ਅਧਿਆਪਕਾਂ ਦੀਆਂ ਬਦਲੀਆਂ 'ਚ ਵੱਡਾ ਘਾਲ਼ਾ-ਮਾਲ਼ਾ


ਮੁਹਾਲੀ (ਨਵਾਂ ਜ਼ਮਾਨਾ ਸਰਵਿਸ)
ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾਈ ਪ੍ਰਧਾਨ ਕਰਨੈਲ ਸਿੰਘ ਸੰਧੂ, ਜਨਰਲ ਸਕੱਤਰ ਸ਼ਿਵ ਕੁਮਾਰ ਅਤੇ ਹੋਰ ਆਗੂਆਂ ਨੇ ਕੁਝ ਦਿਨ ਪਹਿਲਾਂ ਅਧਿਆਪਕਾਂ ਦੀਆਂ ਥੋਕ ਵਿੱਚ ਹੋਈਆਂ ਬਦਲੀਆਂ ਵਿੱਚ ਵੱਡੇ ਪੱਧਰ ਦੇ ਘਾਲ਼ੇ-ਮਾਲ਼ੇ ਅਤੇ ਗੜਬੜ-ਘੁਟਾਲ਼ੇ ਦੀ ਸ਼ੰਕਾ ਪ੍ਰਗਟਾਈ ਹੈ।
ਪ੍ਰੈੱਸ ਦੇ ਨਾਂਅ ਜਾਰੀ ਲਿਖਤੀ ਪ੍ਰੈੱਸ-ਨੋਟ ਵਿੱਚ ਜੀ ਟੀ ਯੂ ਦੇ ਸੂਬਾਈ ਪ੍ਰੈੱਸ ਸਕੱਤਰ ਹਰਨੇਕ ਮਾਵੀ ਨੇ ਕਿਹਾ ਕਿ ਬਦਲੀਆਂ ਉਹਨਾਂ ਅਧਿਆਪਕਾਂ ਦੀਆਂ ਹੋਈਆਂ ਹਨ, ਜਿਨ੍ਹਾਂ ਨੇ ਬਦਲੀਆਂ ਲਈ ਮਿੱਥੇ ਸਮੇਂ ਵਿੱਚ ਆਨ-ਲਾਈਨ ਅਰਜ਼ੀਆਂ ਹੀ ਨਹੀਂ ਸਨ ਦਿੱਤੀਆਂ, ਜਿਨ੍ਹਾਂ ਨੇ ਬਦਲੀਆਂ ਲਈ ਨਿਯਮਾਂ ਅਨੁਸਾਰ ਅਰਜ਼ੀਆਂ ਦਿੱਤੀਆਂ ਸਨ, ਉਹਨਾਂ ਵਿੱਚੋਂ ਅਨੇਕ ਅਧਿਆਪਕ ਕੈਂਸਰ ਵਰਗੀ ਨਾ-ਮੁਰਾਦ ਬਿਮਾਰੀ ਨਾਲ਼ ਘਿਰੇ ਹੋਣ ਦੇ ਬਾਵਜੂਦ ਬਦਲੀ ਤੋਂ ਵਾਂਝੇ ਰਹਿ ਗਏ ਹਨ, ਪਰ ਦੂਜੇ ਬੰਨ੍ਹੇ ਰਾਜਸੀ ਪਹੁੰਚ ਵਾਲ਼ੇ ਸ਼ਰਤਾਂ ਪੂਰੀਆਂ ਨਾ ਹੋਣ ਦੇ ਬਾਵਜੂਦ ਬਦਲੀਆਂ ਕਰਵਾ ਗਏ। ਕਈ ਅਧਿਆਪਕਾਂ ਦੀ ਤਾਂ ਕੁਝ ਦਿਨਾਂ ਵਿੱਚ ਦੋ-ਤਿੰਨ ਵਾਰ ਬਦਲੀ ਕਰ ਦਿੱਤੀ ਗਈ। ਕੁਝ ਦੀ ਬਦਲੀ ਤਾਂ ਬੜੇ ਅਜੀਬੋ-ਗ਼ਰੀਬ ਢੰਗ ਨਾਲ਼ ਕੀਤੀ ਗਈ; ਬਦਲੀ ਲਈ ਮਨਪਸੰਦ ਸਟੇਸ਼ਨ ਦੇ ਖ਼ਾਨੇ ਵਿੱਚ ਕਿਸੇ ਵੀ ਖ਼ਾਲ਼ੀ ਸਟੇਸ਼ਨ 'ਤੇ ਬਦਲੀ ਕਰਨ ਬਾਰੇ ਲਿਖਿਆ ਗਿਆ। ਸਭ ਤੋਂ ਵੱਡੀ ਗੱਲ ਇਹ ਕਿ ਬਦਲੀਆਂ ਦਸੰਬਰ-ਜਨਵਰੀ ਮਹੀਨੇ ਵਿੱਚ ਕੀਤੀਆਂ ਗਈਆਂ, ਜਦੋਂ ਬਦਲੀਆਂ ਦਾ ਕੋਈ ਸਮਾਂ ਹੀ ਨਹੀਂ ਹੈ, ਕਿਉਂ ਜੋ ਸਾਲਾਨਾ ਪ੍ਰੀਖਿਆਵਾਂ ਦੇ ਨੇੜੇ ਅਧਿਆਪਕਾਂ ਦੀ ਬਦਲੀ ਦਾ ਪੜ੍ਹਾਈ 'ਤੇ ਮਾਰੂ ਪ੍ਰਭਾਵ ਪੈਂਦਾ ਹੈ।
ਆਗੂਆਂ ਕਿਹਾ ਕਿ ਬਦਲੀਆਂ ਦੇ ਗੋਰਖ-ਧੰਦੇ ਵਿੱਚ ਇਹ ਵੀ ਖ਼ਿਆਲ਼ ਨਹੀਂ ਰੱਖਿਆ ਗਿਆ ਕਿ ਸਕੂਲ ਵਿੱਚ ਹੋਰ ਅਧਿਆਪਕ ਦੀ ਲੋੜ ਹੈ ਜਾਂ ਨਹੀਂ; ਕਈ ਪ੍ਰਾਇਮਰੀ ਸਕੂਲਾਂ ਵਿੱਚ, ਜਿੱਥੇ ਸਿੱਖਿਆ ਪ੍ਰੋਵਾਈਡਰ ਨਿਯੁਕਤ ਹਨ, ਮੰਗ ਨਾ ਹੋਣ ਦੇ ਬਾਵਜੂਦ ਹੋਰ ਅਧਿਆਪਕਾਂ ਦੀ ਬਦਲੀ ਕਰ ਦਿੱਤੀ ਗਈ ਹੈ।
ਇਸ ਕਾਰਨ ਕਈ ਸਕੂਲਾਂ ਵਿੱਚ ਅਧਿਆਪਕ ਸਰਪਲੱਸ ਹੋ ਗਏ ਹਨ, ਜਦੋਂਕਿ ਕਈ ਹੋਰ ਸਕੂਲ ਅਧਿਆਪਕਾਂ ਦੀ ਘਾਟ ਨਾਲ਼ ਜੂਝ ਰਹੇ ਹਨ। ਇਸ ਤਰ੍ਹਾਂ ਸਿੱਖਿਆ ਵਿਭਾਗ ਦੇ ਕਰਤਾ-ਧਰਤਾ ਖ਼ੁਦ ਹੀ ਅਧਿਆਪਕਾਂ ਨਾਲ਼ ਗੁੱਝੇ ਮਿਸ਼ਨ ਹੇਠ 'ਸਰਪਲੱਸ-ਰੈਸ਼ਨੇਲਾਈਜ਼ੇਸ਼ਨ' ਦੀ 'ਜੀ ਜਾਓ ਚਿੜੀਓ-ਮਰ ਜਾਓ ਚਿੜੀਓ' ਦੀ ਖੇਡ ਰਹੇ ਹਨ।
ਆਗੂਆਂ ਨੇ ਇਹਨਾਂ ਬਦਲੀਆਂ ਵਿੱਚ ਰਾਜਨੀਤਿਕ ਦਲਾਲਾਂ ਰਾਹੀਂ ਵੱਡੀ ਪੱਧਰ 'ਤੇ ਅਧਿਆਪਕਾਂ ਦੀ ਲੁੱਟ ਦੇ ਸ਼ੰਕੇ ਪ੍ਰਗਟਾਏ ਹਨ ਅਤੇ ਇਹਨਾਂ ਬਦਲੀਆਂ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਆਗੂਆਂ ਨੇ ਕਿਹਾ ਹੈ ਕਿ ਯੂਨੀਅਨ ਇਹਨਾਂ ਬਦਲੀਆਂ ਦੀ ਨਿਰਪੱਖ ਜਾਂਚ ਦੀ ਮੰਗ ਲਈ ਚੋਣ-ਕਮਿਸ਼ਨ ਤੱਕ ਵੀ ਪਹੁੰਚ ਕਰੇਗੀ।