Latest News

ਬਰਫੀਲੇ ਤੂਫਾਨ 'ਚੋਂ ਬਚਾਏ 5 ਜਵਾਨ ਸ਼ਹੀਦ

Published on 30 Jan, 2017 09:25 AM.

ਸ੍ਰੀਨਗਰ
(ਨਵਾਂ ਜ਼ਮਾਨਾ ਸਰਵਿਸ)
ਕਸ਼ਮੀਰ ਵਾਦੀ 'ਚ ਕੰਟਰੋਲ ਰੇਖਾ ਨਾਲ ਲੱਗਦੇ ਮਾਛਿਲ ਸੈਕਟਰ 'ਚ ਬਰਫੀਲੇ ਤੂਫਾਨ ਤੋਂ ਬਚਾਏ ਗਏ 5 ਹੋਰ ਜਵਾਨਾਂ ਨੇ ਅੱਜ ਦਮ ਤੋੜ ਦਿੱਤਾ। ਪੰਜ ਜਵਾਨਾਂ ਨੂੰ ਸ਼ਨੀਵਾਰ ਤੂਫਾਨ 'ਚੋਂ ਬਚਾ ਕੇ ਸ੍ਰੀਨਗਰ ਲਿਆਂਦਾ ਗਿਆ ਸੀ, ਪਰ ਉਨ੍ਹਾ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ ਤੇ ਅੱਜ ਉਹ ਸ਼ਹੀਦੀ ਪ੍ਰਾਪਤ ਕਰ ਗਏ। ਹੁਣ ਬਰਫੀਲੇ ਤੂਫਾਨ 'ਚ ਸ਼ਹੀਦ ਹੋਣ ਵਾਲੇ ਜਵਾਨਾਂ ਦੀ ਗਿਣਤੀ ਵਧ ਕੇ 20 ਹੋ ਗਈ ਹੈ।
ਕਸ਼ਮੀਰ ਵਾਦੀ ਵਿੱਚ ਸੰਘਣੀ ਧੁੰਦ ਅਤੇ ਰੁਕ-ਰੁਕ ਕੇ ਹੋ ਰਹੀ ਬਾਰਸ਼ ਕਾਰਨ ਅਜੇ ਤੱਕ ਜਵਾਨਾਂ ਦੇ ਮ੍ਰਿਤਕ ਸਰੀਰ ਸ੍ਰੀਨਗਰ ਨਹੀਂ ਲਿਆਂਦੇ ਜਾ ਸਕੇ। ਗੁਰੇਜ ਵਿੱਚ ਵੀ ਮੌਸਮ ਠੀਕ ਨਾ ਹੋਣ ਕਾਰਨ ਜਵਾਨਾਂ ਦੇ ਮ੍ਰਿਤਕ ਸਰੀਰ ਨਹੀਂ ਕੱਢੇ ਜਾ ਸਕੇ। ਫੌਜ ਦੇ ਇੱਕ ਤਰਜਮਾਨ ਨੇ ਕਿਹਾ ਕਿ ਸ਼ਹੀਦਾਂ ਦੇ ਮ੍ਰਿਤਕ ਸਰੀਰ ਛੇਤੀ ਤੋਂ ਛੇਤੀ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ।
ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਦੱਸਿਆ ਸੀ ਕਿ ਸ਼ਨੀਵਾਰ ਸਵੇਰੇ ਮਾਛਿਲ 'ਚ ਫੌਜ ਦੀ ਇੱਕ ਚੌਕੀ ਵੱਲ ਜਾਣ ਵਾਲਾ ਰਸਤਾ ਧੱਸ ਗਿਆ, ਜਿਸ ਨਾਲ 5 ਜਵਾਨ ਅੰਦਰ ਹੀ ਫਸ ਗਏ ਅਤੇ ਉਨ੍ਹਾਂ ਜਵਾਨਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਵੱਡੀ ਪੱਧਰ 'ਤੇ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ ਸੀ।
ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਦੇ ਗੁਰੇਜ ਸੈਕਟਰ ਵਿੱਚ ਬਰਫੀਲੇ ਤੂਫਾਨ ਦੀ ਲਪੇਟ ਵਿੱਚ ਆਉਣ ਨਾਲ 14 ਜਵਾਨ ਸ਼ਹੀਦ ਹੋ ਗਏ ਸਨ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਫੌਜ ਦਾ ਇੱਕ ਕੈਂਪ ਬਰਫੀਲੇ ਤੂਫਾਨ ਦੀ ਲਪੇਟ ਵਿੱਚ ਆ ਗਿਆ ਸੀ ਅਤੇ 15 ਜਵਾਨ ਬਰਫ ਹੇਠਾਂ ਦੱਬੇ ਗਏ ਸਨ ਅਤੇ ਉਨ੍ਹਾਂ 'ਚੋਂ ਸਿਰਫ ਇੱਕ ਜਵਾਨ ਨੂੰ ਬਚਾਇਆ ਜਾ ਸਕਿਆ ਸੀ।
ਕਸ਼ਮੀਰ ਵਾਦੀ ਵਿੱਚ ਬਰਫੀਲੇ ਤੂਫਾਨ ਨਾਲ ਸੰਬੰਧਤ ਹਾਦਸਿਆਂ 'ਚ ਹੁਣ ਤੱਕ 20 ਜਵਾਨਾਂ ਸਮੇਤ 21 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਮੌਸਮ ਵਿਭਾਗ ਵੱਲੋਂ ਅਜੇ ਹੋਰ ਬਰਫਬਾਰੀ ਦੀ ਚਿਤਾਵਨੀ ਜਾਰੀ ਕੀਤੀ ਹੈ।

401 Views

e-Paper