ਅਖਿਲੇਸ਼ ਵੱਲੋਂ ਚੋਣ ਵਾਅਦਿਆਂ ਦੀ ਝੜੀ


ਲਖਨਊ
(ਨਵਾਂ ਜ਼ਮਾਨਾ ਸਰਵਿਸ)
ਪਰਵਾਰ ਅਤੇ ਪਾਰਟੀ 'ਚ ਕਾਟੋ-ਕਲੇਸ਼ ਵਿਚਕਾਰ ਅੱਜ ਅਖਿਲੇਸ਼ ਯਾਦਵ ਨੇ ਆਪਣੇ ਪਿਤਾ ਮੁਲਾਇਮ ਸਿੰਘ ਯਾਦਵ ਅਤੇ ਚਾਚਾ ਸ਼ਿਵਪਾਲ ਯਾਦਵ ਦੀ ਗੈਰ-ਮੌਜੂਦਗੀ 'ਚ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ ਕੀਤਾ। ਇਸ ਤੋਂ ਪਹਿਲਾਂ ਆਜ਼ਮ ਖਾਨ ਮੁਲਾਇਮ ਸਿੰਘ ਨੂੰ ਮਨਾਉਣ ਲਈ ਉਨ੍ਹਾ ਦੇ ਘਰ ਗਏ, ਪਰ ਉਹ ਨਾ ਆਏ, ਜਿਸ 'ਤੇ ਪਾਰਟੀ ਪ੍ਰਧਾਨ ਅਤੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਉਨ੍ਹਾ ਦੀ ਗ਼ੈਰ-ਹਾਜ਼ਰੀ 'ਚ ਹੀ ਪਾਰਟੀ ਦਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ।
ਇਸ ਮੌਕੇ ਅਖਿਲੇਸ਼ ਯਾਦਵ ਨੇ ਜਿਥੇ ਬਸਪਾ ਅਤੇ ਭਾਜਪਾ ਨੂੰ ਤਿੱਖੇ ਰਗੜੇ ਲਾਏ, ਉਥੇ ਆਪਣੀ ਸਰਕਾਰ ਦੀਆਂ ਪਿਛਲੇ 5 ਸਾਲ ਦੀਆਂ ਪ੍ਰਾਪਤੀਆਂ ਬਾਰੇ ਵੀ ਜਾਣਕਾਰੀ ਦਿੱਤੀ।
ਉਨ੍ਹਾ ਐਲਾਨ ਕੀਤਾ ਕਿ ਸੂਬੇ 'ਚ ਸਪਾ ਸਰਕਾਰ ਬਣਨ 'ਤੇ ਵਿਦਿਆਰਥੀਆਂ ਨੂੰ ਸਮਾਰਟ ਫ਼ੋਨ ਦੇਣ ਦਾ ਕੰਮ ਜਾਰੀ ਰਹੇਗਾ ਅਤੇ ਲੋਹੀਆ ਆਵਾਸ ਯੋਜਨਾ ਦਾ ਹੋਰ ਵਿਸਥਾਰ ਕੀਤਾ ਜਾਵੇਗਾ। ਉਨ੍ਹਾ ਕਿਹਾ ਕਿ ਉਨ੍ਹਾ ਦੀ ਸਰਕਾਰ ਲੈਪਟਾਪ ਅਤੇ ਕੰਨਿਆ ਧੰਨ ਵਗਰੀਆਂ ਯੋਜਨਾਵਾਂ ਮਜ਼ਬੂਤੀ ਨਾਲ ਲਾਗੂ ਕਰੇਗੀ ਅਤੇ ਇੱਕ ਕਰੋੜ ਲੋਕਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇਗੀ ਅਤੇ ਇਹ ਪੈਸਾ ਸਿੱਧਾ ਪੈਨਸ਼ਨਰਾਂ ਦੇ ਬੈਂਕ ਖਾਤੇ 'ਚ ਜਾਵੇਗਾ।
ਅਖਿਲੇਸ਼ ਨੇ ਐਲਾਨ ਕੀਤਾ ਕਿ ਸੱਤਾ 'ਚ ਆਉਣ 'ਤੇ ਸਮਾਜਵਾਦੀ ਕਿਸਾਨ ਫ਼ੰਡ ਕਾਇਮ ਕੀਤਾ ਜਾਵੇਗਾ ਅਤੇ ਗਰੀਬਾਂ ਨੂੰ ਮੁਫ਼ਤ ਕਣਕ-ਚੌਲ ਦਿੱਤੇ ਜਾਣਗੇ। ਉਨ੍ਹਾ ਕਿਹਾ ਕਿ ਗਰੀਬ ਔਰਤਾਂ ਨੂੰ ਪ੍ਰੈਸ਼ਰ ਕੁਕਰ ਦਿੱਤੇ ਜਾਣਗੇ, ਤਾਂ ਜੋ ਖਾਣਾ ਬਣਾਉਣ 'ਚ ਘੱਟ ਸਮਾਂ ਲੱਗੇ। ਉਨ੍ਹਾ ਕਿਹਾ ਕਿ ਘੱਟ ਗਿਣਤੀਆਂ ਨੂੰ ਸਿਖਲਾਈ ਦੇਣ ਲਈ ਹੁਨਰ ਵਿਕਾਸ ਯੋਜਨਾ ਸ਼ੁਰੂ ਕੀਤੀ ਜਾਵੇਗੀ ਅਤੇ ਬਜ਼ੁਰਗਾਂ ਲਈ ਓਲਡ ਏਜ ਹੋਮ ਬਣਾਏ ਜਾਣਗੇ ਅਤੇ ਕੰਮਕਾਜੀ ਔਰਤਾਂ ਲਈ ਹੋਸਟਲ ਬਣਾਏ ਜਾਣਗੇ ਅਤੇ ਮਜ਼ਦੂਰਾਂ ਨੂੰ ਰਿਆਇਤੀ ਦਰਾਂ 'ਤੇ ਮਿਡ ਡੇ ਮੀਲ ਦਿੱਤਾ ਜਾਵੇਗਾ। ਉਨ੍ਹਾ ਕਿ ਗਰੀਬਾਂ ਦੇ ਮੁਫ਼ਤ ਇਲਾਜ ਦੀ ਵਿਵਸਥਾ ਕੀਤੀ ਜਾਵੇਗੀ ਅਤੇ ਰੋਡਵੇਜ਼ 'ਚ ਔਰਤਾਂ ਨੂੰ ਕਿਰਾਏ 'ਚ ਅੱਧੀ ਛੋਟ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਆਗਰਾ, ਕਾਨਪੁਰ, ਮੇਰਠ 'ਚ ਮੈਟਰੋ ਪ੍ਰਾਜੈਕਟ ਸ਼ੁਰੂ ਕੀਤੇ ਜਾਣਗੇ ਅਤੇ ਬਿਮਾਰ ਜਾਨਵਰਾਂ ਲਈ ਵੀ ਐਂਬੂਲੈਂਸ ਸੇਵਾ ਸ਼ੁਰੂ ਕੀਤੀ ਜਾਵੇਗੀ ਅਤੇ ਚੌਕੀਦਾਰਾਂ ਤੇ ਹੋਮ ਗਾਰਡਜ਼ ਦੇ ਭੱਤਿਆਂ 'ਚ ਵਾਧਾ ਕੀਤਾ ਜਾਵੇਗਾ। ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੁਫ਼ਤ ਇੱਕ ਕਿਲੋ ਘਿਓ ਅਤੇ ਇੱਕ ਲੀਟਰ ਦੁੱਧ ਪਾਊਡਰ ਦਿੱਤਾ ਜਾਵੇਗਾ। ਉਨ੍ਹਾ ਕਿਹਾ ਕਿ ਸਪਾ ਦੇ ਮੁੜ ਸੱਤਾ 'ਚ ਆਉਣ 'ਤੇ ਸੂਬੇ ਦੇ ਲੋਕਾਂ ਨੂੰ 24 ਘੰਟੇ ਬਿਜਲੀ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾ ਕਿਹਾ ਕਿ ਸੂਬੇ ਦੇ ਲੋਕ ਜਾਣਦੇ ਹਨ ਕਿ ਕੌਣ ਉਨ੍ਹਾਂ ਦਾ ਸ਼ੁਭਚਿੰਤਕ ਹੈ। ਉਨ੍ਹਾ ਕਿਹਾ ਕਿ ਜਿਨ੍ਹਾਂ ਅੱਛੇ ਦਿਨਾਂ ਦਾ ਵਾਅਦਾ ਕੀਤਾ ਸੀ, ਉਨ੍ਹਾਂ ਮੁੜ ਕੇ ਲੋਕਾਂ ਦੀ ਸਾਰ ਨਹੀਂ ਲਈ, ਜਦਕਿ ਅਸੀਂ 5 ਸਾਲ ਤੱਕ ਸੂਬੇ ਦੇ ਸੰਤੁਲਨ ਵਿਕਾਸ ਲਈ ਕੰਮ ਕੀਤਾ ਅਤੇ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਦਾ ਵੀ ਵਿਕਾਸ ਕੀਤਾ। ਉਨ੍ਹਾ ਕਿਹਾ ਕਿ ਬੱਚਿਆਂ ਲਈ ਜਿੰਨਾ ਕੰਮ ਸਾਡੀ ਸਰਕਾਰ ਨੇ ਕੀਤਾ ਹੈ, ਕਿਸੇ ਹੋਰ ਸਰਕਾਰ ਨੇ ਨਹੀਂ ਕੀਤਾ।