'ਨਵਾਂ ਜ਼ਮਾਨਾ' ਨਾਲ ਮੇਰਾ ਪੁਰਾਣਾ ਪਿਆਰ : ਅਮਰਿੰਦਰ ਗਿੱਲ

ਜਲੰਧਰ, (ਸਵਰਨ ਟਹਿਣਾ)
'ਨਵਾਂ ਜ਼ਮਾਨਾ' ਨਾਲ ਮੇਰਾ ਪੁਰਾਣਾ ਪਿਆਰ ਹੈ। ਜਦੋਂ ਵੀ ਮੌਕਾ ਮਿਲੇ, ਮੈਂ ਇਸ ਨੂੰ ਜ਼ਰੂਰ ਪੜ੍ਹਦਾ ਹਾਂ। ਇਸ ਦੇ ਇਤਿਹਾਸ ਤੋਂ ਮੈਂ ਪ੍ਰਭਾਵਤ ਹਾਂ। ਮਿਆਰੀ ਪੱਤਰਕਾਰਤਾ ਵਿੱਚ 'ਨਵਾਂ ਜ਼ਮਾਨਾ' ਦਾ ਵੱਖਰਾ ਸਥਾਨ ਹੈ। ਅਖ਼ਬਾਰ ਦੀ ਨਿਰਪੱਖ ਲੇਖਣੀ ਮੈਨੂੰ ਚੰਗੀ ਲੱਗਦੀ ਹੈ। ਇਨ੍ਹਾਂ ਵਿਚਾਰਾਂ ਪ੍ਰਗਟਾਵਾ ਅਮਰਿੰਦਰ ਗਿੱਲ ਨੇ 'ਨਵਾਂ ਜ਼ਮਾਨਾ' ਦਫ਼ਤਰ ਪਹੁੰਚ ਕੇ ਕੀਤਾ। ਉਹ 13 ਜਨਵਰੀ ਨੂੰ ਲੋਹੜੀ ਮੌਕੇ ਰਿਲੀਜ਼ ਹੋਣ ਵਾਲੀ ਆਪਣੀ ਨਵੀਂ ਪੰਜਾਬੀ ਫ਼ਿਲਮ 'ਸਰਵਣ' ਦੇ ਪ੍ਰਚਾਰ ਦੇ ਸਿਲਸਿਲੇ ਵਿੱਚ ਆਏ ਸਨ।
ਅਮਰਿੰਦਰ ਗਿੱਲ ਨੇ ਕਿਹਾ ਕਿ ਅੱਜ ਤੱਕ ਉਸ ਨੇ ਜੋ ਗਾਇਆ ਤੇ ਫ਼ਿਲਮਾਇਆ, ਹਰ ਕੰਮ ਜ਼ਿੰਮੇਵਾਰੀ ਨਾਲ ਕੀਤਾ। ਉਸ ਨੇ ਹਰ ਵਰਗ ਦਾ ਗਾਉਣ ਦੀ ਕੋਸ਼ਿਸ਼ ਕੀਤੀ ਤੇ ਹਰ ਵਰਗ ਨੇ ਹੀ ਉਸ ਨੂੰ ਰੱਜਵਾਂ ਪਿਆਰ ਦਿੱਤਾ। ਜਦੋਂ ਉਸ ਨੇ ਫ਼ਿਲਮਾਂ ਵੱਲ ਪੁਲਾਂਘ ਪੁੱਟੀ ਤਾਂ ਗਾਇਕੀ ਵਾਂਗ ਹੀ ਕੁਝ ਚੰਗਾ ਕਰਨ ਦੀ ਕੋਸ਼ਿਸ਼ ਕੀਤੀ ਤੇ ਹਰ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਮੁਹੱਬਤ ਕੀਤੀ ਗਈ।
ਆਪਣੀ ਆਉਣ ਵਾਲੀ ਫ਼ਿਲਮ 'ਸਰਵਣ' ਬਾਰੇ ਉਨ੍ਹਾ ਕਿਹਾ ਕਿ ਇਹ ਨੌਜਵਾਨ ਪੀੜ੍ਹੀ ਦੀ ਮਾਨਸਿਕਤਾ ਦੀ ਗੱਲ ਕਰੇਗੀ। ਜਵਾਨ ਉਮਰੇ ਔਲਾਦ ਨੂੰ ਮਾਪੇ ਇਸ ਕਰਕੇ ਮਾੜੇ ਲੱਗਦੇ ਹਨ, ਕਿਉਂਕਿ ਉਹ ਹਰ ਗੱਲ 'ਚ ਉਸ ਨੂੰ ਟੋਕਦੇ ਹਨ, ਪਰ ਸਮਾਂ ਪਾ ਕੇ ਔਲਾਦ ਨੂੰ ਆਪਣੀਆਂ ਗ਼ਲਤੀਆਂ ਦਾ ਅਹਿਸਾਸ ਹੁੰਦਾ ਹੈ। 'ਸਰਵਣ' ਫ਼ਿਲਮ ਮਿੱਠੂ ਨਾਂਅ ਦੇ ਅਜਿਹੇ ਹੀ ਨੌਜਵਾਨ ਦੀ ਕਹਾਣੀ ਹੈ, ਜਿਸ ਦੀ ਜ਼ਿੰਦਗੀ ਮੋੜ ਕੱਟਦੀ ਹੈ ਤੇ ਉਹ 'ਸਰਵਣ' ਬਣਨ ਦੀ ਕੋਸ਼ਿਸ਼ ਕਰਦਾ ਹੈ।
ਅਮਰਿੰਦਰ ਨੇ ਕਿਹਾ ਕਿ ਪੰਜਾਬੀ ਸਿਨੇਮੇ ਲਈ ਖੁਸ਼ੀ ਦੀ ਗੱਲ ਹੈ ਕਿ ਪ੍ਰਿਅੰਕਾ ਚੋਪੜਾ ਵਰਗੀ ਪ੍ਰਸਿੱਧ ਹੀਰੋਇਨ ਵੱਲੋਂ ਪੰਜਾਬੀ ਸਿਨੇਮੇ 'ਤੇ ਪੂੰਜੀ ਨਿਵੇਸ਼ ਕੀਤਾ ਜਾ ਰਿਹਾ ਹੈ। ਉਨ੍ਹਾ ਕਿਹਾ ਕਿ 'ਸਰਵਣ' ਜ਼ਰੀਏ ਰਣਜੀਤ ਬਾਵਾ ਪਹਿਲੀ ਵਾਰ ਵੱਡੇ ਪਰਦੇ 'ਤੇ ਦਿਖਾਈ ਦੇਵੇਗਾ। ਸਿੰਮੀ ਚਾਹਲ ਫ਼ਿਲਮ ਦੀ ਹੀਰੋਇਨ ਹੈ। ਸਰਦਾਰ ਸੋਹੀ, ਗੁਰਮੀਤ ਸਾਜਨ, ਨਿਰਮਲ ਰਿਸ਼ੀ ਨੇ ਵੀ ਵਧੀਆ ਅਦਾਕਾਰੀ ਕੀਤੀ ਹੈ। ਫ਼ਿਲਮ ਦੇ ਨਿਰਦੇਸ਼ਕ ਕਰਨ ਗੁਲਿਆਨੀ ਹਨ। ਸੰਗੀਤ ਜਤਿੰਦਰ ਸ਼ਾਹ ਦਾ ਹੈ। ਨਿਰਮਾਤਰੀ ਪ੍ਰਿਅੰਕਾ ਚੋਪੜਾ, ਡਾ. ਮਧੂ ਚੋਪੜਾ ਤੇ ਦੀਪਸ਼ਿਖਾ ਦੇਸ਼ਮੁਖ ਹਨ। ਉਨ੍ਹਾ ਕਿਹਾ ਕਿ ਪੰਜਾਬੀ ਸਿਨੇਮਾ ਅੱਜ ਬਾਲੀਵੁੱਡ ਦੇ ਹਾਣ ਦਾ ਬਣ ਚੁੱਕਾ ਹੈ ਅਤੇ ਇਸ ਗੱਲ ਲਈ ਸਾਰੇ ਸੁਹਿਰਦ ਦਰਸ਼ਕ, ਫ਼ਿਲਮ ਟੀਮਾਂ ਅਤੇ ਮੀਡੀਆ ਵਧਾਈ ਦਾ ਹੱਕਦਾਰ ਹੈ, ਕਿਉਂÎਕਿ ਸਭ ਦੇ ਸਾਂਝੇ ਯਤਨਾਂ ਸਦਕਾ ਹੀ ਇਹ ਸਭ ਸੰਭਵ ਹੋ ਸਕਿਆ ਹੈ।