ਪਾਰਟੀ ਪ੍ਰਧਾਨਗੀ ਨੂੰ ਲੈ ਕੇ ਫਸਿਆ ਪੇਚ


ਲਖਨਊ (ਨਵਾਂ ਜ਼ਮਾਨਾ ਸਰਵਿਸ)
ਮੁਲਾਇਮ ਸਿੰਘ ਯਾਦਵ ਅਤੇ ਅਖਿਲੇਸ਼ ਯਾਦਵ ਵਿਚਕਾਰ ਲੰਮੀ ਮੁਲਾਕਾਤ ਦੇ ਬਾਵਜੂਦ ਪਾਰਟੀ ਅੰਦਰਲਾ ਮਸਲਾ ਹੱਲ ਨਹੀਂ ਹੋ ਸਕਿਆ। ਸੂਤਰਾਂ ਅਨੁਸਾਰ ਡੇਢ ਘੰਟੇ ਤੱਕ ਚਲੀ ਮੀਟਿੰਗ 'ਚ ਮੁਲਾਇਮ ਨੇ ਅਖਿਲੇਸ਼ ਨੂੰ ਕਿਹਾ ਕਿ ਚੋਣ ਕਮਿਸ਼ਨ ਤੋਂ ਦਾਅਵੇਦਾਰੀ ਵਾਪਸ ਲੈ ਲਓ। ਤੁਹਾਨੂੰ ਹੀ ਪਾਰਟੀ ਦਾ ਮੁੱਖ ਮੰਤਰੀ ਅਹੁਦੇ ਲਈ ਚਿਹਰਾ ਬਣਾਇਆ ਜਾਵੇਗਾ ਅਤੇ ਟਿਕਟਾਂ ਦੀ ਵੰਡ ਵੀ ਤੁਹਾਡੀ ਮਰਜ਼ੀ ਅਨੁਸਾਰ ਹੋਵੇਗੀ, ਪਰ ਤੁਹਾਨੂੰ ਪਾਰਟੀ ਦੇ ਕੌਮੀ ਪ੍ਰਧਾਨ ਦਾ ਅਹੁਦਾ ਛੱਡਣਾ ਪਵੇਗਾ ਅਤੇ ਇਹ ਅਹੁਦਾ ਮੇਰੇ ਕੋਲ ਰਹੇਗਾ।
ਇਹਨਾਂ ਸੂਤਰਾਂ ਨੇ ਕਿਹਾ ਕਿ ਅਖਿਲੇਸ਼ ਯਾਦਵ ਪਾਰਟੀ ਪ੍ਰਧਾਨ ਦਾ ਅਹੁਦਾ ਛੱਡਣ ਲਈ ਤਿਆਰ ਨਾ ਹੋਏ ਅਤੇ ਕਿਹਾ ਕਿ ਮੈਂ ਪਾਰਟੀ ਪ੍ਰਧਾਨ ਨਾ ਰਿਹਾ ਤਾਂ ਅਮਰ ਸਿੰਘ ਤੁਹਾਡੇ ਤੋਂ ਕੋਈ ਵੀ ਫ਼ੈਸਲਾ ਕਰਵਾ ਸਕਦੇ ਹਨ।
ਅੱਜ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਲਖਨਊ 'ਚ ਮੁਲਾਇਮ ਸਿੰਘ ਯਾਦਵ ਨਾਲ ਤਕਰੀਬਨ ਡੇਢ ਘੰਟਾ ਮੁਲਾਕਾਤ ਕੀਤੀ। ਮੁਲਾਇਮ ਸਿੰਘ ਨਾਲ ਮੁਲਾਕਾਤ ਮਗਰੋਂ ਪਾਰਟੀ ਵਰਕਰਾਂ ਅਤੇ ਕਾਰਕੁਨਾਂ ਨਾਲ ਗੱਲਬਾਤ ਕਰਦਿਆਂ ਅਖਿਲੇਸ਼ ਯਾਦਵ ਨੇ ਕਿਹਾ ਕਿ ਉਹ ਛੇਤੀ ਹੀ ਪਾਰਟੀ ਦੀ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰਨਗੇ।
ਸੂਤਰਾਂ ਅਨੁਸਾਰ ਮੁਲਾਇਮ ਸਿੰਘ ਯਾਦਵ ਇਸ ਗੱਲ ਲਈ ਸਹਿਮਤ ਹੋ ਗਏ ਹਨ ਕਿ ਮੁੱਖ ਮੰਤਰੀ ਅਹੁਦੇ ਲਈ ਅਖਿਲੇਸ਼ ਯਾਦਵ ਹੀ ਪਾਰਟੀ ਦੇ ਉਮੀਦਵਾਰ ਹੋਣਗੇ ਅਤੇ ਉਮੀਦਵਾਰਾਂ ਬਾਰੇ ਫ਼ੈਸਲਾ ਵੀ ਅਖਿਲੇਸ਼ ਯਾਦਵ ਦੀ ਸਹਿਮਤੀ ਨਾਲ ਕੀਤਾ ਜਾਵੇਗਾ , ਪਰ ਉਹ ਇਸ ਗੱਲ 'ਤੇ ਅੜੇ ਹੋਏ ਹਨ ਕਿ ਪਾਰਟੀ ਪ੍ਰਧਾਨ ਦਾ ਅਹੁਦਾ ਉਨ੍ਹਾਂ ਕੋਲ ਹੀ ਰਹੇਗਾ। ਇਹਨਾਂ ਸੂਤਰਾਂ ਅਨੁਸਾਰ ਇਹ ਮੁੱਦਾ ਵੀ ਛੇਤੀ ਹੀ ਹੱਲ ਕਰ ਲਿਆ ਜਾਵੇਗਾ। ਪਿਉ-ਪੁੱਤਰ ਦੀ ਮੁਲਾਕਾਤ ਦੌਰਾਨ ਅਮਰ ਸਿੰਘ ਅਤੇ ਰਾਮ ਗੋਪਾਲ ਯਾਦਵ ਗੈਰ-ਹਾਜ਼ਰ ਰਹੇ, ਪਰ ਗਾਇਤਰੀ ਅਤੇ ਸੰਜੇ ਸੇਠ ਦੋਹਾਂ ਦੀ ਮੁਲਾਕਾਤ ਮੌਕੇ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਕੱਲ੍ਹ ਦਿੱਲੀ 'ਚ ਚੋਣ ਕਮਿਸ਼ਨ ਨਾਲ ਮੁਲਾਕਾਤ ਮਗਰੋਂ ਮੁਲਾਇਮ ਸਿੰਘ ਯਾਦਵ ਲਖਨਊ ਪਰਤ ਆਏ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾ ਕਿਹਾ ਕਿ ਪਾਰਟੀ ਇੱਕ ਹੈ ਅਤੇ ਅਖਿਲੇਸ਼ ਯਾਦਵ ਹੀ ਅਗਲੇ ਮੁੱਖ ਮੰਤਰੀ ਹੋਣਗੇ। ਉਨ੍ਹਾ ਕਿਹਾ ਕਿ ਪਾਰਟੀ ਟੁੱਟਣ ਦਾ ਸੁਆਲ ਨਹੀਂ ਅਤੇ ਅਸੀਂ ਸਾਰੇ ਮਿਲ ਕੇ ਛੇਤੀ ਚੋਣ ਪ੍ਰਚਾਰ ਸ਼ੁਰੂ ਕਰਾਂਗੇ।
ਹੁਣ ਤੱਕ ਮੁਲਾਇਮ ਸਿੰਘ ਯਾਦਵ ਆਖਦੇ ਰਹੇ ਹਨ ਕਿ ਮੁੱਖ ਮੰਤਰੀ ਬਾਰੇ ਫ਼ੈਸਲਾ ਪਾਰਟੀ ਦੇ ਚੁਣੇ ਹੋਏ ਵਿਧਾਇਕ ਕਰਨਗੇ, ਪਰ ਅੱਜ ਉਨ੍ਹਾ ਪਹਿਲੀ ਵਾਰ ਕਿਹਾ ਕਿ ਪਾਰਟੀ ਵੱਲੋਂ ਅਖਿਲੇਸ਼ ਯਾਦਵ ਮੁੱਖ ਮੰਤਰੀ ਅਹੁਦੇ ਲਈ ਚਿਹਰਾ ਹੋਣਗੇ। ਇਸ ਤੋਂ ਪਹਿਲਾਂ ਕਲ੍ਹ ਦਿੱਲੀ 'ਚ ਅਸਿੱਧੇ ਤੌਰ 'ਤੇ ਰਾਮ ਗੋਪਾਲ ਯਾਦਵ ਵੱਲ ਇਸ਼ਾਰਾ ਕਰਦਿਆਂ ਉਨ੍ਹਾ ਕਿਹਾ ਸੀ ਕਿ ਸਿਰਫ਼ ਇੱਕ ਵਿਅਕਤੀ ਪਾਰਟੀ 'ਚ ਸਮੱਸਿਆਵਾਂ ਪੈਦਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮੇਰੀ ਅਖਿਲੇਸ਼ ਨਾਲ ਲਗਾਤਾਰ ਗੱਲਬਾਤ ਹੋ ਰਹੀ ਹੈ ਅਤੇ ਸਾਡੇ ਵਿਚਕਾਰ ਕੋਈ ਮਤਭੇਦ ਨਹੀਂ ਅਤੇ ਪਾਰਟੀ ਵਿਚਕਾਰ ਚੱਲ ਰਹੇ ਮਤਭੇਦ ਛੇਤੀ ਹੱਲ ਕਰ ਲਏ ਜਾਣਗੇ।