ਕੋਲਾ ਘੁਟਾਲਾ; ਜਿੰਦਲ ਤੇ ਹੋਰਨਾਂ ਵਿਰੁੱਧ ਜਾਂਚ ਰਿਪੋਰਟ ਦਾਇਰ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਸੀ ਬੀ ਆਈ ਨੇ ਕਾਂਗਰਸ ਆਗੂ ਅਤੇ ਉਦਯੋਗਪਤੀ ਨਵੀਨ ਜਿੰਦਲ, ਸਾਬਕਾ ਕੋਲ ਰਾਜ ਮੰਤਰੀ ਦਸਾਰੀ ਨਰਾਇਣ ਰਾਓ ਅਤੇ ਹੋਰਨਾਂ ਖ਼ਿਲਾਫ਼ ਕੋਲਾ ਘੁਟਾਲਾ ਮਾਮਲੇ 'ਚ ਵਿਸ਼ੇਸ਼ ਅਦਾਲਤ ਦੇ ਹੁਕਮ ਤਹਿਤ ਅੱਗੇ ਦੀ ਜਾਂਚ ਦੀ ਅੰਤਮ ਰਿਪੋਰਟ ਅੱਜ ਦਾਇਰ ਕੀਤੀ। ਵਿਸ਼ੇਸ਼ ਜੱਜ ਭਾਰਤ ਪਰਾਸ਼ਰ ਨੇ ਜਾਂਚ ਅਧਿਕਾਰੀ ਵੱਲੋਂ ਸਹੀ ਖਰੜੇ 'ਚ ਰਿਪੋਰਟ ਦਾਇਰ ਨਾ ਕੀਤੇ ਜਾਣ 'ਤੇ ਸਖ਼ਤ ਨਰਾਜ਼ਗੀ ਪ੍ਰਗਟਾਈ ਅਤੇ ਉਨ੍ਹਾਂ ਨੂੰ 23 ਜਨਵਰੀ ਤੱਕ ਸਹੀ ਖਰੜੇ 'ਚ ਰਿਪੋਰਟ ਜਮ੍ਹਾਂ ਕਰਨ ਲਈ ਕਿਹਾ। ਅਦਾਲਤ ਸਾਹਮਣੇ ਅੱਜ ਦਾਇਰ ਰਿਪੋਰਟ 'ਚ ਸੀ ਐਫ਼ ਐਸ ਐਲ ਰਿਪੋਰਟ, ਗਵਾਹਾਂ ਦੀ ਸੂਚੀ ਅਤੇ ਸੀ ਬੀ ਆਈ ਵੱਲੋਂ ਰਿਕਾਰਡ ਕੀਤੇ ਗਏ ਬਿਆਨ ਸ਼ਾਮਲ ਹਨ। ਇਸ ਤੋਂ ਪਹਿਲਾਂ ਅਦਾਲਤ 'ਚ ਰਿਪੋਰਟ ਦਾਇਰ ਕਰਨ 'ਚ ਦੇਰੀ ਨੂੰ ਲੈ ਕੇ ਸੀ ਬੀ ਆਈ ਦੀ ਖਿਚਾਈ ਕੀਤੀ ਸੀ। ਸੀ ਬੀ ਆਈ ਨੇ ਅਦਾਲਤ 'ਚ ਕਿਹਾ ਸੀ ਕਿ ਚਾਰਟਰਡ ਅਕਾਊਟੈਂਟ ਸੁਰੇਸ਼ ਸਿੰਘਲ ਵੱਲੋਂ ਕੁਝ ਖੁਲਾਸਿਆਂ ਦੇ ਮੱਦੇਨਜ਼ਰ ਉਸ ਨੂੰ ਮਾਮਲੇ ਦੀ ਹੋਰ ਜਾਂਚ ਕਰਨ ਦੀ ਜ਼ਰੂਰਤ ਹੈ। ਅਦਾਲਤ ਨੇ ਸੀ ਬੀ ਆਈ ਦੀ ਇਹ ਅਪੀਲ ਪ੍ਰਵਾਨ ਕਰ ਲਈ ਸੀ। ਸਿੰਘਲ ਨੇ ਅਦਾਲਤ ਤੋਂ ਸਰਕਾਰੀ ਗਵਾਹ ਬਨਣ ਲਈ ਮਨਜ਼ੂਰੀ ਮੰਗੀ ਸੀ। ਅਦਾਲਤ ਨੇ ਸਿੰਘਲ ਦੀ ਮਾਫ਼ੀ ਦੀ ਪਟੀਸ਼ਨ ਪ੍ਰਵਾਨ ਕਰ ਲਈ ਸੀ ਅਤੇ ਦੋਸ਼ੀਆਂ ਦੀ ਸੂਚੀ 'ਚੋਂ ਉਸ ਦਾ ਨਾਂਅ ਹਟਾਉਣ ਦਾ ਹੁਕਮ ਦਿੱਤਾ ਸੀ।
ਸੀ ਬੀ ਆਈ ਨੇ ਦੋਸ਼ ਲਾਇਆ ਸੀ ਕਿ ਮਾਮਲੇ 'ਚ ਦੋਸ਼ੀ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਮਧੂ ਕੌੜਾ ਨੇ ਝਾਰਖੰਡ 'ਚ ਅਮਰਕੋਂਡਾ ਮੁਗਰਦੰਗਲ ਕੋਲਾ ਬਲਾਕ ਦੀ ਅਲਾਟਮੈਂਟ 'ਚ ਜਿੰਦਲ ਸਮੂਹ ਦੀਆਂ ਫਰਮਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਲਾਭ ਪਹੁੰਚਾਇਆ । ਸੀ ਬੀ ਆਈ ਦੇ ਦਾਅਵੇ ਦੇ ਵਿਰੋਧ 'ਚ ਸਾਰੇ ਦੋਸ਼ੀਆਂ ਨੇ ਕਿਹਾ ਸੀ ਕਿ ਕੋਈ ਸਬੂਤ ਇਹ ਨਹੀਂ ਦਰਸਾਉਂਦਾ ਕਿ ਕੋਲਾ ਬਲਾਕ ਅਲਾਟਮੈਂਟ ਪ੍ਰਕ੍ਰਿਆ ਦੌਰਾਨ ਉਹ ਕਿਸੇ ਸਾਜ਼ਿਸ਼ 'ਚ ਸ਼ਾਮਲ ਸਨ। ਉਨ੍ਹਾ ਨੇ ਸੀ ਬੀ ਆਈ ਵੱਲੋਂ ਚਾਰਜਸ਼ੀਟ 'ਚ ਉਨ੍ਹਾ 'ਤੇ ਲਾਏ ਗਏ ਦੋਸ਼ਾਂ ਨੂੰ ਗਲਤ ਦਸਿਆ।