ਬਾਦਲ ਨੂੰ ਵੀ ਕਰਨਾ ਪਿਆ ਜੁੱਤੀ ਦਾ ਸਾਹਮਣਾ


ਮਲੋਟ/ਲੰਬੀ (ਮਿੰਟੂ ਗੁਰੂਸਰੀਆ)
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਅਸੰਬਲੀ ਹਲਕੇ ਲੰਬੀ ਦੇ ਪਿੰਡ ਰੱਤਾਖੇੜਾ 'ਚ ਓਸ ਵੇਲੇ ਜ਼ਖਮੀ ਹੋ ਗਏ, ਜਦੋਂ ਇੱਕ ਵਿਅਕਤੀ ਨੇ ਉਨ੍ਹਾਂ ਵੱਲ ਜੁੱਤੀ ਵਗਾ ਮਾਰੀ।
ਸ੍ਰੀ ਬਾਦਲ ਆਪਣੀ ਚੋਣ ਮੁਹਿੰਮ ਦੇ ਸੰਬੰਧ 'ਚ ਇਸ ਪਿੰਡ 'ਚ ਇਕੱਠ ਨੂੰ ਸੰਬੋਧਨ ਕਰ ਰਹੇ ਸਨ, ਜਦੋਂ ਗੁਰਬਚਨ ਸਿੰਘ ਨਾਂਅ ਦੇ ਇੱਕ ਵਿਅਕਤੀ ਨੇ ਉਨ੍ਹਾ ਵੱਲ ਜੁੱਤੀ ਵਗਾ ਮਾਰੀ। ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਇਹ ਜੁੱਤੀ ਸ੍ਰੀ ਬਾਦਲ ਦੀ ਐਨਕ 'ਤੇ ਵੱਜੀ। ਸਿਟੇ ਵਜੋਂ ਉਨ੍ਹਾਂ ਦੀ ਅੱਖ 'ਚੋਂ ਖੂਨ ਨਿਕਲਣ ਲੱਗ ਪਿਆ ਅਤੇ ਉਨ੍ਹਾਂ ਨੂੰ ਫੌਰੀ ਤੌਰ 'ਤੇ ਘਟਨਾ ਵਾਲੀ ਥਾਂ ਤੋਂ ਲਿਜਾਇਆ ਗਿਆ।
ਜੁੱਤੀ ਸੁੱਟਣ ਵਾਲੇ ਦੀ ਪਛਾਣ ਗੁਰਬਚਨ ਸਿੰਘ ਵਜੋਂ ਹੋਈ ਹੈ। ਮੁਕਤਸਰ ਦੇ ਐੱਸ ਐੱਸ ਪੀ ਡੀ ਐੱਚ ਨਿੰਬਲੇ ਅਨੁਸਾਰ ਗੁਰਬਚਨ ਸਿੰਘ ਪੰਜਾਬ 'ਚ ਵਾਪਰੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਪ੍ਰੇਸ਼ਾਨ ਸੀ।
ਜੁੱਤੀ ਮਾਰਨ ਵਾਲਾ ਗੁਰਬਚਨ ਸਿੰਘ ਇਸੇ ਪਿੰਡ ਦਾ ਗੁਰਸਿੱਖ ਹੈ ਤੇ ਮੁਤਵਾਜ਼ੀ ਜਥੇਦਾਰ ਅਮਰੀਕ ਸਿੰਘ ਅਜਨਾਲਾ ਦਾ ਭਰਾਤਾ ਹੈ। ਹੁਣ ਢਾਈ ਕੁ ਸਾਲ ਤੋਂ ਗੁਰਬਚਨ ਸਿੰਘ ਪੈਲੀ ਵੇਚ ਕੇ ਅਬੋਹਰ ਨੇੜਲੇ ਪਿੰਡ 'ਚ ਰਹਿ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਅਜਿਹਾ ਉਸ ਨੇ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਰੋਸ ਵਜੋਂ ਕੀਤਾ। ਇਸ ਦੀ ਪੁਸ਼ਟੀ ਕਰਦਿਆਂ ਥਾਣਾ ਕਬਰਵਾਲਾ ਦੇ ਬਾਹਰ ਮੌਜੂਦ ਗੁਰਬਚਨ ਸਿੰਘ ਦੇ ਭਰਾ ਕੁਲਵੰਤ ਸਿੰਘ ਨੇ ਕਿਹਾ ਕਿ ਗੁਰਬਚਨ ਸਿੰਘ ਬਰਗਾੜੀ 'ਚ ਵਾਪਰੀ ਘਟਨਾ ਵੇਲੇ ਉਥੇ ਮੌਜੂਦ ਸੀ ਤੇ ਉਸ ਦੇ ਮਨ 'ਚ ਇਸ ਘਟਨਾ ਨੂੰ ਲੈ ਕੇ ਡਾਢਾ ਰੋਸ ਸੀ, ਜੋ ਅੱਜ ਜੁੱਤੀ ਮਾਰਨ ਦੇ ਰੂਪ 'ਚ ਨਿਕਲਿਆ ਹੈ। ਇਹ ਪੁੱਛਣ 'ਤੇ ਕਿ ਕੀ ਅਜਿਹਾ ਕਰਨਾ ਠੀਕ ਹੈ ਤਾਂ ਕੁਲਵੰਤ ਸਿੰਘ ਨੇ ਕਿਹਾ ਕਿ ਸਾਨੂੰ ਕੋਈ ਅਫ਼ਸੋਸ ਨਹੀਂ, ਜੋ ਵੀ ਹੋਇਆ, ਉਹ ਪ੍ਰਮੇਸ਼ਰ ਦੇ ਹੁਕਮ ਨਾਲ ਹੋਇਆ ਹੈ। ਗ੍ਰਿਫਤਾਰ ਕਰਕੇ ਗੁਰਬਚਨ ਸਿੰਘ ਨੂੰ ਥਾਣਾ ਕਬਰਵਾਲਾ ਵਿੱਚ ਬੰਦ ਕਰ ਦਿੱਤਾ ਗਿਆ। ਹਾਲਾਂਕਿ ਸੂਤਰ ਦੱਸਦੇ ਹਨ ਕਿ ਜੁੱਤੀ ਮੁੱਖ ਮੰਤਰੀ ਦੇ ਮੱਥੇ ਕੋਲ ਜਾ ਕੇ ਲੱਗੀ ਹੈ, ਪਰ ਦੇਰ ਸ਼ਾਮ ਕਬਰਵਾਲਾ ਥਾਣੇ 'ਚ ਪੁੱਜੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪੁਲਸ ਮੁਖੀ ਸ੍ਰੀ ਧਰੂਮਨ ਨਿੰਬਲੇ ਨੇ ਇਸ ਗੱਲ ਤੋਂ ਇਨਕਾਰ ਕਰਦਿਆਂ ਪੱਤਰਕਾਰਾਂ ਨੂੰ ਦੱਸਿਆ ਕਿ ਗਾਰਡਜ਼ ਦੀ ਚੁਸਤੀ ਕਾਰਨ ਜੁੱਤੀ ਲੱਗਣ ਤੋਂ ਬਚਾਅ ਹੋ ਗਿਆ ਤੇ ਜੁੱਤੀ ਸਿਰਫ ਪੱਗ ਨੂੰ ਛੂਹ ਕੇ ਡਿੱਗ ਪਈ। ਸ੍ਰੀ ਨਿੰਬਲੇ ਨੇ ਦੱਸਿਆ ਕਿ ਗੁਰਬਚਨ ਸਿੰਘ ਖ਼ਿਲਾਫ਼ ਧਾਰਾ 355, 353, 186 ਅਧੀਨ ਮਾਮਲਾ ਦਰਜ ਕਰ ਲਿਆ ਹੈ। ਸ੍ਰੀ ਨਿੰਬਲੇ ਨੇ ਕਿਹਾ ਕਿ ਗੁਰਬਚਨ ਸਿੰਘ ਦੇ ਭਰਾ ਅਮਰੀਕ ਸਿੰਘ ਅਜਨਾਲਾ 'ਤੇ ਰਾਸ਼ਟਰ ਵਿਰੋਧੀ ਗਤੀਵਿਧੀਆਂ ਤੇ ਧਮਾਕਾਖੇਜ ਐਕਟ ਦੇ ਕਈ ਮਾਮਲੇ ਦਰਜ ਹਨ, ਜਿਸ ਕਰਕੇ ਲੱਗ ਰਿਹਾ ਹੈ ਕਿ ਇਹ ਕੋਈ ਵੱਡੀ ਸਾਜ਼ਿਸ਼ ਵੀ ਹੋ ਸਕਦੀ ਹੈ, ਅਸੀਂ ਇਸ ਦੀ ਪੜਤਾਲ ਕਰ ਰਹੇ ਆਂ। ਓਧਰ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਘਟਨਾ 'ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਇਸ ਮਾਮਲੇ 'ਚ ਪੁਲਸ ਆਪਣੀ ਕਾਰਵਾਈ ਕਰੇਗੀ। ਐਨਕ 'ਤੇ ਜੁੱਤੀ ਵੱਜਣ ਸੰਬੰਧੀ ਆ ਰਹੀਆਂ ਖ਼ਬਰਾਂ ਦੇ ਜੁਆਬ 'ਚ ਮੁੱਖ ਮੰਤਰੀ ਨੇ ਕਿਹਾ ਕਿ ਜੁੱਤੀ ਮੇਰੇ ਵੱਲ ਸੁੱਟੀ ਜ਼ਰੂਰ ਗਈ ਸੀ, ਪਰ ਐਨਕ ਤਾਂ ਮੇਰੀ ਉਹੀ ਹੈ।
ਮੁੱਖ ਮੰਤਰੀ ਪ੍ਰਕਾਸ਼ ਸਿੰਘ ਨੇ ਜੁੱਤੀ ਸੁੱਟਣ ਵਾਲੀ ਘਟਨਾ ਗਰਮ ਖਿਆਲੀਆਂ ਦੇ ਸਿਰ ਮੜ੍ਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲ ਜੁੱਤੀ ਸੁੱਟਣ ਵਾਲਾ ਅਮਰੀਕ ਸਿੰਘ ਅਜਨਾਲਾ ਦਾ ਬੰਦਾ ਹੈ।ਉਹ ਇੱਥੋਂ ਦਾ ਰਹਿਣ ਵਾਲਾ ਨਹੀਂ, ਬਲਕਿ ਅਬੋਹਰ ਤੋਂ ਆਇਆ ਸੀ।ਬਾਦਲ ਨੇ ਕਿਹਾ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।ਇਸ ਤੋਂ ਬਾਅਦ ਹੀ ਅਸਲ ਪਤਾ ਚੱਲੇਗਾ।ਉਨ੍ਹਾਂ ਕਿਹਾ ਕਿ ਇਸ ਮਾਮਲੇ ਬਾਰੇ ਉਹ ਹੋਰ ਕੁਝ ਨਹੀਂ ਬੋਲਣਗੇ।
ਬਾਅਦ ਵਿੱਚ ਇੱਕ ਬਿਆਨ ਰਾਹੀਂ ਸ੍ਰੀ ਬਾਦਲ ਨੇ ਕਿਹਾ ਹੈ ਕਿ ਇਸ ਘਟਨਾ ਤੋਂ ਸਿੱਧ ਹੁੰਦਾ ਹੈ ਕਿ ਅਕਾਲੀ ਦਲ ਦੇ ਸਿਆਸੀ ਵਿਰੋਧੀ ਹਾਰ ਮੰਨੀ ਬੈਠੇ ਹਨ ਅਤੇ ਉਹ ਸ਼ਾਂਤਮਈ, ਨਿਰਪੱਖ ਚੋਣਾਂ 'ਚ ਵਿਘਨ ਪਾਉਣਾ ਚਾਹੁੰਦੇ ਹਨ।
ਉਨ੍ਹਾਂ ਦੇ ਦਫਤਰ ਵੱਲੋਂ ਜਾਰੀ ਇੱਕ ਬਿਆਨ 'ਚ ਸ੍ਰੀ ਬਾਦਲ ਨੇ ਕਿਹਾ ਕਿ ਲੰਬੀ 'ਚ ਵਾਪਰੀ ਘਟਨਾ ਪਿੱਛੇ ਜੋ ਵਿਅਕਤੀ ਹੈ, ਉਹ ਲੰਬੀ ਨਾਲ ਸੰਬੰਧ ਨਹੀਂ ਰੱਖਦਾ। ਪੁਲਸ ਨੇ ਦੱਸਿਆ ਕਿ ਉਹ ਫਾਜ਼ਿਲਕਾ ਜ਼ਿਲ੍ਹੇ 'ਚ ਅਬੋਹਰ ਨੇੜੇ ਪਿੰਡ ਝੁਰੜ ਖੇੜਾ ਨਾਲ ਸੰਬੰਧ ਰੱਖਦਾ ਹੈ।
ਸ੍ਰੀ ਬਾਦਲ ਦੇ ਬਿਆਨ 'ਚ ਕਿਹਾ ਗਿਆ ਹੈ ਕਿ ਉਹ ਸੂਬੇ 'ਚ ਇੱਕ ਬਾਪ ਵਾਂਗ ਸਬਰ, ਅਮਨ ਅਤੇ ਫਿਰਕੂ ਸਦਭਾਵਨਾ ਦੇ ਰਸਤੇ 'ਤੇ ਚੱਲਦੇ ਰਹਿਣਗੇ। ਅਜਿਹੀਆਂ ਘਟਨਾਵਾਂ ਪਿੱਛੇ ਉਹ ਲੋਕ ਹਨ, ਜਿਹੜੇ ਪੰਜਾਬ ਨੂੰ ਇੱਕ ਵਾਰ ਫਿਰ ਅੱਗ 'ਚ ਸੁੱਟਣਾ ਚਾਹੁੰਦੇ ਹਨ ਅਤੇ ਪੰਜਾਬ ਦੀ ਜਵਾਨੀ ਨੂੰ ਇੱਕ ਵਾਰ ਫਿਰ ਕਤਲੋਗਾਰਦ ਅਤੇ ਟਕਰਾਅ ਦੇ ਮੂੰਹ 'ਚ ਸੁੱਟਣਾ ਚਾਹੁੰਦੇ ਹਨ, ਜਿਸ ਵਿੱਚੋਂ ਪੰਜਾਬ ਦੇ ਲੋਕ ਬੇਸ਼ਕੀਮਤੀ ਕੁਰਬਾਨੀਆਂ ਦੇ ਕੇ ਬਾਹਰ ਨਿਕਲੇ ਹਨ। ਬਿਆਨ 'ਚ ਕਿਹਾ ਗਿਆ ਹੈ ਕਿ ਇਨ੍ਹਾਂ ਨਿਰਾਸ਼ ਅਨਸਰਾਂ ਨੂੰ ਸਾਡੇ ਸਿਆਸੀ ਵਿਰੋਧੀਆਂ ਦੀ ਸ਼ਹਿ ਹੈ।
ਭਾਵੇਂ ਮੁੱਖ ਮੰਤਰੀ ਸ੍ਰੀ ਬਾਦਲ ਨੇ ਆਪਣੇ ਪਾਰਟੀ ਵਰਕਰਾਂ ਨੂੰ ਅਮਨ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੀ ਨੂੰਹ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ 'ਤੇ ਵੋਟਰਾਂ ਨੂੰ ਹਿੰਸਕ ਹੋਣ ਲਈ ਉਤਸ਼ਾਹਤ ਕਰਨ ਦਾ ਦੋਸ਼ ਲਾਇਆ। ਹਰਸਿਮਰਤ ਤਾਂ ਇੱਥੋਂ ਤੱਕ ਕਹਿ ਗਈ ਕਿ ਜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਪਾਰਟੀ ਵਰਕਰਾਂ ਨੂੰ ਹਿੰਸਕ ਹੋਣ ਲਈ ਆਖ ਦਿੱਤਾ ਤਾਂ ਆਪ ਦੇ ਵਰਕਰ ਜਿਉਂਦੇ ਨਹੀਂ ਬਚਣਗੇ।
ਕਾਬਲੇਗੌਰ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪ੍ਰਚਾਰ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਦਿੱਕਤ ਆ ਰਹੀ ਹੈ।ਚੋਣ ਜ਼ਾਬਤਾ ਲੱਗਦੇ ਸਾਰ ਹੀ ਪਿੰਡਾਂ ਵਿੱਚ ਅਕਾਲੀ ਦਲ ਦੇ ਉਮੀਦਵਾਰਾਂ ਦਾ ਵਿਰੋਧ ਹੋ ਰਿਹਾ ਹੈ।ਪੰਜਾਬ ਦੇ ਸਿਆਸੀ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਸੱਤਾਧਾਰੀ ਪਾਰਟੀ ਖਿਲਾਫ ਲੋਕਾਂ ਵਿੱਚ ਇੰਨਾ ਜ਼ਿਆਦਾ ਰੋਹ ਹੈ।ਇਸ ਤੋਂ ਪਹਿਲਾਂ ਜਲਾਲਾਬਾਦ ਵਿਧਾਨ ਸਭਾ ਹਲਕੇ 'ਚ ਐਤਵਾਰ ਨੂੰ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕਾਫਲੇ 'ਤੇ ਪਥਰਾਅ ਹੋਇਆ ਸੀ।ਇਸ ਤੋਂ ਪਹਿਲਾਂ ਸਿਕੰਦਰ ਸਿੰਘ ਮਲੂਕਾ, ਜਗਦੀਪ ਸਿੰਘ ਨਕਈ ਤੇ ਕਈ ਹੋਰ ਲੀਡਰਾਂ ਦਾ ਪਿੰਡਾਂ ਵਿੱਚ ਵਿਰੋਧ ਹੋਇਆ ਸੀ।