ਮਾਮਲਾ ਮੋਦੀ ਦੀ ਡਿਗਰੀ ਦਾ ਦਿੱਲੀ 'ਵਰਸਿਟੀ ਦੇ 1978 ਦੇ ਰਿਕਾਰਡ ਦੀ ਜਾਂਚ ਦੇ ਹੁਕਮ ਦੇਣ ਵਾਲੇ ਸੂਚਨਾ ਕਮਿਸ਼ਨਰ ਦਾ ਤਬਾਦਲਾ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਦਿੱਲੀ ਯੂਨੀਵਰਸਿਟੀ ਦਾ 1978 ਦਾ ਬੀ ਏ ਦਾ ਰਿਕਾਰਡ ਮੁਆਇਨੇ ਲਈ ਜਨਤਕ ਕਰਨ ਦੀ ਆਗਿਆ ਦੇਣ ਤੋਂ ਮਹਿਜ਼ ਦੋ ਦਿਨਾਂ ਬਾਅਦ ਸੂਚਨਾ ਕਮਿਸ਼ਨਰ ਐਮ ਐਸ ਅਚਾਰਿਆਲੂ ਨੂੰ ਅਹੁਦੇ ਤੋਂ ਹੱਥ ਧੋਣੇ ਪਏ ਅਤੇ ਮੁੱਖ ਸੂਚਨਾ ਕਮਿਸ਼ਨਰ ਆਰ ਕੇ ਮਾਥੁਰ ਨੇ ਉਨ੍ਹਾ ਤੋਂ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦਾ ਚਾਰਜ ਲੈ ਲਿਆ।
ਮੰਗਲਵਾਰ ਸ਼ਾਮ ਨੂੰ ਜਾਰੀ ਕੀਤੇ ਗਏ ਹੁਕਮਾਂ ਮੁਤਾਬਕ ਹੁਣ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਨਾਲ ਸੰਬੰਧਤ ਸਾਰੀਆਂ ਸ਼ਿਕਾਇਤਾਂ ਅਤੇ ਅਪੀਲਾਂ ਦੂਜੇ ਸੂਚਨਾ ਕਮਿਸ਼ਨਰ ਮੰਜੁਲਾ ਪਰਾਸ਼ਰ ਵੱਲੋਂ ਦੇਖੀਆਂ ਜਾਣਗੀਆਂ। ਅਧਿਕਾਰੀਆਂ ਨੇ ਕਿਹਾ ਕਿ ਕਿਸੇ ਸੂਚਨਾ ਕਮਿਸ਼ਨਰ ਤੋਂ ਕੀ ਕੰਮ ਲੈਣਾ ਹੈ, ਇਹ ਫ਼ੈਸਲਾ ਕਰਨਾ ਮੁੱਖ ਸੂਚਨਾ ਕਮਿਸ਼ਨਰ ਦਾ ਕੰਮ ਹੈ। ਜ਼ਿਕਰਯੋਗ ਹੈ ਕਿ ਅਚਾਰਿਆਲੂ ਨੇ 21 ਦਸੰਬਰ ਨੂੰ ਦਿੱਲੀ ਯੂਨੀਵਰਸਿਟੀ ਦੇ 1978 ਦੇ ਡਿਗਰੀ ਰਿਕਾਰਡ ਦੇ ਮੁਆਇਨੇ ਦਾ ਹੁਕਮ ਦਿੱਤਾ ਹੈ। ਇੱਥੇ ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਸੇ ਸਾਲ ਇਥੋਂ ਡਿਗਰੀ ਹਾਸਲ ਕੀਤੀ ਸੀ। ਪਿਛਲੇ ਸਾਲ ਯੂਨੀਵਰਸਿਟੀ ਆਰ ਟੀ ਐਕਟ ਤਹਿਤ ਮੰਗੀ ਗਈ ਸੂਚਨਾ ਦੇ ਜੁਆਬ 'ਚ ਜਾਣਕਾਰੀ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਸੀ ਕਿ ਇਹ ਸੰਬੰਧਤ ਵਿਦਿਆਰਥੀਆਂ ਦੀ ਨਿੱਜੀ ਜਾਣਕਾਰੀ ਹੈ ਅਤੇ ਇਸ ਦਾ ਕਿਸੇ ਜਨਤਕ ਸਰਗਰਮੀ ਜਾਂ ਜਨਤਕ ਹਿੱਤ ਨਾਲ ਸੰਬੰਧ ਨਹੀਂ, ਇਸ ਲਈ ਇਸ ਬਾਰੇ ਖੁਲਾਸਾ ਨਹੀਂ ਕੀਤਾ ਜਾ ਸਕਦਾ। ਇਸ ਦੇ ਨਾਲ ਹੀ ਕਮਿਸ਼ਨ ਨੇ ਕਿਹਾ ਕਿ ਮੌਜੂਦਾ ਜਾਂ ਸਾਬਕਾ ਵਿਦਿਆਰਥੀ ਦੀ ਸਿੱਖਿਆ ਨਾਲ ਸੰਬੰਧਤ ਮਾਮਲਾ ਜਨਤਕ ਹਿੱਤ ਦੇ ਦਾਇਰੇ 'ਚ ਆਉਂਦਾ ਹੈ।
ਜ਼ਿਕਰਯੋਗ ਹੈ ਕਿ ਭਾਜਪਾ ਆਗੂਆਂ ਨੇ ਕਿਹਾ ਸੀ ਕਿ ਮੋਦੀ ਨੇ ਰਾਜਨੀਤੀ ਸ਼ਾਸਤਰ 'ਚ ਆਪਣੀ ਬੀ ਏ ਡਿਗਰੀ ਯੂਨੀਵਰਸਿਟੀ ਦੇ ਡਿਸਟੈਂਸ ਲਰਨਿੰਗ ਪ੍ਰੋਗਰਾਮ ਰਾਹੀਂ 1978 'ਚ ਕੀਤੀ ਸੀ। ਮਗਰੋਂ ਯੂਨੀਵਰਸਿਟੀ ਦੇ ਰਜਿਸਟਰਾਰ ਤਰੁਣ ਦਾਸ ਨੇ ਵੀ ਇਹੋ ਗੱਲ ਆਖੀ ਸੀ।
ਇਸ ਮਗਰੋਂ ਨੀਰਜ, ਜਿਸ ਨੇ 1978 'ਚ ਬੀ ਏ ਦੀ ਪ੍ਰੀਖਿਆ ਦਿੱਤੀ ਸੀ, ਨੇ ਯੂਨੀਵਰਸਿਟੀ ਤੋਂ ਬੀ ਏ ਦੇ ਕੁਲ ਵਿਦਿਆਰਥੀਆਂ ਦੀ ਗਿਣਤੀ ਵਿਦਿਆਰਥੀਆਂ ਦੇ ਪਿਤਾ ਦੇ ਨਾਂਅ, ਉਨ੍ਹਾਂ ਦੇ ਰੋਲ ਨੰਬਰ ਅਤੇ ਪ੍ਰਾਪਤ ਕੀਤੇ ਨੰਬਰਾਂ ਬਾਰੇ ਜਾਣਕਾਰੀ ਮੰਗੀ ਸੀ, ਜਿਸ ਦੇ ਜੁਆਬ 'ਚ 21 ਦਸੰਬਰ ਦੇ ਆਪਣੇ ਹੁਕਮ 'ਚ ਯੂਨੀਵਰਸਿਟੀ ਦੇ ਸੈਂਟਰਲ ਪਬਲਿਕ ਰਿਲੇਸ਼ਨ ਅਫ਼ਸਰ ਨੇ ਜਾਣਕਾਰੀ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਮੰਗੀ ਗਈ ਸੂਚਨਾ ਨਿੱਜੀ ਜਾਣਕਾਰੀ ਹੈ ਅਤੇ ਇਸ ਦੇ ਖੁਲਾਸੇ ਦਾ ਕਿਸੇ ਜਨਤਕ ਸਰਗਰਮੀ ਜਾਂ ਹਿੱਤ ਨਾਲ ਕੋਈ ਸੰਬੰਧ ਨਹੀਂ।