ਨੋਟਬੰਦੀ ਬਾਰੇ ਮੰਤਰੀਆਂ ਨੂੰ ਵੀ ਹਨੇਰੇ 'ਚ ਰੱਖਿਆ ਗਿਆ : ਚਿਦੰਬਰਮ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਖਜ਼ਾਨਾ ਮੰਤਰੀ ਪੀ ਚਿਦੰਬਰਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਆਪ-ਹੁਦਰੀਆਂ ਕਰਨ ਦਾ ਦੋਸ਼ ਲਾਉਂਦਿਆਂ ਬੁੱਧਵਾਰ ਨੂੰ ਕਿਹਾ ਕਿ ਉਨ੍ਹਾ ਨੋਟਬੰਦੀ ਦੇ ਫੈਸਲੇ ਬਾਰੇ ਕਿਸੇ ਤੋਂ ਸਲਾਹ ਜਾਂ ਰਾਏ ਨਹੀਂ ਲਈ ਅਤੇ ਇੱਥੋਂ ਤੱਕ ਕਿ ਆਪਣੇ ਮੰਤਰੀਆਂ ਨੂੰ ਵੀ ਹਨੇਰੇ ਵਿੱਚ ਰੱਖਿਆ।
ਕਾਂਗਰਸ ਦੇ ਇੱਕ ਦਿਨਾ ਜਨ-ਵੇਦਨਾ ਸੰਮੇਲਨ ਨੂੰ ਸੰਬੋਧਨ ਕਰਦਿਆਂ ਚਿਦੰਬਰਮ ਨੇ ਕਿਹਾ ਕਿ ਮੋਦੀ ਦੇ ਇਸ ਫੈਸਲੇ ਨਾਲ ਦਿਹਾੜੀਦਾਰ ਮਜ਼ਦੂਰ, ਖੇਤ ਮਜ਼ਦੂਰ, ਛੋਟੇ ਕਾਰੋਬਾਰੀ, ਨੌਜਵਾਨਾਂ ਦਾ ਜੀਵਨ ਤਬਾਹ ਕਰਕੇ ਰੱਖ ਦਿੱਤਾ ਹੈ ਅਤੇ ਦੇਸ਼ ਦੇ ਅਰਥਚਾਰੇ ਨੂੰ ਡੂੰਘੇ ਸੰਕਟ ਵਿੱਚ ਪਾ ਦਿੱਤਾ ਹੈ। ਉਨ੍ਹਾ ਕਿਹਾ ਕਿ ਇਹ ਗੱਲ ਸਾਫ ਹੋ ਗਈ ਹੈ ਕਿ ਨੋਟਬੰਦੀ ਦਾ ਫੈਸਲਾ ਸਿਰਫ ਇਕ ਵਿਅਕਤੀ ਦਾ ਹੀ ਸੀ, ਜਿਸ ਨੇ ਦੇਸ਼ ਨੂੰ ਡੂੰਘੇ ਸੰਕਟ ਵਿੱਚ ਧੱਕ ਦਿੱਤਾ ਹੈ। ਉਨ੍ਹਾ ਕਿਹਾ ਕਿ ਨੋਟਬੰਦੀ ਦੇ ਫੈਸਲੇ ਨਾਲ ਕਰੋੜਾਂ ਲੋਕਾਂ ਤੋਂ ਰੁਜ਼ਗਾਰ ਖੁਸ ਗਿਆ ਅਤੇ ਕਿਸਾਨਾਂ, ਮਜ਼ਦੂਰਾਂ ਅਤੇ ਗਰੀਬਾਂ ਦਾ ਜਿਉਣਾ ਮੁਸ਼ਕਲ ਹੋ ਗਿਆ।
ਉਨ੍ਹਾ ਕਿਹਾ ਕਿ ਆਰ ਬੀ ਆਈ ਦੇਸ਼ ਦੀ ਸਭ ਤੋਂ ਵੱਡੀ ਸੰਸਥਾ ਹੈ ਅਤੇ ਬੈਂਕ ਹੀ ਸਰਕਾਰ ਨੂੰ ਸਲਾਹ ਦਿੰਦੀ ਹੈ ਕਿ ਉਸ ਨੇ ਮਾਲੀ ਨੀਤੀ 'ਚ ਸੁਧਾਰ ਲਈ ਕਿਸ ਤਰ੍ਹਾਂ ਦੇ ਕਦਮ ਚੁੱਕਣੇ ਹਨ, ਪਰ ਨੋਟਬੰਦੀ ਦੇ ਫੈਸਲੇ ਤੋਂ ਸਾਫ ਹੋ ਗਿਆ ਹੈ ਕਿ ਸਰਕਾਰ ਨੇ ਆਰ ਬੀ ਆਈ ਤੋਂ ਕੋਈ ਸਲਾਹ ਨਹੀਂ ਲਈ। ਚਿਦੰਬਰਮ ਨੇ ਕਿਹਾ ਕਿ ਸਰਕਾਰ ਇਸ ਫੈਸਲੇ ਨਾਲ ਕਰੋੜਾਂ ਨੌਜਵਾਨਾਂ ਤੋਂ ਰੁਜ਼ਗਾਰ ਖੁਸ ਗਿਆ ਹੈ ਅਤੇ ਗਰੀਬਾਂ ਤੇ ਮਜ਼ਦੂਰਾਂ ਲਈ ਰੋਟੀ ਦੇ ਲਾਲੇ ਪਏ ਹੋਏ ਹਨ।