ਮੈਨੂੰ ਤਾਂ ਕੋਈ ਚਾਅ ਨਹੀਂ, ਫੈਦਾ ਥੋਨੂੰ ਹੋਣੈਂ..!

ਮਲੋਟ/ਲੰਬੀ (ਮਿੰਟੂ ਗੁਰੂਸਰੀਆ)
ਵੱਕਾਰੀ ਸੀਟ ਬਚਾਉਣ ਲਈ ਪ੍ਰਚਾਰ ਦੀ ਕਵਾਇਦ 'ਚ ਰੁੱਝੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਮੈਨੂੰ ਚੀਫ ਮਨਿਸਟਰ ਬਣਨ ਦਾ ਕੋਈ ਚਾਅ ਨਹੀਂ ਹੈ, ਗੌਰਮਿੰਟ ਦੁਬਾਰਾ ਬਣਨ 'ਤੇ ਸਭ ਤੋਂ ਜ਼ਿਆਦਾ ਫਾਇਦਾ ਲੰਬੀ ਦੇ ਲੋਕਾਂ ਨੂੰ ਹੈ। ਸ੍ਰੀ ਬਾਦਲ ਨੇ ਸਿਆਸੀ ਪਾਰਟੀਆਂ ਦੀ ਵਿਆਖਿਆ ਤੈਅ ਕਰਦਿਆਂ ਕਿਹਾ ਕਿ ਪਾਰਟੀ ਉਹ ਹੁੰਦੀ ਹੈ, ਜੋ ਜੇਲ੍ਹਾਂ 'ਚ ਜਾਵੇ, ਜੋ ਗ਼ੋਲੀਆਂ ਖਾਵੇ। ਚੋਣ ਪ੍ਰ੍ਰਚਾਰ ਦੇ ਦੂਜੇ ਦਿਨ ਪਿੰਡ ਮਾਹਣੀ ਖੇੜਾ 'ਚ ਪੱਤਰਕਾਰਾਂ ਦੇ ਮੁਖ਼ਾਤਬ ਹੋਣ ਸਮੇਂ ਜਦੋਂ ਸ੍ਰੀ ਬਾਦਲ ਨੂੰ ਸੁਆਲ ਕੀਤਾ ਗਿਆ ਕਿ ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਵੱਲੋਂ ਅਕਾਲੀਆਂ ਤੇ ਕਾਂਗਰਸੀਆਂ 'ਤੇ ਰਲ ਕੇ ਚੋਣਾਂ ਲੜਨ ਦੇ ਲਾਏ ਦੋਸ਼ ਲਾਏ ਜਾ ਰਹੇ ਹਨ ਤਾਂ ਸ੍ਰੀ ਬਾਦਲ ਨੇ ਕਿਹਾ ਕਿ ਸ਼ੁਰੂ ਤੋਂ ਹੀ ਕਾਂਗਰਸ ਨਾਲ ਸਾਡੀ ਲੜਾਈ ਹੈ ਤੇ ਇਹ ਲੜਾਈ ਸਾਡੀ ਜ਼ਿਆਦਤੀ ਨਹੀਂ, ਬਲਕਿ ਇਸ ਕਰਕੇ ਹੈ, ਕਿਉਂਕਿ ਕਾਂਗਰਸ ਨੇ ਪੰਜਾਬ ਦਾ ਧਾਰਮਿਕ, ਸਿਆਸੀ, ਆਰਥਿਕ ਨੁਕਸਾਨ ਕੀਤਾ ਹੈ, ਜੋ ਸਾਨੂੰ ਬਰਦਾਸ਼ਤ ਨਹੀਂ ਹੁੰਦਾ।
ਲੰਬੀ ਤੋਂ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਰਨੈਲ ਸਿੰਘ ਬਾਰੇ ਪੁੱਛਣ 'ਤੇ ਕਿ ਉਹ ਜਰਨੈਲ ਸਿੰਘ ਨੂੰ ਕਿਵੇਂ ਲੈ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਮੈਂ ਕੁਝ ਨਹੀਂ ਕਹਿਣਾ, ਕਿਸੇ ਉਮੀਦਵਾਰ ਨੂੰ ਮੈਂ ਸਾਰੀ ਜ਼ਿੰਦਗੀ ਕ੍ਰਿਟੀਸਾਈਜ਼ (ਅਲੋਚਨਾ ਦਾ ਸ਼ਿਕਾਰ) ਨਹੀਂ ਕੀਤਾ।ਨਵੇਂ ਵੋਟਰਾਂ ਅਤੇ ਨੌਜਵਾਨਾਂ ਲਈ ਚੋਣ ਮਨੋਰਥ ਪੱਤਰ ਰਾਹੀਂ ਕੋਈ ਨਵੇਂ ਵਾਅਦੇ ਬਾਰੇ ਪੁੱਛਣ 'ਤੇ ਮੁੱਖ ਮੰਤਰੀ ਨੇ ਆਖਿਆ ਕਿ ਨੌਜਵਾਨ ਵਰਗ ਲਈ ਚੋਣ ਮੈਨੀਫੈਸਟੋ ਖਾਸ ਹੋਵੇਗਾ ਤੇ ਇਹ ਚੋਣ ਮੈਨੀਫੈਸਟੋ ਜਲਦੀ ਆ ਰਿਹਾ ਹੈ।ਇਸ ਤੋਂ ਪਹਿਲਾਂ ਸ੍ਰੀ ਬਾਦਲ ਨੇ ਡੱਬਵਾਲੀ ਮਲਕੋ ਕੀ, ਕੰਗਣ ਖੇੜਾ, ਬਲੋਚ ਕੇਰਾ, ਮਾਹਣੀ ਖੇੜਾ, ਭਾਈ ਕੇਰਾ, ਖੇਮਾ ਖੇੜਾ, ਤਰਮਾਲਾਂ, ਕੁੱਤਿਆਂਵਾਲੀ, ਫੁੱਲੂ ਖੇੜਾ, ਅਰਨੀਵਾਲਾ ਅਤੇ ਮੰਨੀਆਂ ਵਾਲਾ ਵਿੱਚ ਲੋਕਾਂ ਦੇ ਇਕੱਠ ਨੂੰ ਸੋਬੰਧਨ ਕੀਤਾ ਅਤੇ ਪਾਣੀਆਂ ਦੇ ਮਸਲੇ ਦੇ ਅਧਾਰਤ ਆਪਣੇ ਭਾਸ਼ਣ ਨਾਲ ਲੋਕਾਂ ਤੋਂ ਵੋਟ ਮੰਗੇ।ਇਥੇ ਸ੍ਰੀ ਬਾਦਲ ਨੇ ਆਪ ਪਾਰਟੀ ਅਤੇ ਕਾਂਗਰਸ ਪਾਰਟੀ ਨੂੰ ਸੂਬੇ ਦੇ ਪਾਣੀਆਂ ਨੂੰ ਲੈ ਕੇ ਸਾਜ਼ਿਸ਼ ਤਹਿਤ ਹਰਿਆਣੇ ਨੂੰ ਦੇਣ ਦੇ ਦੋਸ਼ ਲਾਏ।ਉਨ੍ਹਾਂ ਆਖਿਆ ਕਿ ਪਾਰਟੀ ਤਾਂ ਉਹ ਹੁੰਦੀ ਐ, ਜੋ ਸੂਬੇ ਖ਼ਾਤਰ ਜੇਲ੍ਹਾਂ ਵਿੱਚ ਜਾਵੇ ਅਤੇ ਗੋਲੀਆਂ ਖਾਵੇ, ਨਾ ਕਿ ਸੂਬੇ ਦੇ ਨੁਕਸਾਨ ਲਈ ਤਿਆਰ ਰਹੇ।ਇਸ ਮੌਕੇ ਬਾਦਲ ਨੇ ਮੁੜ ਜਜ਼ਬਾਤੀ ਚਾਲ ਚਲਦਿਆਂ ਆਖਿਆ ਕਿ ਮੈਂ ਥੋਡੇ ਕੋਲ ਵੋਟਾਂ ਮੰਗਣ ਏਸ ਕਰਕੇ ਨਹੀਂ ਆਇਆ ਕਿ ਮੈਨੂੰ ਚੀਫ਼ ਮਨਿਸਟਰ ਬਣਨ ਦਾ ਚਾਅ ਹੈ, ਮੈਂ ਤਾਂ ਇਸ ਕਰਕੇ ਆਇਆ ਹਾਂ ਤਾਂ ਜੋ ਆਪਣੀ ਗੌਰਮਿੰਟ ਬਣ'ਜੇ, ਆਪਣਾ ਭਲਾ ਸਰਕਾਰ ਬਣਨ 'ਤੇ ਹੀ ਹੋਣੈ। ਇਸ ਮੌਕੇ ਉਨ੍ਹਾਂ ਨਾਲ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ, ਤੇਜਿੰਦਰ ਸਿੰਘ ਮਿੱਡੂ ਖੇੜਾ, ਅਵਤਾਰ ਸਿੰਘ ਵਨਵਾਲਾ ਅਤੇ ਅਕਾਸ਼ਦੀਪ ਸਿੰਘ ਮਿੱਡੂ ਖੇੜਾ ਵੀ ਮੌਜੂਦ ਸਨ।