ਨਿਆਂਪਾਲਿਕਾ 'ਚ ਹਜ਼ਾਰਾਂ ਹਮਲੇ ਝੱਲਣ ਦੀ ਸਮਰੱਥਾ : ਸੁਪਰੀਮ ਕੋਰਟ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਸੁਪਰੀਮ ਕੋਰਟ ਨੇ ਜੱਜਾਂ 'ਤੇ ਭੇਦਭਾਵ ਦਾ ਦੋਸ਼ ਲਗਾਉਣ 'ਤੇ ਕੇਰਲ ਹਾਈ ਕੋਰਟ ਦੇ ਮਾਣਹਾਨੀ ਮਾਮਲੇ ਦਾ ਸਾਹਮਣਾ ਕਰ ਰਹੇ ਇੱਕ ਵਕੀਲ ਦੀ ਖਿਚਾਈ ਕੀਤੀ ਅਤੇ ਕਿਹਾ ਕਿ ਇਹ ਸੰਸਥਾ ਹਜ਼ਾਰਾਂ ਹਮਲਿਆਂ ਨੂੰ ਝੱਲਣ ਦੀ ਤਾਕਤ ਰੱਖਦੀ ਹੈ। ਜਸਟਿਸ ਰੰਜਨ ਗੋਗੋਈ ਅਤੇ ਜਸਟਿਸ ਅਸ਼ੋਕ ਭੂਸ਼ਨ ਦੀ ਬੈਂਚ ਨੇ ਸ਼ੁੱਕਰਵਾਰ ਨੂੰ ਅਦਾਲਤ ਦੀ ਮਾਣਹਾਨੀ 'ਤੇ ਤਿੰਨ ਮਹੀਨੇ ਦੀ ਜੇਲ੍ਹ ਅਤੇ ਇੱਕ ਹਜ਼ਾਰ ਰੁਪਏ ਦੇ ਜੁਰਮਾਨੇ ਦੇ ਖ਼ਿਲਾਫ਼ ਵਕੀਲ ਸੀ ਕੇ ਮੋਹਨਨ ਦੀ ਅਪੀਲ 'ਤੇ ਸੁਣਵਾਈ ਕਰਦੇ ਹੋਏ ਕੇਰਲ ਹਾਈ ਕੋਰਟ ਤੋਂ ਜਵਾਬ ਮੰਗਿਆ ਹੈ।
ਅਦਾਲਤ ਨੇ ਕਿਹਾ ਕਿ ਇਹ ਸੰਸਥਾ ਹਜ਼ਾਰਾਂ ਪੱਥਰਾਂ ਨੂੰ ਝੱਲਣ ਦੀ ਤਾਕਤ ਰੱਖਦੀ ਹੈ, ਪਰ ਅਸੀਂ ਇਸ 'ਤੇ ਇੱਕ ਵੀ ਪੱਥਰ ਸੁੱਟਣ ਨਹੀਂ ਦਿਆਂਗੇ। ਮੋਹਨਨ ਦੇ ਵਕੀਲ ਨੇ ਦਾਅਵਾ ਕੀਤਾ ਕਿ ਮਾਣਹਾਨੀ ਦਾ ਨੋਟਿਸ 'ਦੋਸ਼ਪੂਰਨ' ਹੈ, ਕਿਉਂਕਿ ਕੇਰਲ ਹਾਈ ਕੋਰਟ ਦੇ ਜੱਜਾਂ ਦੁਆਰਾ ਇਸ ਨੂੰ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਨਜ਼ਰ-ਅੰਦਾਜ਼ ਕੀਤਾ ਗਿਆ। ਹਾਈ ਕੋਰਟ ਦੁਆਰਾ ਤਿੰਨ ਮਹੀਨੇ ਦੀ ਜੇਲ੍ਹ ਅਤੇ ਇੱਕ ਹਜ਼ਾਰ ਰੁਪਏ ਜੁਰਮਾਨਾ ਦੀ ਸਜ਼ਾ ਦੇ ਸੰਦਰਭ 'ਚ ਸੁਪਰੀਮ ਕੋਰਟ ਦੀ ਬੈਂਚ ਨੇ ਕਿਹਾ ਕਿ ਉਸ ਦਾ ਨਜ਼ਰੀਆ ਹੈ ਕਿ ਉਨ੍ਹਾਂ ਲਈ ਤਿੰਨ ਮਹੀਨੇ ਦਾ ਸਮਾਂ ਬਹੁਤ ਘੱਟ ਹੈ। ਬੈਂਚ ਨੇ ਕਿਹਾ ਕਿ ਤੁਹਾਨੂੰ ਜ਼ਿਆਦਾ ਸਮੇਂ ਲਈ ਜੇਲ੍ਹ ਜਾਣਾ ਚਾਹੀਦਾ ਹੈ। ਕੇਰਲ ਬਾਰ ਐਸੋਸੀਏਸ਼ਨ ਨੇ ਤੁਹਾਡੇ ਵਿਹਾਰ ਕਾਰਨ ਤੁਹਾਡਾ ਤਿਆਗ ਕੀਤਾ ਹੈ। ਬੈਂਚ ਨੇ ਹੁਕਮ ਦਿੱਤਾ ਕਿ 2 ਹਫ਼ਤੇ 'ਚ ਇੱਕ ਹਜ਼ਾਰ ਰੁਪਏ ਦਾ ਜੁਰਮਾਨਾ ਭਰਿਆ ਜਾਏ।