ਚੋਣ ਕਮਿਸ਼ਨ ਵੱਲੋਂ ਕੇਜਰੀਵਾਲ ਨੂੰ 'ਆਪ' ਦੀ ਮਾਨਤਾ ਰੱਦ ਕਰਨ ਦੀ ਚੇਤਾਵਨੀ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਚੋਣ ਕਮਿਸ਼ਨ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਉਨ੍ਹਾ ਦੀ 'ਰਿਸ਼ਵਤ' ਸੰਬੰਧੀ ਟਿੱਪਣੀ ਨੂੰ ਲੈ ਕੇ ਝਾੜ ਪਾਈ ਹੈ। ਚੋਣ ਕਮਿਸ਼ਨ ਨੇ ਕੇਜਰੀਵਾਲ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਉਹ ਚੋਣ ਜ਼ਾਬਤੇ ਦੀ ਉਲੰਘਣਾ ਜਾਰੀ ਰੱਖਦੇ ਹਨ ਤਾਂ ਉਨ੍ਹਾ ਅਤੇ ਉਨ੍ਹਾ ਦੀ ਪਾਰਟੀ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ, ਜਿਸ ਵਿੱਚ ਆਮ ਆਦਮੀ ਪਾਰਟੀ ਦੀ ਮਾਨਤਾ ਮੁਅੱਤਲ ਜਾਂ ਖਤਮ ਕਰਨ ਦੀ ਕਾਰਵਾਈ ਵੀ ਸ਼ਾਮਲ ਹੈ।
ਚੋਣ ਕਮਿਸ਼ਨ ਨੇ ਕੇਜਰੀਵਾਲ ਨੂੰ ਝਿੜਕਦਿਆਂ ਕਿਹਾ ਕਿ ਅੱਗੇ ਤੋਂ ਉਹ ਚੋਣਾਂ ਦੌਰਾਨ ਆਪਣੇ ਭਾਸ਼ਣਾਂ ਵੇਲੇ ਸੰਜਮ ਤੋਂ ਕੰਮ ਲੈਣ। ਕਮਿਸ਼ਨ ਨੇ ਕਿਹਾ, 'ਤੁਸੀਂ ਇਹ ਵੀ ਧਿਆਨ ਰੱਖੋ ਕਿ ਜੇ ਭਵਿੱਖ 'ਚ ਚੋਣ ਜ਼ਾਬਤੇ ਦੀ ਉਲੰਘਣਾ ਹੁੰਦੀ ਹੈ ਤਾਂ ਕਮਿਸ਼ਨ ਚੋਣ ਨਿਸ਼ਾਨ (ਰਾਖਵਾਂਕਰਨ ਤੇ ਅਲਾਟਮੈਂਟ) ਆਰਡਰ ਐਕਟ ਦੇ ਪੈਰਾ 16 ਅਧੀਨ ਤੁਹਾਡੇ ਅਤੇ ਤੁਹਾਡੀ ਪਾਰਟੀ ਖਿਲਾਫ ਸਖਤ ਕਾਰਵਾਈ ਕਰੇਗਾ।'
ਪੈਰਾ 15 ਅਧੀਨ ਚੋਣ ਕਮਿਸ਼ਨ ਨੂੰ ਇਹ ਅਧਿਕਾਰ ਹੈ ਕਿ ਚੋਣ ਜ਼ਾਬਤੇ ਦੀ ਉਲੰਘਣਾ ਦੀ ਸਥਿਤੀ 'ਚ ਕਿਸੇ ਪਾਰਟੀ ਦੀ ਮਾਨਤਾ ਨੂੰ ਖਤਮ ਕਰਨ ਜਾਂ ਮੁਅੱਤਲ ਕਰ ਸਕਦਾ ਹੈ। ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ 16 ਜਨਵਰੀ ਨੂੰ ਕੇਜਰੀਵਾਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ।
ਇਸੇ ਮਹੀਨੇ ਕੇਜਰੀਵਾਲ ਨੇ ਗੋਆ 'ਚ ਇੱਕ ਚੋਣ ਰੈਲੀ ਦੌਰਾਨ ਲੋਕਾਂ ਨੂੰ ਕਿਹਾ ਸੀ ਕਿ ਉਹ ਕਾਂਗਰਸ ਅਤੇ ਭਾਜਪਾ ਤੋਂ ਪੈਸੇ ਲੈਣ, ਪਰ ਵੋਟ ਆਮ ਆਦਮੀ ਪਾਰਟੀ ਨੂੰ ਦੇਣ। ਉਨ੍ਹਾ ਕਿਹਾ ਸੀ ਕਿ ਕਾਂਗਰਸ ਤੇ ਭਾਜਪਾ ਦੇ ਲੋਕ ਉਨ੍ਹਾਂ ਨੂੰ ਪੈਸੇ ਦੇਣ ਆਉਣਗੇ, ਮਹਿੰਗਾਈ ਨੂੰ ਧਿਆਨ ਵਿੱਚ ਰੱਖਦਿਆਂ ਲੋਕ ਉਨ੍ਹਾਂ ਤੋਂ 5000 ਦੀ ਥਾਂ 10000 ਰੁਪਏ ਮੰਗਣ ਤੇ ਉਹ ਵੀ ਨਵੇਂ ਨੋਟਾਂ 'ਚ।
ਕੇਜਰੀਵਾਲ ਨੇ ਚੋਣ ਕਮਿਸ਼ਨ ਦੇ ਫੈਸਲੇ ਨੂੰ ਗਲਤ ਦੱਸਿਆ ਹੈ। ਉਨ੍ਹਾ ਟਵੀਟ ਕੀਤਾ ਹੈ, 'ਮੇਰੇ ਖਿਲਾਫ ਚੋਣ ਕਮਿਸ਼ਨ ਦਾ ਫੈਸਲਾ ਪੂਰੀ ਤਰ੍ਹਾਂ ਗਲਤ ਹੈ। ਹੇਠਲੀ ਅਦਾਲਤ 'ਚ ਮੇਰੇ ਪੱਖ 'ਚ ਫੈਸਲਾ ਦਿੱਤਾ ਸੀ। ਚੋਣ ਕਮਿਸ਼ਨ ਨੇ ਅਦਾਲਤ ਦੇ ਹੁਕਮ 'ਤੇ ਧਿਆਨ ਨਹੀਂ ਦਿੱਤਾ। ਇਸ ਫੈਸਲੇ ਨੂੰ ਮੈਂ ਅਦਾਲਤ ਵਿੱਚ ਚੁਣੌਤੀ ਦੇਵਾਂਗਾ।'