ਮਾਮਲਾ ਬੀ ਐੱਸ ਐੱਫ ਜਵਾਨ ਦੇ ਵੀਡੀਓ ਦਾ; ਸਰਕਾਰ ਹਰਕਤ 'ਚ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਖਰਾਬ ਖਾਣਾ ਦਿੱਤੇ ਜਾਣ ਅਤੇ ਅਫਸਰਾਂ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਉਣ ਵਾਲੇ ਇਕ ਜਵਾਨ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਬੀ ਐੱਸ ਐੱਫ ਨੇ ਸਫਾਈ ਦਿੱਤੀ ਹੈ। ਬੀ ਐੱਸ ਐੱਫ ਨੇ ਯਕੀਨ ਦਿਵਾਇਆ ਹੈ ਕਿ ਜਵਾਨ ਦੇ ਦੋਸ਼ਾਂ ਦੀ ਪੂਰੀ ਜਾਂਚ ਕੀਤੀ ਜਾਵੇਗੀ। ਹਾਲਾਂਕਿ, ਇਹ ਵੀ ਕਿਹਾ ਕਿ ਦੋਸ਼ ਲਾਉਣ ਵਾਲਾ ਜਵਾਨ ਅਨੁਸ਼ਾਸਨਹੀਣਤਾ ਦੇ ਮਾਮਲੇ 'ਚ ਦੋਸ਼ੀ ਰਿਹਾ ਹੈ। 2010 'ਚ ਉਸ ਦਾ ਕੋਰਟ ਮਾਰਸ਼ਲ ਹੋਣਾ ਸੀ, ਪਰ ਉਸ ਦੇ ਪਰਵਾਰ ਨੂੰ ਧਿਆਨ 'ਚ ਰਖਦੇ ਹੋਏ ਥੋੜ੍ਹੀ ਢਿੱਲ ਵਰਤੀ ਗਈ ਅਤੇ ਇਸ ਤਰ੍ਹਾਂ ਦਾ ਕੋਈ ਕਦਮ ਚੁੱਕਿਆ ਨਹੀਂ ਗਿਆ। ਬੀ ਐੱਸ ਐੱਫ ਦੇ ਆਈ ਜੀ ਡੀ ਕੇ ਉਪਾਧਿਆਏ ਨੇ ਕਿਹਾ ਕਿ ਇਹ ਗੰਭੀਰ ਮਾਮਲਾ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਉਸ ਦੇ ਮੁਤਾਬਿਕ ਹੀ ਕਦਮ ਚੁੱਕੇ ਜਾਣਗੇ। ਉਪਾਧਿਆਏ ਨੇ ਕਿਹਾ ਕਿ ਇਹ ਸਹੀ ਹੈ ਕਿ ਸ਼ਾਇਦ ਖਾਣ ਦਾ ਸਵਾਦ ਬਹੁਤ ਵਧੀਆ ਨਾ ਹੋਵੇ, ਪਰ ਜਵਾਨਾਂ ਤੋਂ ਇਸ ਬਾਰੇ ਕਦੇ ਵੀ ਕੋਈ ਸ਼ਿਕਾਇਤ ਨਹੀਂ ਮਿਲੀ। ਉਪਾਧਿਆਏ ਅਨੁਸਾਰ ਦਾੜ੍ਹਾਂ ਕਾਰਨ ਕਈ ਵਾਰ ਖਾਣੇ ਦਾ ਸਵਾਦ ਨਹੀਂ ਆਉਂਦਾ, ਪਰ ਜਵਾਨ ਸ਼ਿਕਾਇਤ ਨਹੀਂ ਕਰਦੇ। ਜਵਾਨ ਤੇਜ ਬਹਾਦਰ ਯਾਦਵ ਦੇ ਦੋਸ਼ਾਂ ਬਾਰੇ ਬਿਆਨ ਦਿੰਦੇ ਉਨ੍ਹਾਂ ਕਿਹਾ ਕਿ ਜਾਂਚ ਦੇ ਹੁਕਮ ਦਿੱਤੇ ਜਾ ਚੁੱਕੇ ਹਨ, ਜੇ ਕੋਈ ਘਾਟ ਪਾਈ ਗਈ ਤਾਂ ਕਰੜੀ ਕਾਰਵਾਈ ਕੀਤੀ ਜਾਵੇਗੀ।
ਉਪਾਧਿਆਏ ਨੇ ਦੱਸਿਆ ਕਿ ਤੇਜ ਬਹਾਦਰ ਦੇ ਦੋਸ਼ਾਂ ਤੋਂ ਪਹਿਲਾਂ ਹੀ ਡੀ ਆਈ ਜੀ ਪੱਧਰ ਦੇ ਅਫਸਰਾਂ ਨੇ ਕੈਂਪ ਦਾ ਕਈ ਵਾਰ ਦੌਰਾ ਕੀਤਾ ਹੈ। ਹਾਲਾਂਕਿ ਇਸ ਤਰ੍ਹਾਂ ਦੀ ਕੋਈ ਵੀ ਸ਼ਿਕਾਇਤ ਨਹੀਂ ਮਿਲੀ, ਜਿਸ ਤਰ੍ਹਾਂ ਦੇ ਦੋਸ਼ ਲਾਏ ਗਏ ਹਨ। ਤੇਜ ਬਹਾਦਰ ਦਾ ਜ਼ਿਕਰ ਕਰਦੇ ਹੋਏ ਉਪਾਧਿਆਏ ਨੇ ਕਿਹਾ ਕਿ ਉਹ ਅਨੁਸ਼ਾਸਨਹੀਣਤਾ ਦੇ ਮਾਮਲਿਆਂ 'ਚ ਸ਼ਾਮਲ ਰਿਹਾ ਹੈ। ਆਈ ਜੀ ਅਨੁਸਾਰ ਇਸ ਗੱਲ ਦੀ ਜਾਂਚ ਕੀਤੀ ਜਾਵੇਗੀ ਕਿ ਤੇਜ ਬਹਾਦਰ ਨੇ ਡਿਊਟੀ ਦੇ ਸਮੇਂ ਕਿਸ ਤਰ੍ਹਾਂ ਮੋਬਾਈਲ ਫੋਨ ਰੱਖਿਆ ਸੀ, ਜੋ ਕਿ ਅਨੁਸ਼ਾਸਨ ਦੇ ਖਿਲਾਫ ਹੈ।
ਜਵਾਨਾਂ ਨੂੰ ਘਟੀਆ ਖਾਣਾ ਪਰੋਸੇ ਜਾਣ ਅਤੇ ਅਫ਼ਸਰਾਂ 'ਤੇ ਗੰਭੀਰ ਦੋਸ਼ ਲਾਉਣ ਨਾਲ ਜੁੜੇ ਬੀ ਐਸ ਐਫ਼ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਭੜਥੂ ਪਿਆ ਹੋਇਆ ਹੈ। ਬੀ ਐਸ ਐਫ਼ ਨੇ ਦਾਗੀ ਪਿਛੋਕੜ ਦਾ ਹਵਾਲਾ ਦਿੰਦਿਆਂ ਉਸ ਵੱਲੋਂ ਲਾਏ ਗਏ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ। ਹਾਲਾਂਕਿ ਜਵਾਨ ਨੇ ਆਪਣੇ ਉੱਪਰ ਲੱਗੇ ਪਹਿਲੇ ਦੋਸ਼ਾਂ ਨੂੰ ਕਬੂਲਦਿਆਂ ਹੁਣ ਆਪਣੇ ਲਾਏ ਗਏ ਦੋਸ਼ਾਂ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਜਵਾਨ ਨੇ ਕਿਹਾ ਹੈ ਕਿ ਜੇ ਉਸ ਦੇ ਇਸ ਕਦਮ ਨਾਲ ਸਾਥੀਆਂ ਦਾ ਭਲਾ ਹੁੰਦਾ ਹੈ ਤਾਂ ਉਹ ਹਰ ਸਜ਼ਾ ਲਈ ਤਿਆਰ ਹੈ।
ਬੀ ਐਸ ਐਫ਼ ਦੇ ਡੀ ਆਈ ਜੀ ਐਮ ਡੀ ਐਸ ਮਾਨ ਨੇ ਕਿਹਾ ਕਿ ਇਸ ਜਵਾਨ ਨੇ 20 ਸਾਲ ਦੀ ਸਰਵਿਸ ਦੌਰਾਨ ਚਾਰ ਗਲਤੀਆਂ ਕੀਤੀਆਂ ਸਨ, ਇਸ ਕਰਕੇ ਉਸ ਦੀ ਤਰੱਕੀ ਨਹੀਂ ਹੋ ਸਕੀ ਅਤੇ ਉਸ ਨੇ ਨਿਰਾਸ਼ਾ 'ਚ ਇਹ ਕਦਮ ਚੁੱਕਿਆ ਹੈ।
ਤੇਜ ਬਹਾਦਰ ਯਾਦਵ ਨਾਂਅ ਦੇ ਜਵਾਨ ਨੇ ਫੇਸਬੁੱਕ 'ਤੇ ਕੁਝ ਵੀਡੀਓ ਸ਼ੇਅਰ ਕਰਕੇ ਡਿਊਟੀ 'ਤੇ ਤਾਇਨਾਤ ਜਵਾਨਾਂ ਨੂੰ ਖ਼ਰਾਬ ਖਾਣਾ ਦਿੱਤੇ ਜਾਣ ਦਾ ਦੋਸ਼ ਲਾਇਆ ਸੀ। ਉਸ ਨੇ ਇਹ ਵੀ ਕਿਹਾ ਕਿ ਕਈ ਵਾਰੀ ਤਾਂ ਜਵਾਨਾਂ ਨੂੰ ਭੁੱਖੇ ਢਿੱਡ ਸੌਣਾ ਪੈਂਦਾ ਹੈ। ਉਸ ਨੇ ਵੀਡੀਓ 'ਚ ਮਾੜੀ ਕੁਆਲਟੀ ਦਾ ਖਾਣਾ ਦਿਖਾਉਂਦਿਆ ਸਵਾਲ ਉਠਾਇਆ ਸੀ ਕਿ ਇਸ ਨੂੰ ਖਾ ਕੇ 11 ਘੰਟੇ ਡਿਊਟੀ ਕਿਵੇਂ ਕੀਤੀ ਜਾ ਸਕਦੀ ਹੈ। ਜਵਾਨ ਨੇ ਇਹ ਵੀ ਦੋਸ਼ ਲਾਇਆ ਸੀ ਕਿ ਅਫ਼ਸਰ ਖਾਣ-ਪੀਣ ਦੀਆਂ ਚੀਜ਼ਾਂ ਬਜ਼ਾਰ 'ਚ ਵੇਚ ਦਿੰਦੇ ਹਨ।
ਤਾਜ਼ਾ ਰਿਪੋਰਟ ਮੁਤਾਬਕ ਜਵਾਨ ਨੇ ਦਾਅਵਾ ਕੀਤਾ ਹੈ ਕਿ ਉਸ ਉੱਪਰ ਵੀਡੀਓ ਨੂੰ ਹਟਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ ਅਤੇ ਉਸ ਦੀ ਡਿਊਟੀ ਬਦਲ ਕੇ ਉਸ ਨੂੰ ਬੀ ਐਸ ਐਫ਼ ਹੈਡਕਵਾਟਰ ਭੇਜ ਦਿੱਤਾ ਗਿਆ ਹੈ। ਜਵਾਨ ਨੇ ਦਸਿਆ ਕਿ ਉਸ ਨੂੰ ਪਲੰਬਰ ਦੀ ਡਿਊਟੀ ਦਿੱਤੀ ਗਈ ਹੈ। ਉਧਰ ਵਿਰੋਧੀ ਧਿਰ ਦੇ ਆਗੂ ਅਤੇ ਖਿਡਾਰੀ ਵੀ ਜਵਾਨ ਦੇ ਹੱਕ 'ਚ ਖੜਦੇ ਨਜ਼ਰ ਆ ਰਹੇ ਸਨ। ਜੇ ਡੀ ਯੂ ਦੇ ਪ੍ਰਧਾਨ ਸ਼ਰਦ ਯਾਦਵ ਨੇ ਕਿਹਾ ਹੈ ਕਿ ਇਸ ਜਵਾਨ ਨੂੰ ਇਨਾਮ ਦਿੱਤਾ ਜਾਣਾ ਚਾਹੀਦਾ ਹੈ। ਉਧਰ ਸਾਬਕਾ ਕ੍ਰਿਕਟਰ ਸਹਿਵਾਗ ਨੇ ਵੀ ਜਵਾਨ ਵੱਲੋਂ ਲਾਏ ਗਏ ਦੋਸ਼ਾਂ ਨੂੰ ਗੰਭੀਰਤਾ ਨਾਲ ਲੈਣ ਦੀ ਮੰਗ ਕੀਤੀ ਹੈ।