ਏ ਟੀ ਐੱਸ ਵੱਲੋਂ ਲੋਕਾਂ ਨੂੰ ਚੌਕਸ ਰਹਿਣ ਦੀ ਸਲਾਹ


ਮੁੰਬਈ (ਨਵਾਂ ਜ਼ਮਾਨਾ ਸਰਵਿਸ)-ਮਹਾਂਰਾਸ਼ਟਰ ਦੇ ਅੱਤਵਾਦ ਵਿਰੋਧੀ ਦਸਤੇ ਨੇ ਲੋਕਾਂ ਨੂੰ ਗਣਤੰਤਰ ਦਿਵਸ ਮੌਕੇ ਚੌਕਸ ਰਹਿਣ ਦੀ ਸਲਾਹ ਦਿੰਦਿਆਂ ਕਿਹਾ ਕਿ ਅੱਤਵਾਦੀ ਭੰਨਤੋੜ ਲਈ ਘਰੇਲੂ ਪਸ਼ੂਆਂ ਦਾ ਸਹਾਰਾ ਲੈ ਸਕਦੇ ਹਨ।
ਇੱਕ ਬਿਆਨ ਰਾਹੀਂ ਅੱਤਵਾਦ ਵਿਰੋਧੀ ਦਸਤੇ ਨੇ ਲੋਕਾਂ ਨੂੰ ਪਸ਼ੂਆਂ ਅਤੇ ਉਨ੍ਹਾਂ ਦੇ ਕੱਪੜਿਆਂ ਬਾਰੇ ਸੁਚੇਤ ਰਹਿਣ ਲਈ ਆਖਿਆ ਹੈ। ਉਹਨਾ ਕਿਹਾ ਕਿ ਅੱਤਵਾਦੀ ਆਪਣੀਆਂ ਕਾਰਵਾਈਆਂ ਲਈ ਕਤੂਰਿਆਂ ਦੀ ਵਰਤੋਂ ਕਰ ਸਕਦੇ ਹਨ। ਇਸ ਲਈ ਉਹ ਸ਼ੱਕੀ ਕੁੱਤਿਆਂ ਤੋਂ ਸਾਵਧਾਨ ਰਹਿਣ। ਦਸਤੇ ਨੇ ਕਿਹਾ ਕਿ ਗਣਤੰਤਰ ਦਿਵਸ ਮੌਕੇ ਜਿਹੜੀਆਂ ਥਾਵਾਂ 'ਤੇ ਵੱਡੀ ਗਿਣਤੀ 'ਚ ਲੋਕ ਇਕੱਤਰ ਹੁੰਦੇ ਹਨ, ਉਨ੍ਹਾਂ ਨੂੰ ਰਾਸ਼ਟਰ ਵਿਰੋਧੀ ਅਨਸਰਾਂ ਵੱਲੋਂ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਬਿਆਨ 'ਚ ਅੱਗੇ ਕਿਹਾ ਗਿਆ ਕਿ ਸੁਰੱਖਿਆ ਸਥਿਤੀ ਦੇ ਲਗਾਤਾਰ ਜਾਇਜ਼ੇ ਅਤੇ ਮਹਾਰਾਸ਼ਟਰ ਤੇ ਦੂਜੇ ਹਿੱਸਿਆਂ 'ਚ ਅੱਤਵਾਦੀ ਹਮਲਿਆਂ ਦੀ ਧਮਕੀ ਦੇ ਮੱਦੇਨਜ਼ਰ ਲੋਕਾਂ ਨੂੰ ਇਹ ਸਲਾਹ ਦਿੱਤੀ ਗਈ ਹੈ। ਏ ਟੀ ਐੱਸ ਨੇ ਲੋਕਾਂ ਨੂੰ ਕਿਹਾ ਕਿ ਉਹ ਅਫ਼ਵਾਹਾਂ 'ਤੇ ਯਕੀਨ ਨਾ ਕਰਨ ਅਤੇ ਅਫ਼ਵਾਹਾਂ ਨੂੰ ਅੱਗੇ ਵਧਾਉਣ 'ਚ ਭਾਈਵਾਲ ਨਾ ਬਣਨ।