ਬਸਪਾ ਉਮੀਦਵਾਰ ਕਾਂਗਰਸੀ ਬਣ ਗਿਆ

ਕਪੂਰਥਲਾ (ਗੁਰਦੇਵ ਭੱਟੀ/ਇੰਦਰਜੀਤ)
ਕਪੂਰਥਲਾ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਡਾ. ਜਸਵੰਤ ਸਿੰਘ ਭੰਡਾਲ ਨੇ ਆਪਣੀ ਉਮੀਦਵਾਰੀ ਅਤੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ। ਉਨ੍ਹਾ ਕਾਂਗਰਸ ਉਮੀਦਵਾਰ ਰਾਣਾ ਗੁਰਜੀਤ ਸਿੰਘ ਦੇ ਪੱਖ ਵਿੱਚ ਵਿਧਾਨ ਸਭਾ ਚੋਣਾਂ ਤੋਂ ਆਪਣੀ ਉਮੀਦਵਾਰੀ ਵਾਪਸ ਲੈਣ ਦਾ ਐਲਾਨ ਕੀਤਾ ਤੇ ਰਾਣਾ ਗੁਰਜੀਤ ਸਿੰਘ ਦੀ ਮੌਜੂਦਗੀ ਵਿੱਚ ਕਾਂਗਰਸ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਸੱਦੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਭੰਡਾਲ ਨੇ ਕਿਹਾ ਕਿ ਉਨ੍ਹਾ ਪੰਜਾਬ ਦੇ ਹਿੱਤ ਵਿੱਚ ਕਾਂਗਰਸ ਉਮੀਦਵਾਰ ਦੇ ਪੱਖ ਵਿੱਚ ਆਪਣਾ ਨਾਂਅ ਵਾਪਸ ਲੈ ਲਿਆ ਹੈ। ਉਨ੍ਹਾ ਕਿਹਾ ਕਿ ਬਸਪਾ, ਆਪ ਵਰਗੀਆਂ ਪਾਰਟੀਆਂ ਅਤੇ ਆਜ਼ਾਦ ਖੜੇ ਹੋਣ ਵਾਲੇ ਉਮੀਦਵਾਰ ਵੋਟ ਤਾਂ ਥੋੜ੍ਹੀ-ਬਹੁਤ ਹੀ ਲੈ ਕੇ ਜਾਂਦੇ ਹਨ, ਪਰ ਕਾਂਗਰਸ ਨੂੰ ਨੁਕਸਾਨ ਪਹੁੰਚਾਉਣ ਵਾਲੀ ਖੇਡ ਵਿੱਚ ਉਹ ਨਾ ਚਾਹੁੰਦੇ ਵੀ ਸ਼ਾਮਲ ਹੋ ਜਾਂਦੇ ਹਨ। ਇਨ੍ਹਾਂ ਦਲਾਂ ਦੀ ਚੋਣਾਂ ਵਿੱਚ ਮੌਜੂਦਗੀ ਸਿਰਫ ਅਕਾਲੀਆਂ ਨੂੰ ਜਿਤਾਉਣ ਦਾ ਕਾਰਣ ਬਣਦੀ ਹੈ।
ਇਸ ਕਾਰਨ ਹੀ ਉਹਨਾ ਕਾਂਗਰਸ ਪਾਰਟੀ ਦੇ ਸਮਰਥਨ ਵਿੱਚ ਆਪਣੀ ਉਮੀਦਵਾਰੀ ਵਾਪਸ ਲੈ ਲਈ ਹੈ। ਇਸ ਮੌਕੇ ਕਾਂਗਰਸੀ ਉਮੀਦਵਾਰ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਸ੍ਰੀ ਭੰਡਾਲ ਦੇ ਵਿਚਾਰਾਂ ਨੇ ਉਨ੍ਹਾਂ ਨੂੰ ਬਹੁਤ ਪ੍ਰਭਾਵਤ ਕੀਤਾ ਹੈ। ਪੰਜਾਬ ਦੀ ਵਿਗੜੀ ਮਾਲੀ ਹਾਲਤ, ਨਸ਼ਿਆਂ ਦਾ ਰੁਝਾਨ ਅਤੇ ਕਿਸਾਨੀ ਦੇ ਆਤਮ-ਹੱਤਿਆਵਾਂ ਵੱਲ ਵਧਦੇ ਰੁਝਾਨ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ ਵਾਲੀ ਕਾਂਗਰਸ ਸਰਕਾਰ ਹੀ ਠੱਲ੍ਹ ਪਾ ਸਕਦੀ ਹੈ।