ਆਬੂਧਾਬੀ-ਭਾਰਤ ਦੇ ਰਿਸ਼ਤਿਆਂ 'ਚ ਮਜ਼ਬੂਤੀ ਆਈ : ਮੋਦੀ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਭਾਰਤ ਦੌਰੇ 'ਤੇ ਆਏ ਆਬੂਧਾਬੀ ਦੇ ਕਰਾਉਨ ਪ੍ਰਿੰਸ ਐੱਚ ਐੱਚ ਮੁਹੰਮਦ ਬਿਨ ਜਾਇਦ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਆਪਸੀ ਤੇ ਕੌਮਾਂਤਰੀ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕੀਤਾ।
ਮੀਟਿੰਗ ਮਗਰੋਂ ਸਾਂਝੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਆਬੂਧਾਬੀ ਅਤੇ ਭਾਰਤ ਵਿਚਕਾਰ ਰਿਸ਼ਤੇ ਹੋਰ ਮਜ਼ਬੂਤ ਹੋਏ ਹਨ। ਉਨ੍ਹਾ ਕਿਹਾ ਕਿ ਦੋਹਾਂ ਦੇਸ਼ਾਂ ਲਈ ਅੱਜ ਅੱਤਵਾਦ ਸਭ ਤੋਂ ਵੱਡਾ ਖਤਰਾ ਹੈ ਅਤੇ ਦੋਵੇਂ ਦੇਸ਼ ਅੱਤਵਾਦ ਦਾ ਮਿਲ ਕੇ ਮੁਕਾਬਲਾ ਕਰਨਗੇ। ਉਨ੍ਹਾ ਕਿਹਾ ਕਿ ਦੋਹਾਂ ਦੇਸ਼ਾਂ ਵਿਚਕਾਰ ਰੱਖਿਆ ਖੇਤਰ 'ਚ ਆਪਸੀ ਸਹਿਯੋਗ ਦੇ ਨਵੇਂ ਰਸਤੇ ਖੁੱਲ੍ਹੇ ਹਨ ਅਤੇ ਦੋਹਾਂ ਦੇਸ਼ਾਂ ਨੇ ਰੱਖਿਆ ਖੇਤਰ 'ਚ ਨਵੇਂ ਸਮਝੌਤੇ ਕੀਤੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਯੁਕਤ ਅਰਬ ਅਮੀਰਾਤ ਸਾਡੇ ਸਭ ਤੋਂ ਕੀਮਤੀ ਭਾਈਵਾਲਾਂ ਅਤੇ ਕਰੀਬੀ ਦੋਸਤਾਂ 'ਚੋਂ ਇੱਕ ਹੈ ਅਤੇ ਇਹ ਦੁਨੀਆ ਦਾ ਇੱਕ ਮਹੱਤਵਪੂਰਨ ਖੇਤਰ ਹੈ। ਉਨ੍ਹਾ ਕਿਹਾ ਕਿ ਦੋਵੇਂ ਦੇਸ਼ ਆਪਸੀ ਵਪਾਰ ਅਤੇ ਉਦਯੋਗਾਂ ਨੂੰ ਬੜ੍ਹਾਵਾ ਦੇਣਗੇ ਅਤੇ ਅਫਗਾਨਿਸਤਾਨ ਅਤੇ ਪੱਛਮੀ ਏਸ਼ੀਆ 'ਚ ਵੀ ਸਹਿਯੋਗ ਵਧਾਉਣਗੇ।
ਉਨ੍ਹਾ ਦੱਸਿਆ ਕਿ ਦੋਹਾਂ ਦੇਸ਼ਾਂ ਵਿਚਕਾਰ ਊਰਜਾ ਅਤੇ ਨਿਵੇਸ਼ ਨੂੰ ਲੈ ਕੇ ਸਾਰਥਕ ਗੱਲਬਾਤ ਹੋਈ ਹੈ। ਉਹਨਾ ਨੇ ਆਬੂਧਾਬੀ 'ਚ ਮੰਦਰ ਲਈ ਜ਼ਮੀਨ ਅਲਾਟ ਕੀਤੇ ਜਾਣ 'ਤੇ ਆਬੂਧਾਬੀ ਦੇ ਰਾਜ ਕੁਮਾਰ ਦਾ ਧੰਨਵਾਦ ਵੀ ਕੀਤਾ। ਜ਼ਿਕਰਯੋਗ ਹੈ ਕਿ ਯੁਵਰਾਜ ਸ਼ੇਖ ਅੱਜ ਗਣਤੰਤਰ ਦਿਵਸ ਪਰੇਡ ਦੇ ਮੁੱਖ ਮਹਿਮਾਨ ਹੋਣਗੇ ਅਤੇ ਮਗਰੋਂ ਰਾਸ਼ਟਰਪਤੀ ਵੱਲੋਂ ਆਯੋਜਿਤ ਐਟ ਹੋਮ ਰਿਸੈਪਸ਼ਨ 'ਚ ਸ਼ਾਮਲ ਹੋਣਗੇ ਅਤੇ ਉਸ ਮਗਰੋਂ ਭਾਰਤ ਤੋਂ ਰਵਾਨਾ ਹੋ ਜਾਣਗੇ।