ਆਇਆ ਸੀ ਕਿ ਪ੍ਰੇਡ ਦੌਰਾਨ ਉਸ ਦੇ ਪੈਰਾ ਟਰੂਪਰਜ਼ ਫ਼ੌਜੀ ਜਹਾਜ਼ ਤੋਂ ਜੰਪ ਕਰਕੇ ਰਾਜਪਥ 'ਤੇ ਉਤਰਨਗੇ। ਇਸ ਲਈ ਵੱਡੀ ਪੱਧਰ 'ਤੇ ਸੁਰੱਖਿਆ ਇੰਤਜ਼ਾਮ ਦੀ ਲੋੜ ਪੈਂਦੀ ਹੈ।
ਭਾਰਤੀ ਅਫ਼ਸਰਾਂ ਨੇ ਇਸ ਗੱਲ ਵੱਲ ਵੀ ਧਿਆਨ ਦਿਵਾਇਆ ਕਿ 26 ਜਨਵਰੀ ਨੂੰ ਕਿਸ ਤਰ੍ਹਾਂ ਮੌਸਮ ਰਹੇਗਾ, ਇਸ ਬਾਰੇ ਬੇਯਕੀਨੀ ਹੈ। ਕਈ ਵਾਰੀ ਅਜਿਹੇ ਮੌਕੇ ਆਏ ਹਨ, ਜਦੋਂ ਰਵਾਇਤੀ ਭਾਰਤੀ ਹਵਾਈ ਫ਼ੌਜ ਦੀ ਹਵਾਈ ਪ੍ਰੇਡ ਰੱਦ ਕਰਨੀ ਪਈ। ਭਾਰਤੀ ਜਵਾਨਾਂ ਨੇ ਵੀ ਪ੍ਰੇਡ 'ਚ ਕਦੇ ਪੈਰਾ ਸੂਟਰਜ਼ ਤੋਂ ਕਰਤੱਵ ਨਹੀਂ ਦਿਖਾਏ।
ਮਸ਼ਹੂਰ ਪੈਰਾਸ਼ੂਟ ਰੈਜਮੈਂਟ ਨੇ ਪਿਛਲੇ ਸਾਲ ਮਾਰਚ ਕੀਤਾ ਸੀ। ਭਾਰਤੀ ਫ਼ੌਜ ਸਾਲਾਨਾ ਪ੍ਰੇਡ 'ਚ ਆਮ ਤੌਰ 'ਤੇ ਸੁਖੋਈ 30 ਐਮ ਕੇ ਆਈ ਜੈੱਟਾਂ, ਲੜਾਕੂ ਹੈਲੀਕਾਪਟਰ ਵੱਡੇ ਟਰਾਂਸਪੋਰਟ ਜਹਾਜ਼ਾਂ ਨੂੰ ਪ੍ਰਦਰਸ਼ਿਤ ਕਰਦੀ ਹੈ। ਭਾਰਤ ਪਿਛਲੇ ਕੁਝ ਦਿਨਾਂ ਤੋਂ ਯੂ ਏ ਈ ਨਾਲ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਦਿਸ਼ਾ 'ਚ ਕੰਮ ਕਰ ਰਿਹਾ ਹੈ।