ਬਾਦਲ ਐਂਡ ਕੰਪਨੀ ਤੋਂ ਲਿਆ ਜਾਵੇਗਾ ਪੈਸੇ-ਪੈਸੇ ਦਾ ਹਿਸਾਬ : ਸਿੱਧੂ

ਮੋਗਾ (ਅਮਰਜੀਤ ਬੱਬਰੀ)
ਮੋਗਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ. ਹਰਜੋਤ ਕਮਲ ਦੇ ਹੱਕ ਵਿੱਚ ਸਥਾਨਕ ਪੁਰਾਣੀ ਦਾਣਾ ਮੰਡੀ ਵਿਖੇ ਹੋਈ ਰੈਲੀ ਵਿੱਚ ਸਾਬਕਾ ਸਾਂਸਦ ਅਤੇ ਉਘੇ ਨੇਤਾ ਨਵਜੋਤ ਸਿੰਘ ਸਿੱਧੂ ਦਾ 4 ਘੰਟੇ ਦੇਰੀ ਨਾਲ ਪਹੁੰਚਣ ਦੇ ਬਾਵਜੂਦ ਮੌਜੂਦ ਭਾਰੀ ਭੀੜ ਨੇ ਸਿੱਧੂ ਦਾ ਜ਼ੋਰਦਾਰ ਸੁਆਗਤ ਕੀਤਾ। ਦੁਜੇ ਪਾਸੇ ਮੰਚ 'ਤੇ ਪਹੁੰਚ ਦੇ ਹੀ ਨਵਜੋਤ ਸਿੰਘ ਸਿੱਧੂ ਨੇ ਬਾਦਲ ਐਂਡ ਕੰਪਨੀ ਤੇ ਕੇਜਰੀਵਾਲ ਨੂੰ ਜੰਮ ਕੇ ਰਗੜੇ ਲਾਉਂਦਿਆਂ ਲੋਕਾਂ ਨੂੰ 4 ਫਰਵਰੀ ਵਾਲੇ ਦਿਨ ਪੰਜੇ ਦੇ ਬਟਨ ਨੂੰ ਦਬਾਅ ਕੇ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ ਤਾਂ ਜੋ ਪੰਜਾਬ ਵਿੱਚ ਚੱਲ ਰਹੇ ਗੁੰਡਾ ਰਾਜ ਅਤੇ ਪਰਵਾਰ-ਵਾਦ ਦਾ ਖਾਤਮਾ ਕਰਕੇ ਲੋਕਾਂ ਨੂੰ ਸਾਫ-ਸੁਥਰਾ ਪ੍ਰਸ਼ਾਸਨ ਦਿੱਤਾ ਜਾ ਸਕੇ। ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਦਿਆਂ ਹੀ ਬਾਦਲ ਪਰਵਾਰ ਤੋਂ ਉਸ ਦੁਆਰਾ ਕੀਤੀ ਗਈ ਪੰਜਾਬ ਦੀ ਅਰਬਾਂ ਰੁਪਏ ਦੀ ਲੁੱਟ ਦੇ ਇੱਕ-ਇੱਕ ਪੈਸੇ ਦਾ ਹਿਸਾਬ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬਾਦਲ ਪਰਵਾਰ ਨੇ ਰੁਜ਼ਗਾਰ ਦੇਣ ਦੇ ਨਾਂਅ 'ਤੇ ਬੇਰੁਜ਼ਗਾਰਾਂ ਨਾਲ ਖਿਲਵਾੜ ਕੀਤਾ ਹੈ। ਹਾਲਾਂਕਿ ਸਿਰਫ ਆਬਕਾਰੀ ਵਿਭਾਗ ਵਿੱਚ ਹੀ ਪੰਜਾਬ ਵਿੱਚ ਚੱਲ ਰਹੇ ਸ਼ਰਾਬ ਦੇ ਠੇਕਿਆਂ ਦੇ ਅਨੁਪਾਤ ਅਨੁਸਾਰ 70 ਹਜ਼ਾਰ ਨੌਜਵਾਨਾਂ ਨੂੰ ਨੌਕਰੀ ਦਿੱਤੀ ਜਾ ਸਕਦੀ ਸੀ। ਕਾਂਗਰਸ ਦੀ ਸਰਕਾਰ ਬਣਦੇ ਹੀ ਬੇਰੁਜ਼ਗਾਰਾਂ ਨੂੰ ਨੌਕਰੀ ਅਤੇ ਨੌਕਰੀ ਨਾ ਹੋਣ ਦੀ ਸੂਰਤ ਵਿੱਚ ਬੇਰੁਜ਼ਗਾਰੀ ਭੱਤਾ ਦੇ ਕੇ ਬੇਰੁਜ਼ਗਾਰ ਨੌਜਵਾਨਾਂ ਦੀ ਮਾਯੂਸੀ ਦੂਰ ਕੀਤੀ ਜਾਵੇਗੀ, ਜਿਸ ਨਾਲ ਅਕਾਲੀ-ਭਾਜਪਾ ਸਰਕਾਰ ਵੱਲੋਂ ਨੌਜਵਾਨਾਂ ਨੂੰ ਜੋ ਨਸ਼ੇ ਦਾ ਸ਼ਿਕਾਰ ਬਣਾ ਕੇ ਉਨ੍ਹਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਗਿਆ ਸੀ, ਉਸ ਪ੍ਰਤੀ ਨੌਜਵਾਨਾਂ ਨੂੰ ਫਿਰ ਤੋਂ ਮੁੱਖ ਧਾਰਾ ਵਿੱਚ ਲਿਆ ਕੇ ਉਨ੍ਹਾਂ ਦੇ ਮੁੱੜ ਵਸੇਬੇ ਦਾ ਇੰਤਜ਼ਾਮ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੁਖੀ ਅਰਵਿੰਰਦ ਕੇਜਰੀਵਾਲ ਦਾ ਗਰਾਫ ਪਹਿਲਾਂ ਨਾਲੋਂ ਕਾਫੀ ਥੱਲੇ ਆਇਆ ਹੈ, ਕਿਉਂਕਿ ਕੇਜਰੀਵਾਲ ਕਹਿੰਦਾ ਕੁਝ ਹੈ ਅਤੇ ਕਰਦਾ ਕੁਝ ਹੋਰ ਹੈ। ਕੇਜਰੀਵਾਲ ਦਾ ਸੁਪਨਾ ਪੰਜਾਬ ਦਾ ਮੁੱਖ ਮੰਤਰੀ ਬਨਣ ਦਾ ਹੈ, ਜਿਸ ਨੂੰ ਪੰਜਾਬ ਦੀ ਜਨਤਾ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਇਹ ਵੀ ਕਿਹਾ ਕਿ ਕੇਜਰੀਵਾਲ ਨੇ ਪਹਿਲਾਂ ਮੇਰੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਟਿਕਟ ਦੇਣ ਅਤੇ ਮੈਨੂੰ ਸਿਰਫ ਚੋਣ ਪ੍ਰਚਾਰਕ ਦੱਸਿਆ ਸੀ, ਜਦੋਂ ਮੇਰੇ ਵੱਲੋਂ ਕਾਂਗਰਸ ਪਾਰਟੀ ਨਾਲ ਸ਼ਮੂਲੀਅਤ ਕਰ ਲਈ ਗਈ ਤਾਂ ਫਿਰ ਮੈਨੂੰ ਉਹੀ ਕੇਜਰੀਵਾਲ ਨੇ ਉਪ ਮੁੱਖ ਮੰਤਰੀ ਦੀ ਆਫਰ ਦੇ ਦਿੱਤੀ, ਜਿਸ ਤੋਂ ਇਹ ਗੱਲ ਸਾਫ ਜ਼ਾਹਰ ਹੁੰਦੀ ਹੈ ਕਿ ਆਮ ਆਦਮੀ ਪਾਰਟੀ ਕਿਸੇ ਦੀ ਵੀ ਸੱਕੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਐਲਾਨ ਕੇ ਪੰਜਾਬ ਵਿੱਚ ਸਰਕਾਰ ਬਣਾਉਣ ਜਾ ਰਹੀ ਕਾਂਗਰਸ ਦੀ ਬਰਾਤ ਦਾ ਲਾੜਾ ਬਣਾ ਦਿੱਤਾ ਹੈ। ਇਸ ਤੋਂ ਪਹਿਲਾਂ ਡਾ. ਹਰਜੋਤ ਕਮਲ ਨੇ ਨਵਜੋਤ ਸਿੰਘ ਸਿੱਧੂ ਦਾ ਸੁਆਗਤ ਕੀਤਾ।
ਇਸ ਮੌਕੇ ਸਾਬਕਾ ਮੰਤਰੀ ਡਾ. ਮਾਲਤੀ ਥਾਪਰ, ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ, ਪੀ ਪੀ ਸੀ ਸੀ ਦੇ ਸਕੱਤਰ ਰਵੀ ਗਰੇਵਾਲ ਨੇ ਵੀ ਰੈਲੀ ਨੂੰ ਸੰਬੋਧਨ ਕੀਤਾ। ਜਦਕਿ ਸੀਨੀਅਰ ਨੇਤਾ ਜਗਰੂਪ ਸਿੰਘ ਤਖਤੂਪੁਰਾ, ਡਾ. Êਪਵਨ ਥਾਪਰ, ਸੀਨੀਅਰ ਆਗੂ ਰਮੇਸ਼ ਕੁੱਕੂ, ਰਵੀ ਪੰਡਿਤ, ਭਾਨੂ ਪਰਤਾਪ, ਕਰਨਲ ਬਾਬੂ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸਮੱਰਥਕ ਅਤੇ ਪਾਰਟੀ ਵਰਕਰ ਹਾਜ਼ਰ ਸਨ।