ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਖਤਰੇ 'ਚ : ਮਨਮੋਹਨ


ਕੋਲਕਾਤਾ (ਨਵਾਂ ਜ਼ਮਾਨਾ ਸਰਵਿਸ)
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕੇਂਦਰ ਸਰਕਾਰ 'ਤੇ ਹਮਲਾ ਕਰਦਿਆਂ ਕਿਹਾ ਕਿ ਖੁੱਲ੍ਹੀ ਸੋਚ ਅਤੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਹੁਣ ਭਾਰਤੀ ਯੂਨੀਵਰਸਿਟੀਆਂ 'ਚ ਖਤਰਾ ਹੈ। ਉਨ੍ਹਾ ਕਿਹਾ ਕਿ ਹੈਦਰਾਬਾਦ ਕੇਂਦਰੀ ਯੂਨੀਵਰਸਿਟੀ ਅਤੇ ਜੇ ਐੱਨ ਯੂ 'ਚ ਵਿਦਿਆਰਥੀ ਭਾਈਚਾਰੇ ਵੱਲੋਂ ਖੁੱਲ੍ਹੇ ਪ੍ਰਗਟਾਵੇ 'ਚ ਦਖਲ ਦੇ ਹਾਲ ਦੇ ਯਤਨ ਚਿੰਤਾ ਦਾ ਵਿਸ਼ਾ ਸਨ, ਪਰ ਸ਼ਾਂਤੀਪੂਰਨ ਅਸਹਿਮਤੀ ਨੂੰ ਦਬਾਉਣ ਦੇ ਯਤਨਾਂ ਨੂੰ ਉਨ੍ਹਾਂ ਸਿੱਖਣ ਲਈ ਨੁਕਸਾਨਦੇਹ ਅਤੇ ਗੈਰ-ਲੋਕਤੰਤਰੀ ਦੱਸਿਆ।
ਪ੍ਰੈਜ਼ੀਡੈਂਸੀ ਯੂਨੀਵਰਟੀ ਦੇ ਸਮਾਰੋਹ ਨੂੰ ਸੰਬੋਧਨ ਕਰਦਿਆਂ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਭਾਰਤੀ ਯੂਨੀਵਰਸਿਟੀਆਂ 'ਚ ਸੁਤੰਤਰ ਸੋਚ ਅਤੇ ਪ੍ਰਗਟਾਵੇ ਦੀ ਅਜ਼ਾਦੀ ਹੁਣ ਖਤਰੇ ਵਿੱਚ ਹੈ। ਉਨ੍ਹਾ ਕਿਹਾ ਕਿ ਸਹੀ ਰਾਸ਼ਟਰਵਾਦ ਉਥੇ ਹੀ ਹੁੰਦਾ ਹੈ, ਜਿੱਥੇ ਵਿਦਿਆਰਥੀਆਂ, ਨਾਗਰਿਕਾਂ ਨੂੰ ਸੋਚਣ ਅਤੇ ਖੁੱਲ੍ਹ ਕੇ ਬੋਲਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਅਤੇ ਉਸ ਨੂੰ ਦਬਾਇਆ ਨਹੀਂ ਜਾਂਦਾ ਅਤੇ ਅਜਿਹੇ ਸਿਰਫ ਉਸਾਰੂ ਗੱਲਬਾਤ ਰਾਹੀਂ ਹੁੰਦਾ ਹੈ ਅਤੇ ਅਜਿਹਾ ਕਰਕੇ ਅਸੀਂ ਸਹੀ ਮਾਇਨੇ ਵਿੱਚ ਮਜ਼ਬੂਤ, ਵਧੇਰੇ ਜੋੜਨ ਵਾਲੇ ਅਤੇ ਲੋਕਤੰਤਰ ਦਾ ਆਪਣੇ ਦੇਸ਼ ਵਿੱਚ ਨਿਰਮਾਣ ਕਰ ਸਕਦੇ ਹਾਂ।
ਉਨ੍ਹਾ ਰੋਹਿਤ ਵੇਮੁੱਲਾ ਖੁਦਕੁਸ਼ੀ ਮਾਮਲੇ ਦਾ ਅਸਿੱਧੇ ਰੂਪ ਵਿੱਚ ਜ਼ਿਕਰ ਕਰਦਿਆਂ ਇਹ ਗੱਲਾਂ ਆਖੀਆਂ।
ਸੰਸਥਾਵਾਂ ਵਿੱਚ ਨਿਯੁਕਤੀਆਂ ਵਿੱਚ ਸਿਆਸੀ ਦਖਲ-ਅੰਦਾਜ਼ੀ ਬੇਹੱਦ ਗਲਤ ਹੈ ਅਤੇ ਸਾਨੂੰ ਆਪਣੇ ਵਿਦਿਅਕ ਅਦਾਰਿਆਂ ਦੀ ਖੁਦ-ਮੁਖਤਾਰੀ ਦੀ ਰਾਖੀ ਦਾ ਯਤਨ ਕਰਨਾ ਚਾਹੀਦਾ ਹੈ ਅਤੇ ਵਿਚਾਰਾਂ ਦੇ ਪ੍ਰਗਟਾਵੇ ਲਈ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।