ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੂੰ ਵੱਡਾ ਝਟਕਾ

ਫ਼ਰੀਦਕੋਟ (ਨਵਾਂ ਜ਼ਮਾਨਾ ਸਰਵਿਸ)
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰ ਰਹੇ ਅਕਾਲੀ ਦਲ ਨੂੰ ਇੱਕ ਹੋਰ ਝਟਕਾ ਲੱਗਾ ਹੈ। ਫਰੀਦਕੋਟ ਤੋਂ ਸੀਨੀਅਰ ਅਕਾਲੀ ਲੀਡਰ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਹਰਜੀਤ ਸਿੰਘ ਭੋਲੂਵਾਲਾ ਤੇ ਐਸ.ਜੀ.ਪੀ.ਸੀ. ਮੈਂਬਰ ਗੁਰਿੰਦਰ ਕੌਰ ਭੋਲੂਵਾਲਾ ਦੇ ਪੁੱਤਰ ਰਮਨਦੀਪ ਸਿੰਘ ਜਿੰਮੀ ਭੋਲੂਵਾਲਾ ਨੂੰ ਅਦਾਲਤ ਨੇ 4 ਮਾਮਲਿਆਂ 'ਚ 4 ਸਾਲ ਦੀ ਸਜ਼ਾ ਸੁਣਾਈ ਹੈ।
ਹਾਸਲ ਜਾਣਕਾਰੀ ਮੁਤਾਬਕ ਸਥਾਨਕ ਜੁਡੀਸ਼ੀਅਲ ਮੈਜਿਸਟ੍ਰੇਟ ਅਤੁਲ ਕੰਬੋਜ ਨੇ ਅੱਜ ਪਨਸਪ ਤੇ ਫੂਡ ਸਪਲਾਈ ਵਿਭਾਗ ਵੱਲੋਂ ਦਾਇਰ ਕੀਤੀਆਂ ਚਾਰ ਸ਼ਿਕਾਇਤਾਂ ਦਾ ਨਿਬੇੜਾ ਕਰਦਿਆਂ ਸੀਨੀਅਰ ਅਕਾਲੀ ਆਗੂ ਰਮਨਦੀਪ ਸਿੰਘ ਜਿੰਮੀ ਭੋਲੂਵਾਲਾ ਨੂੰ ਇੱਕ ਕਰੋੜ 56 ਲੱਖ ਦੇ ਚੈੱਕ ਬਾਊਂਸ ਦੇ ਚਾਰ ਮਾਮਲਿਆਂ ਵਿੱਚ ਇੱਕ-ਇੱਕ ਸਾਲ ਦੀ ਕੈਦ ਤੇ ਦਸ-ਦਸ ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦਾ ਫੈਸਲਾ ਸੁਣਾਇਆ ਹੈ।
ਇਸ ਮਾਮਲੇ 'ਚ ਰਮਨਦੀਪ ਦੀ ਮਾਤਾ ਐਸ.ਜੀ.ਪੀ.ਸੀ. ਮੈਂਬਰ ਗੁਰਿੰਦਰ ਕੌਰ ਭੋਲੂਵਾਲਾ ਵੀ ਨਾਮਜ਼ਦ ਸਨ, ਪਰ ਅਦਾਲਤ ਨੇ ਉਨ੍ਹਾਂ ਨੂੰ ਬਰੀ ਕਰ ਦਿੱਤਾ ਹੈ। ਰਮਨਦੀਪ ਸਿੰਘ ਭੋਲੂਵਾਲਾ ਸਥਾਨਕ ਟਰੱਕ ਯੂਨੀਅਨ ਦੇ ਪ੍ਰਧਾਨ ਹਨ।
ਦਰਅਸਲ ਪਨਸਪ ਨੇ 2011-2012 ਵਿੱਚ ਅਕਾਲੀ ਆਗੂ ਰਮਨਦੀਪ ਸਿੰਘ ਭੋਲੂਵਾਲਾ ਦੀ ਮਾਲਕੀ ਵਾਲੀ ਫਰੀਦ ਕਾਟਨ ਤੇ ਗਿਨਿੰਗ ਫੈਕਟਰੀ ਵਿੱਚ 73 ਹਜ਼ਾਰ 681 ਕੁਇੰਟਲ ਝੋਨਾ ਜਮ੍ਹਾਂ ਕਰਵਾਇਆ ਸੀ। ਸਮਝੌਤੇ ਮੁਤਾਬਕ ਅਕਾਲੀ ਆਗੂ ਨੇ ਇਸ ਝੋਨੇ ਦਾ ਚੌਲ ਤਿਆਰ ਕਰਕੇ ਪਨਸਪ ਨੂੰ ਦੇਣਾ ਸੀ। ਪਨਸਪ ਅਧਿਕਾਰੀਆਂ ਮੁਤਾਬਕ ਅਕਾਲੀ ਆਗੂ ਨੇ ਸਮਝੌਤੇ ਮੁਤਾਬਕ ਝੋਨੇ ਤੋਂ ਚੌਲ ਬਣਾ ਕੇ ਵਿਭਾਗ ਨੂੰ ਨਹੀਂ ਦਿੱਤਾ ਤੇ ਨਾ ਹੀ ਝੋਨਾ ਵਾਪਸ ਕੀਤਾ।
ਰਮਨਦੀਪ ਸਿੰਘ ਭੋਲੂਵਾਲਾ ਨੇ ਝੋਨੇ ਦੀ ਅਦਾਇਗੀ ਬਦਲੇ 15 ਜਨਵਰੀ 2013, 20 ਜਨਵਰੀ 2013, 3 ਫਰਵਰੀ 2013 ਤੇ 27 ਫਰਵਰੀ 2013 ਨੂੰ 1 ਕਰੋੜ 56 ਲੱਖ ਦੀ ਰਾਸ਼ੀ ਦੇ ਚਾਰ ਚੈੱਕ ਪਨਸਪ ਨੂੰ ਜਾਰੀ ਕੀਤੇ ਸਨ, ਪਰ ਖਾਤਿਆਂ ਵਿੱਚ ਪੈਸੇ ਨਾ ਹੋਣ ਕਾਰਨ ਇਹ ਚਾਰੇ ਚੈੱਕ ਬਾਊਂਸ ਹੋ ਗਏ।
ਇਸ 'ਤੇ ਪਨਸਪ ਨੇ ਫਰੀਦਕੋਟ ਅਦਾਲਤ ਵਿੱਚ ਸ਼ਿਕਾਇਤ ਦਰਜ ਕਰਾ ਕੇ ਫਰੀਦ ਕਾਟਨ 'ਤੇ ਗਿਨਿੰਗ ਮਿੱਲ ਦੇ ਮਾਲਕ ਰਮਨਦੀਪ ਸਿੰਘ ਭੋਲੂਵਾਲਾ ਤੇ ਹਿੱਸੇਦਾਰ ਗੁਰਿੰਦਰ ਕੌਰ ਭੋਲੂਵਾਲਾ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਸੀ। ਇਸ ਮਾਮਲੇ ਵਿੱਚ ਅਦਾਲਤ ਨੇ ਤਕਨੀਕੀ ਕਾਰਨਾਂ ਕਰਕੇ ਗੁਰਿੰਦਰ ਕੌਰ ਭੋਲੂਵਾਲਾ ਨੂੰ ਬਰੀ ਕਰ ਦਿੱਤਾ, ਜਦੋਂਕਿ ਰਮਨਦੀਪ ਸਿੰਘ ਭੋਲੂਵਾਲਾ ਨੂੰ ਉਕਤ ਸਜ਼ਾ ਦਾ ਹੁਕਮ ਸੁਣਾਇਆ।