ਲੰਬੀ ਦੀ ਲੜਾਈ ਪੱਗ ਦੀ ਹੈ, ਪੱਤ ਦੀ ਹੈ : ਬਾਦਲ


ਲੰਬੀ/ਮਲੋਟ (ਮਿੰਟੂ ਗੁਰੂਸਰੀਆ)
'ਕੀਤੀਆਂ ਦੁੱਲੇ ਦੀਆਂ ਗਈਆਂ ਪੇਸ਼ ਲੱਧੀ ਦੇ ਆ' ਦੀ ਤਰਜ਼ 'ਤੇ ਆਪਣੇ ਇਲਾਕੇ 'ਚ ਛੱਡੇ ਮੋਹਰੀਆਂ ਦੇ ਗ਼ੁਸਤਾਖ਼ ਤੇ ਨਾਪਾਕ ਸਲੀਕਿਆਂ ਲਈ ਨਾ ਸਿਰਫ਼ ਬਾਦਲ ਪਰਵਾਰ ਨੂੰ ਆਪਣੇ ਹਲਕੇ ਦੇ ਲੋਕਾਂ 'ਚ ਖੜ ਕੇ ਖਿਮਾ-ਯਾਚਨਾ ਕਰਨੀ ਪਈ, ਬਲਕਿ ਤਰਲਾ ਰੂਪੀ ਇਹ ਅਪੀਲ ਵੀ ਕਰਨੀ ਪਈ ਕਿ ਲੰਬੀ ਦੀ ਲੜਾਈ ਹੁਣ ਪੱਗ ਦੀ ਲੜਾਈ ਹੈ, ਹੁਣ ਪੱਤ ਦੀ ਲੜਾਈ ਹੈ। ਚੋਣ ਪ੍ਰਚਾਰ ਰੁਕਣ ਤੋਂ ਇੱਕ ਦਿਨ ਪਹਿਲਾਂ ਮਲੋਟ ਅਤੇ ਲੰਬੀ ਵਿੱਚ ਅਕਾਲੀ ਦਲ (ਬ) ਵੱਲੋਂ ਕੀਤੀਆਂ ਰੈਲੀਆਂ 'ਚ ਇਕੱਠ ਤਾਂ ਬੇਸ਼ੱਕ ਰੱਜਵਾਂ ਸੀ, ਪਰ ਬਾਦਲ ਪਰਵਾਰ ਵੱਲੋਂ 'ਗ਼ਲਤੀਆਂ' ਦਾ ਮੰਨਣਾ ਤੇ ਵਾਰ-ਵਾਰ ਜਿਤਾਉਣ ਦੀ ਅਪੀਲ ਕਰਨੀ, ਇਹ ਸੰਕੇਤ ਸੀ ਕਿ ਸੁਆਲ ਹੁਣ ਸਿਆਸੀ ਜਿੱਤ-ਹਾਰ ਦਾ ਹੀ ਨਹੀਂ, ਸਿਆਸੀ ਧਰਾਤਲ 'ਤੇ ਹੋਂਦ ਬਰਕਰਾਰੀ ਦਾ ਵੀ ਹੈ। ਕਦੇ ਸੰਗਤ ਦਰਸ਼ਨਾਂ ਵਿੱਚ ਲੰਬੀ ਦੇ ਲੋਕਾਂ ਨੂੰ ਨਿਹਾਲ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਨੇ ਲੰਬੀ ਦੇ ਲੋਕਾਂ ਸਾਹਮਣੇ ਨਿਮਾਣਤਾ ਨਾਲ ਮੰਨਦਿਆਂ ਕਿਹਾ ਕਿ 'ਵੇਖੋ! ਗ਼ਲਤੀਆਂ ਹੋ ਜਾਂਦੀਆਂ ਨੇ, ਪਰ ਇਹ (ਲੰਬੀ ਦੀ ਚੋਣ) ਲੜਾਈ ਪੱਗ ਦੀ ਹੈ, ਇਹ ਲੜਾਈ ਪੱਤ ਦੀ ਹੈ।' ਸ੍ਰੀ ਬਾਦਲ ਨੇ ਕਾਂਗਰਸ ਨੂੰ ਨਾ ਸਿਰਫ ਪੰਜਾਬ ਦੇ ਸਮਾਜਿਕ, ਧਾਰਮਿਕ, ਆਰਥਿਕ ਬਰਬਾਦੀ ਅਤੇ ਪਾਣੀ ਤੇ ਚੰਡੀਗੜ੍ਹ ਖੋਹਣ ਦਾ ਜ਼ਿੰਮੇਵਾਰ ਦੱਸਿਆ, ਬਲਕਿ ਮੌੜ ਧਮਾਕੇ ਦੇ ਮਾਮਲੇ ਨੂੰ 'ਆਪ' ਨਾਲ ਜੋੜਦਿਆਂ ਸ੍ਰੀ ਬਾਦਲ ਨੇ ਕਿਹਾ ਕਿ 'ਜਿਨ੍ਹਾਂ ਦੀ ਇਹ ਖ਼ੁਰਾਫ਼ਤ ਹੈ, ਇਨ੍ਹਾਂ (ਆਪ) ਦੇ ਲੀਡਰ ਦੀ ਉਨ੍ਹਾਂ ਬੰਦਿਆਂ ਨਾਲ ਗੂੜ੍ਹੀ ਸਾਂਝ ਹੈ।' ਸ੍ਰੀ ਬਾਦਲ ਨੇ ਕਿਹਾ ਕਿ 'ਮੈਂ ਪਹਿਲਾਂ ਵੀ ਪੰਜਾਬ ਲਈ ਲੜਾਈ ਲੜੀ ਹੈ, ਏਸੇ ਕਰਕੇ ਮੈਨੂੰ ਕਾਂਗਰਸ ਨੇ ਸਾਰੇ ਹਿੰਦੋਸਤਾਨ ਦੀਆਂ ਜੇਲ੍ਹਾਂ ਵਿਖਾ ਦਿੱਤੀਆਂ, ਪਰ ਜਿੰਨਾ ਚਿਰ ਮੇਰੇ ਸਾਹ ਚੱਲਦੇ ਨੇ, ਮੈਂ ਇਨ੍ਹਾਂ ਦੇ ਮਨਾਂ ਦੀਆਂ ਕਦੇ ਪੂਰੀਆਂ ਨਹੀਂ ਹੋਣ ਦੇਵਾਂਗਾ।' ਸ੍ਰੀ ਬਾਦਲ ਨੇ ਕਿਹਾ ਕਿ 'ਆਟਾ-ਦਾਲ ਅਸੀਂ ਦੇ ਰਹੇ ਹਾਂ, ਅਗਾਂਹ ਅਸੀਂ ਚੁੱਲ੍ਹੇ-ਕੁਨੈਕਸ਼ਨ ਵੀ ਦੇਵਾਂਗੇ, ਬੱਸ ਥੋਨੂੰ ਤਾਂ ਆਵਦੀ ਥਾਲੀ ਹੀ ਖਰੀਦਣੀ ਪਵੇਗੀ।'
ਇਸ ਤੋਂ ਪਹਿਲਾਂ ਜਦੋਂ ਛੋਟੇ ਬਾਦਲ ਨੇ ਲੰਬੀ 'ਚ ਖੜ ਕੇ ਸੰਬੋਧਨ ਕੀਤਾ ਤਾਂ ਉਨ੍ਹਾਂ ਦੀ ਤਰਜ਼ੇ ਬਿਆਨੀ ਆਪਣੇ ਪਿਤਾ ਤੋਂ ਕਿਤੇ ਵੱਖਰੀ ਸੀ, ਪਰ ਇੱਕ ਗ਼ੱਲ ਜਿਹੜੀ ਸਾਂਝੀ ਸੀ, ਉਹ ਇਹ ਸੀ ਕਿ ਸੁਖਬੀਰ ਸਿੰਘ ਬਾਦਲ ਨੇ ਵੀ 'ਭੁੱਲਾਂ' ਨੂੰ ਸਵਿਕਾਰਦਿਆਂ ਕਿਹਾ ਕਿ 'ਤੁਹਾਡਾ ਗੁੱਸਾ ਤੇਜਿੰਦਰ ਨਾਲ ਹੋਣੈ, ਦਿਆਲ ਨਾਲ ਹੋਣੈ, ਅਵਤਾਰ ਨਾਲ ਹੋਣੈ, ਮੇਰੇ ਨਾਲ ਹੋਣੈ, ਪਰ ਇਹ ਇਲੈਕਸ਼ਨ ਤੁਹਾਡੇ ਬਾਦਲ ਦਾ ਹੈ, ਤੁਹਾਡੇ ਬਜ਼ੁਰਗ ਦਾ ਹੈ।' ਇੱਥੇ ਜ਼ਿਕਰੇ ਖ਼ਾਸ ਹੈ ਕਿ ਤੇਜਿੰਦਰ ਸਿੰਘ ਮਿੱਡੂਖੇੜਾ, ਦਿਆਲ ਸਿੰਘ ਕੋਲਿਆਂਵਾਲੀ ਤੇ ਅਵਤਾਰ ਸਿੰਘ ਵਣਵਾਲਾ ਹੀ ਉਹ ਮੋਹਤਬਰ ਹਨ, ਜੋ ਲੰਬੀ 'ਚ ਵੱਖ-ਵੱਖ ਪਿੰਡਾਂ ਦੇ ਇੰਚਾਰਜ ਹਨ ਤੇ ਜਿਨ੍ਹਾਂ ਦੇ ਕੰਮ ਕਰਨ ਦੇ ਢੰਗ ਨੂੰ ਲੈ ਕੇ ਬਾਦਲ ਪਰਵਾਰ ਨੂੰ ਆਪਣੇ ਹਲਕੇ 'ਚ ਵਿਰੋਧਤਾ ਝੱਲਣੀ ਪੈ ਰਹੀ ਹੈ। ਇਸ ਦੀ ਇੱਕ ਮਿਸਾਲ ਇਹ ਵੀ ਸੀ ਕਿ ਜਦੋਂ ਛੋਟੇ ਬਾਦਲ ਨੇ ਇਨ੍ਹਾਂ ਇੰਚਾਰਜਾਂ ਦੇ ਨਾਂਅ ਲੈਣੇ ਸ਼ੁਰੂ ਕੀਤੇ ਤਾਂ ਪੰਡਾਲ 'ਚੋਂ ਲੋਕਾਂ ਨੇ ਰੌਲਾ ਚੁੱਕ ਦਿੱਤਾ। ਸੁਖਬੀਰ ਸਿੰਘ ਬਾਦਲ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਭਵਿੱਖੀ ਯੋਜਨਾਵਾਂ ਤਾਂ ਬੇਸ਼ੱਕ ਸਲੀਕੇ ਨਾਲ਼ ਗਿਣਾਈਆਂ, ਪਰ ਜਦੋਂ ਉਨ੍ਹਾਂ ਨੇ ਸੂਈ ਵਿਰੋਧੀਆਂ 'ਤੇ ਧਰੀ ਤਾਂ ਲਿਆਕਤ ਨੂੰ ਤ੍ਰੇਲੀਆਂ ਆ ਗਈਆਂ। ਕੈਪਟਨ 'ਤੇ ਸ਼ਬਦੀ ਹਮਲਾ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ 'ਮੈਂ ਕੈਪਟਨ ਤੋਂ ਪ੍ਰਾਪਤੀਆਂ ਪੁੱਛੀਆਂ ਤਾਂ ਉਹ ਕਹਿੰਦਾ 'ਅਸੀਂ ਪਾਕਿਸਤਾਨ ਨਾਲ਼ ਸੰਬੰਧ ਕਾਇਮ ਕੀਤਾ।' ਕੈਪਟਨ ਨੂੰ ਚਿਤਾਉਂਦਿਆਂ ਸੁਖਬੀਰ ਨੇ ਕਿਹਾ ਕਿ 'ਰਾਜਾ ਸਾਬ੍ਹ! ਨੋਟ ਕਰ ਲਿਓ ਜ਼ਮਾਨਤ ਜ਼ਬਤ ਕਰਾ ਕੇ ਭੇਜਾਂਗੇ।' ਇਸੇ ਤਰ੍ਹਾਂ 'ਆਪ' ਆਗੁਆਂ ਬਾਰੇ ਵੀ ਸੁਖਬੀਰ ਬਾਦਲ ਨੇ ਬੇਹੱਦ ਹੌਲੇ ਦਰਜੇ ਦੀ ਟਿੱਪਣੀ ਕਰਦਿਆਂ ਕਿਹਾ ਕਿ 'ਇੱਕ ਸੌ ਸਤਾਰਾਂ ਉਮੀਦਵਾਰਾਂ 'ਚੋਂ ਇਨ੍ਹਾਂ ਦੇ ਇਕਵੰਜਾ ਉਮੀਦਵਾਰਾਂ ਦੀਆਂ ਘਰਵਾਲੀਆਂ ਛੱਡ ਕੇ ਭੱਜ ਗਈਆਂ, ਭਗਵੰਤ ਮਾਨ ਦੀ ਵੀ ਭੱਜ ਗਈ, ਇਹ ਚੌਵੀ ਘੰਟੇ ਸ਼ਰਾਬ ਨਾਲ ਡੱਕਿਆ ਰਹਿੰਦੈ, ਇਹ ਚਲਾਊ ਪੰਜਾਬ ਨੂੰ, ਜਿਹੜਾ ਪਿੰਡ ਦਾ ਸਭ ਤੋਂ ਨਿਕੰਮਾ ਬੰਦਾ ਹੈ, ਓਹ ਝਾੜੂ ਫੜੀ ਫਿਰਦੈ, ਜੀਹਦੀ ਘਰ ਦੀ ਭੱਜ ਗਈ, ਓਹ ਆਮ ਆਦਮੀ ਬਣਿਆ ਫਿਰਦੈ।' 'ਆਪ' 'ਤੇ ਅੱਤਵਾਦੀਆਂ ਨਾਲ ਸੰਬੰਧਾਂ ਦਾ ਹਵਾਲਾ ਦਾ ਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ 'ਅਸੀਂ ਜਿਨ੍ਹਾਂ ਖ਼ਾਲਿਸਤਾਨੀਆਂ ਨੂੰ ਦਬਾ ਕੇ ਰੱਖਿਆ, ਇਹ ਉਨ੍ਹਾਂ ਨਾਲ਼ ਨੇੜਤਾ ਬਣਾਈ ਫਿਰਦੇ ਆ, ਇਨ੍ਹਾਂ ਨੇ ਪੰਜਾਬ ਨੂੰ ਬਰਬਾਦ ਕਰ ਦੇਣਾ ਹੈ।' ਮਨਪ੍ਰੀਤ ਬਾਦਲ ਦਾ ਜ਼ਿਕਰ ਕਰਦਿਆਂ ਛੋਟੇ ਬਾਦਲ ਨੇ ਗੱਚ ਭਰਦਿਆਂ ਕਿਹਾ ਕਿ 'ਜਿੰਨਾ ਪਿਆਰ ਮੇਰੇ ਪਿਤਾ ਨੇ ਇਹਨੂੰ ਕੀਤਾ, ਓਨਾ ਮੇਰੀ ਮਾਤਾ ਜਾਂ ਮੈਨੂੰ ਵੀ ਨਹੀਂ ਕੀਤਾ।' ਸੁਖਬੀਰ ਨੇ ਦਾਅਵਾ ਕੀਤਾ ਕਿ ਕੈਪਟਨ ਦਾ ਇਹ ਆਖਰੀ ਇਲੈਕਸ਼ਨ ਹੈ, ਪਰ ਬਾਦਲ ਸਾਬ੍ਹ ਹਾਲੇ ਪੰਜ ਹੋਰ ਇਲੈਕਸ਼ਨ ਲੜਨਗੇ ਤੇ ਉਨ੍ਹਾਂ ਨੂੰ ਅਸੀਂ ਦਸ ਵਾਰੀਂ ਮੁੱਖ ਮੰਤਰੀ ਬਣਾਵਾਂਗੇ। ਸੁਖਬੀਰ ਨੇ ਕੇਜਰੀਵਾਲ ਤੇ ਕੈਪਟਨ ਨੂੰ ਵੰਗਾਰਦਿਆਂ ਕਿਹਾ ਕਿ ਉਹ ਕੱਲ੍ਹ ਨੂੰ ਲੰਬੀ ਵਿੱਚ ਲੱਖ-ਡੇਢ ਲੱਖ ਬੰਦੇ ਦਾ ਰੋਡ ਸ਼ੋਅ ਕਰਨਗੇ, ਜੇ ਤੁਹਾਡੇ 'ਚ ਹਿੰਮਤ ਹੈ ਤਾਂ ਕਰੋ ਬਰੋਬਰੀ। ਇਸ ਤੋਂ ਪਹਿਲਾਂ ਮਲੋਟ ਵਿੱਚ ਦਰਸ਼ਨ ਸਿੰਘ ਕੋਟਫ਼ੱਤਾ ਦੇ ਹੱਕ 'ਚ ਕੀਤੀ ਰੈਲੀ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ 'ਮਲੋਟ ਦੇ ਸੀਟ ਫ਼ਤਿਹ ਕਰਵਾ ਕੇ ਤੁਸੀਂ ਮੇਰੀ ਮਾਤਾ ਨੂੰ ਸ਼ਰਧਾਂਜਲੀ ਦਿਓ, ਕਿਉਂਕਿ ਮੇਰੀ ਮਾਤਾ ਦਾ ਮਲੋਟ ਨਾਲ ਡਾਢਾ ਮੋਹ ਸੀ।' ਨਾਲ ਹੀ ਉਨ੍ਹਾਂ ਮਲੋਟ ਵਾਸੀਆਂ ਨਾਲ ਵਾਅਦਾ ਕੀਤਾ ਕਿ ਜੇਕਰ ਤੁਸੀਂ ਦਰਸ਼ਨ ਸਿੰਘ ਕੋਟਫ਼ੱਤਾ ਨੂੰ ਜਿਤਾ ਦਿਓਗੇ ਤਾਂ ਉਨ੍ਹਾਂ ਨੂੰ ਮੰਤਰੀ ਬਣਾਇਆ ਜਾਵੇਗਾ। ਅੰਤ 'ਚ ਸੁਖਬੀਰ ਬਾਦਲ ਨੇ ਅਕਾਲੀ ਸਮਰਥਕਾਂ 'ਚ ਜੋਸ਼ ਭਰਦਿਆਂ ਕਿਹਾ ਕਿ 'ਜਾਓ! ਤੇ ਜਾ ਕੇ ਤੁਫ਼ਾਨ ਵਾਂਗੂੰ ਖਿੱਲਰ ਜਾਓ ਤੇ ਝਾੜੂ ਨੂੰ ਤਾਂ ਅੱਜ ਹੀ ਖਲਾਰ ਦਿਓ, ਨਾ ਝਾੜੂ ਰਹੇ ਤੇ ਨਾ ਖ਼ੂਨੀ ਪੰਜਾ, ਬੱਸ ਤੱਕੜੀ ਹੀ ਤੱਕੜੀ ਹੀ ਝੂਲਦੀ ਨਜ਼ਰ ਆਵੇ।'
ਰੈਲੀ ਨੂੰ ਲੈ ਕੇ ਅਕਾਲੀਆਂ 'ਚ ਭਾਰੀ ਉਤਸ਼ਾਹ ਸੀ। ਇਕੱਠ ਊਣਾ ਨਾ ਰਹਿ ਜਾਵੇ, ਏਸ ਲਈ ਮਲੋਟ 'ਚੋਂ ਬਹੁਤੇ ਆਗੂ ਰੈਲੀ ਖ਼ਤਮ ਹੁੰਦਿਆਂ ਸਾਰ ਲੰਬੀ ਨੂੰ ਭੱਜੇ। ਲੰਬੀ 'ਚ ਗੁਰੂ ਹਰਸਹਾਏ, ਮੁਕਤਸਰ, ਅਬੋਹਰ, ਫ਼ਾਜ਼ਿਲਕਾ, ਜਲਾਲਾਬਾਦ, ਗਿੱਦੜਬਾਹਾ ਆਦਿ ਹਲਕਿਆਂ 'ਚੋਂ ਆਏ ਵਾਹਨਾਂ ਦੀ ਭਰਮਾਰ ਰਹੀ। ਕਮਾਲ ਦੀ ਗ਼ੱਲ ਤਾਂ ਇਹ ਸੀ ਕਿ ਮੰਚ 'ਤੇ ਸਿਰਫ ਬਾਦਲ ਪਰਵਾਰ ਸੀ, ਜਦਕਿ ਹਲਕਾ ਇੰਚਾਰਜ ਤੇ ਜਥੇਦਾਰ ਸਰੀਕੇ ਦੇ ਮੋਹਰੀ ਮੰਚ ਤੋਂ ਕਈ ਮੀਟਰ ਦੂਰ ਬਣਾਈ 'ਡੀ' ਵਿੱਚ ਬੈਠੇ ਸਨ। ਇਹ ਸ਼ਾਇਦ ਲੰਬੀ ਦੇ ਲੋਕਾਂ ਦੀਆਂ ਅੱਖਾਂ ਠੰਢੀਆਂ ਕਰਨ ਦਾ ਨਵਾਂ ਪੈਂਤੜਾ ਸੀ, ਕਿਉਂਕਿ ਬਾਦਲ ਪਰਵਾਰ ਪ੍ਰਤੀ ਲੋਕਾਂ ਦੇ ਗ਼ੁੱਸੇ ਦਾ ਕਾਰਨ ਸਮਝੇ ਜਾਂਦੇ ਹਨ। ਇੱਕ ਜਥੇਦਾਰ ਨੇ ਰੈਲੀ 'ਚ ਆਪਣੇ ਨਾਲ ਬਾਊਂਸਰ ਵੀ ਲਿਆਂਦੇ ਹੋਏ ਸਨ, ਇਹ ਸ਼ਾਇਦ ਲੋਕਾਂ 'ਚ ਖ਼ੱਟੀ 'ਭੱਲ' ਦਾ ਨਤੀਜਾ ਹੈ। ਰੈਲੀ 'ਚ ਆਏ ਲੋਕਾਂ ਲਈ ਚਾਹ-ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ, ਏਸ ਵਾਸਤੇ ਪ੍ਰਕਾਸ਼ ਸਿੰਘ ਬਾਦਲ ਨੂੰ ਲੋਕਾਂ ਤੋਂ ਉਚੇਚਾ ਮਾਫ਼ੀ ਵੀ ਮੰਗੀ। ਲੰਬੀ ਰੈਲੀ 'ਚ ਜਦੋਂ ਸਭ ਤੋਂ ਬਾਅਦ ਪਹੁੰਚੀ ਬੀਬਾ ਹਰਸਿਮਰਤ ਕੌਰ ਬਾਦਲ ਮੰਚ 'ਤੇ ਚੜ੍ਹ ਰਹੀ ਸੀ ਤਾਂ ਸੁਖਬੀਰ ਸਿੰਘ ਬਾਦਲ ਨੇ ਥੱਲੇ ਉਤਰ ਕੇ ਚਾਲੇ ਪਾ ਦਿੱਤੇ। ਬੀਬਾ ਬਾਦਲ ਨੇ ਜਦੋਂ ਭਾਸ਼ਣ ਸ਼ੁਰੂ ਕੀਤਾ ਤਾਂ ਪੰਡਾਲ 'ਚੋਂ ਬਹੁਤੇ ਲੋਕਾਂ ਨੇ ਰਵਾਨਗੀ ਪਾਉਣੀ ਸ਼ੁਰੂ ਕਰ ਦਿੱਤੀ। ਲੰਬੀ ਦੀ ਰੈਲੀ 'ਚ ਪਹੁੰਚੀ ਗਾਇਕਾ ਮਿਸ ਪੂਜਾ ਨੇ ''ਲੀੜੇ ਧੋਣ ਬਹਾਨੇ ਮੈਂ ਵੀ ਆਜੂੰਂ ਮੋਟਰ 'ਤੇ'' ਵਰਗੇ ਗੀਤ ਗਾ ਕੇ ਅਕਾਲੀਆਂ 'ਚ ਖੂਬ 'ਜੋਸ਼' ਭਰਿਆ।