ਦਰਦਨਾਕ ਰੇਲ ਹਾਦਸੇ 'ਚ 39 ਮੌਤਾਂ


ਹੈਦਰਾਬਾਦ (ਨਵਾਂ ਜ਼ਮਾਨਾ ਸਰਵਿਸ)
ਆਂਧਰਾ ਪ੍ਰਦੇਸ਼ ਵਿੱਚ ਦੇਰ ਰਾਤ ਹੋਏ ਇੱਕ ਰੇਲ ਹਾਦਸੇ ਵਿੱਚ ਘੱਟੋ-ਘੱਟ 39 ਵਿਅਕਤੀਆਂ ਦੀ ਮੌਤ ਹੋ ਗਈ ਅਤੇ 50 ਤੋਂ ਵੱਧ ਜ਼ਖਮੀ ਹੋ ਗਏ। ਇਹ ਰੇਲ ਹਾਦਸਾ ਉਸ ਵੇਲੇ ਹੋਇਆ, ਜਦੋਂ ਵਿਜੇ ਨਗਰ ਵਿੱਚ ਜਗਦਲਪੁਰ-ਭੁਬਨੇਸ਼ਵਰ ਐੱਕਸਪ੍ਰੈੱਸ ਗੱਡੀ ਦੇ ਅੱਠ ਡੱਬੇ ਪਟੜੀ ਤੋਂ ਉਤਰ ਗਏ। ਰੇਲਵੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸੀਨੀਅਰ ਅਧਿਕਾਰੀ ਘਟਨਾ ਵਾਲੀ ਥਾਂ 'ਤੇ ਪਹੁੰਚ ਗਏ ਅਤੇ ਉਨ੍ਹਾਂ ਦੀ ਨਿਗਰਾਨੀ ਹੇਠ ਰਾਹਤ ਤੇ ਬਚਾਅ ਕਾਰਜ ਚੱਲ ਰਹੇ ਹਨ। ਉਨ੍ਹਾ ਦੱਸਿਆ ਕਿ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਅਧਿਕਾਰੀਆਂ ਦੱਸਿਆ ਕਿ ਮੁਸਾਫਰਾਂ ਨੂੰ ਉਨ੍ਹਾਂ ਦੀ ਮੰਜ਼ਲ 'ਤੇ ਪਹੁੰਚਾਉਣ ਲਈ ਹੋਰ ਗੱਡੀਆਂ ਅਤੇ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ।
ਪੂਰਬੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਫਸਰ ਜੇ ਪੀ ਮਿਸ਼ਰਾ ਨੇ ਦੱਸਿਆ ਕਿ ਇਹ ਹਾਦਸਾ ਰਾਤ ਕੋਈ 12 ਵਜੇ ਕੇ ਕਰੀਬ ਵਾਪਰਿਆ। ਉਨ੍ਹਾ ਦੱਸਿਆ ਕਿ ਤਿੰਨ ਰਿਲੀਫ ਵੈਨਾਂ ਅਤੇ ਡਾਕਟਰਾਂ ਦੀ ਇੱਕ ਟੀਮ ਨੂੰ ਹਾਦਸੇ ਵਾਲੀ ਥਾਂ 'ਤੇ ਭੇਜਿਆ ਗਿਆ ਹੈ। ਉਨ੍ਹਾ ਦੱਸਿਆ ਕਿ ਹਾਦਸੇ ਸਮੇਂ ਗੱਡੀ ਦੀ ਰਫਤਾਰ ਤੇਜ਼ ਸੀ। ਉਨ੍ਹਾ ਦੱਸਿਆ ਕਿ ਇਹ ਹਾਦਸਾ ਕੁਨੀਰੂ ਸਟੇਸ਼ਨ ਨੇੜੇ ਵਾਪਰਿਆ। ਉਨ੍ਹਾ ਦੱਸਿਆ ਕਿ ਪਟੜੀ ਤੋਂ ਉਤਰਨ ਵਾਲੇ ਡੱਬਿਆਂ ਵਿੱਚ ਗੱਡੀ ਦਾ ਇੰਜਣ, ਦੋ ਜਨਰਲ ਕੋਚ, ਦੋ ਸਲੀਪਰ ਕੋਚ ਅਤੇ ਤਿੰਨ ਏ ਸੀ ਡੱਬੇ ਸ਼ਾਮਲ ਹਨ। ਮਿਸ਼ਰਾ ਨੇ ਦੱਸਿਆ ਕਿ ਜ਼ਖਮੀਆਂ ਦੀ ਗਿਣਤੀ 100 ਤੋਂ ਵਧ ਸਕਦੀ ਹੈ। ਉਨ੍ਹਾ ਦੱਸਿਆ ਕਿ ਅਜੇ ਵੀ ਕਈ ਮੁਸਾਫਰ ਗੱਡੀ ਦੇ ਡੱਬਿਆਂ ਵਿੱਚ ਫਸੇ ਹੋਏ ਹਨ ਅਤੇ ਉਨ੍ਹਾਂ ਨੂੰ ਬਾਹਰ ਕੱਢਣ ਲਈ ਜੰਗੀ ਪੱਧਰ 'ਤੇ ਰਾਹਤ ਤੇ ਬਚਾਅ ਕਾਰਜ ਜਾਰੀ ਹਨ। ਹਾਦਸੇ ਤੋਂ ਬਾਅਦ ਕਈ ਰੇਲ ਗੱਡੀਆਂ ਦਾ ਰੂਟ ਬਦਲਣਾ ਪਿਆ ਅਤੇ ਤਿੰਨ ਗੱਡੀਆਂ ਰੱਦ ਕਰਨੀਆਂ ਪਈਆਂ।
ਰੇਲ ਅਧਿਕਾਰੀਆਂ ਵੱਲੋਂ ਹਾਦਸੇ ਪਿੱਛੇ ਭੰਨ-ਤੋੜ ਦੀ ਕਾਰਵਾਈ ਤੋਂ ਇਨਕਾਰ ਨਹੀਂ ਕੀਤਾ ਜਾ ਰਿਹਾ। ਰੇਲਵੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਰੇਲ ਪਟੜੀ ਨਾਲ ਛੇੜਛਾੜ ਕੀਤੀ ਲੱਗਦੀ ਹੈ। ਹਾਦਸੇ ਵਾਲਾ ਇਲਾਕਾ ਨਕਸਲੀਆਂ ਦੇ ਪ੍ਰਭਾਵਿਤ ਖੇਤਰ ਵਾਲਾ ਦੱਸਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਲ ਹਾਦਸੇ 'ਤੇ ਦੁੱਖ ਪ੍ਰਗਟ ਕਰਦਿਆਂ ਪੀੜਤ ਪਰਵਾਰਾਂ ਨਾਲ ਹਮਦਰਦੀ ਜ਼ਾਹਰ ਕੀਤੀ ਹੈ। ਸ੍ਰੀ ਮੋਦੀ ਨੇ ਟਵੀਟ ਕਰਕੇ ਜ਼ਖਮੀਆਂ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਵੀ ਕੀਤੀ ਹੈ।
ਇਸੇ ਦੌਰਾਨ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ ਚੰਦਰ ਬਾਬੂ ਨਾਇਡੂ ਨੇ ਰੇਲ ਹਾਦਸੇ 'ਤੇ ਦੁੱਖ ਪ੍ਰਗਟ ਕਰਦਿਆਂ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਜ਼ਖਮੀ ਮੁਸਾਫਰਾਂ ਦਾ ਬਿਹਤਰ ਇਲਾਜ ਕੀਤਾ ਜਾਵੇ।