ਪੰਜਾਬ 'ਚ ਹਿੰਸਾ ਲਈ ਜ਼ਿੰਮੇਵਾਰ ਤਾਕਤਾਂ ਨੂੰ ਖੜਾ ਕਰਨ ਦੇ ਯਤਨਾਂ 'ਚ ਕੇਜਰੀਵਾਲ : ਰਾਹੁਲ


ਚੰਡੀਗੜ੍ਹ/ਦੋਦਾ (ਵਕੀਲ ਬਰਾੜ,
ਪ੍ਰਵੀਨ ਸਿੰਘ)
ਪੰਜਾਬ ਵਿੱਚ ਚੋਣ ਪ੍ਰਚਾਰ ਦੇ ਅੰਤਿਮ ਦਿਨ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਉੱਤੇ ਵੱਡਾ ਇਲਜ਼ਾਮ ਲਾਇਆ ਹੈ। ਸੰਗਰੂਰ ਵਿੱਚ ਕਾਂਗਰਸ ਪਾਰਟੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਿਆਂ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਮੌੜ ਮੰਡੀ ਵਿੱਚ ਹੋਏ ਬੰਬ ਧਮਾਕੇ ਲਈ ਜੋ ਤਾਕਤਾਂ ਜ਼ਿੰਮੇਵਾਰ ਹਨ, ਉਨ੍ਹਾਂ ਦਾ ਸੰਬੰਧ ਅਰਵਿੰਦ ਕੇਜਰੀਵਾਲ ਨਾਲ ਹੈ।
ਰਾਹੁਲ ਗਾਂਧੀ ਨੇ ਆਖਿਆ ਕਿ ਉਹ ਤਾਕਤਾਂ, ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕੀਤਾ, ਜਿਨ੍ਹਾਂ ਦੇ ਕਾਰਨ ਹਿੰਸਾ ਹੋਈ, ਉਨ੍ਹਾਂ ਹੀ ਤਾਕਤਾਂ ਨੂੰ ਫਿਰ ਤੋਂ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚੋਣ ਪ੍ਰਚਾਰ ਦੌਰਾਨ ਰਾਹੁਲ ਗਾਂਧੀ ਨੇ ਆਖਿਆ ਕਿ ਗੁਰੂ ਨਾਨਕ ਦੇਵ ਜੀ ਨੇ ਸਿਖਾਇਆ ਹੈ ਕਿ ਸਭ ਕੁਝ ਤੇਰਾ, ਪਰ ਅਕਾਲੀ ਸਭ ਕੁਝ ਮੇਰਾ ਹੋਣ ਦੀ ਨੀਤੀ ਉੱਤੇ ਪਿਛਲੇ 10 ਸਾਲਾਂ ਤੋਂ ਕੰਮ ਕਰ ਰਹੇ ਸਨ।
ਉਨ੍ਹਾਂ ਆਖਿਆ ਕਿ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਬਣਨ ਉੱਤੇ ਚਿੱਟੇ ਦੀ ਸਮੱਸਿਆ ਨੂੰ ਖ਼ਤਮ ਕਰ ਦਿੱਤਾ ਜਾਵੇਗਾ। ਉਨ੍ਹਾਂ ਆਖਿਆ ਕਿ ਅਜਿਹਾ ਕਾਨੂੰਨ ਬਣਾਇਆ ਜਾਵੇਗਾ, ਜਿਸ ਨਾਲ ਨਸ਼ੇ ਦੀ ਦਿੱਕਤ ਖ਼ਤਮ ਹੋ ਜਾਵੇਗੀ
ਗਿੱਦੜਬਾਹਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਪਿੰਡ ਦੋਦਾ ਦੀ ਅਨਾਜ ਮੰਡੀ ਵਿਚ ਰੱਖੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਪੰਜਾਬੀਆਂ ਦੀਆਂ ਮੁਸ਼ਕਿਲਾਂ ਤੋਂ ਭਲੀ ਭਾਂਤ ਜਾਣੂ ਹਨ। ਉਨ੍ਹਾ ਕਿਹਾ ਕਿ ਪੰਜਾਬੀਆਂ ਵਿਚ ਸੇਵਾ ਭਾਵਨਾ ਦਾ ਜਜ਼ਬਾ ਅੱਜ ਵੀ ਕਾਇਮ ਹੈ, ਜਿਸ 'ਤੇ ਅੱਜ ਪੰਜਾਬ ਖੜਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਾਰੇ ਦੇਸ਼ ਦਾ ਅੰਨਦਾਤਾ ਹੈ, ਪਰ ਉਹ ਅੱਜ ਕੰਗਾਲੀ ਦੇ ਕਗਾਰ ਤੇ ਖੜਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ-ਪੀਰਾਂ ਦੀ ਧਰਤੀ ਹੈ, ਇਸ ਧਰਤੀ 'ਤੇ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਤੇਰਾ-ਤੇਰਾ ਕਰਕੇ ਗਰੀਬਾਂ ਦਾ ਸਹਾਰਾ ਬਣੇ, ਉੱਥੇ ਹੀ ਅਕਾਲੀ ਦਲ ਨੇ ਸਭ ਕੁਝ ਮੇਰਾ-ਮੇਰਾ ਕਰਕੇ ਪੰਜਾਬ ਨੂੰ ਖੂਬ ਲੁੱਟਿਆ। ਉਨ੍ਹਾਂ ਕਿਹਾ ਕਿ ਉਹ ਕੈਪਟਨ ਦੇ 9 ਨੁਕਤਿਆਂ ਵਿਚੋਂ ਪੰਜ ਨੁਕਤੇ ਸਭ ਨਾਲ ਸਾਂਝੇ ਕਰਨ ਆਏ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਬਣਨ 'ਤੇ ਇਕ ਮਹੀਨੇ ਵਿਚ ਨਸ਼ਾ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਜਾਵੇਗਾ ਅਤੇ ਨਸ਼ਿਆਂ ਦੇ ਤਸਕਰਾਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਸਖ਼ਤ ਕਾਨੂੰਨ ਬਣਾਏ ਜਾਣਗੇ, ਨਸ਼ਾ ਤਸਕਰੀ ਕਰਨ ਵਾਲਿਆਂ ਦੀਆਂ ਜਾਇਦਾਦਾਂ ਕੁਰਕ ਕਰਕੇ ਪੰਜਾਬ ਦਾ ਖ਼ਜ਼ਾਨਾ ਭਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਿੰਡਾਂ ਵਿਚ ਵੱਡੀ ਪੱਧਰ 'ਤੇ ਪੰਚਾਇਤੀ ਜ਼ਮੀਨਾਂ ਨੂੰ ਦੋ ਮਹੀਨੇ ਦੇ ਅੰਦਰ-ਅੰਦਰ ਖਾਲੀ ਕਰਵਾ ਕੇ ਗਰੀਬ ਜ਼ਰੂਰਤਮੰਦ ਪਰਵਾਰਾਂ ਨੂੰ ਦਿੱਤੀ ਜਾਵੇਗੀ, ਜਿਸ ਨਾਲ ਉਹ ਆਪਣਾ ਪੇਟ ਭਰ ਸਕਣਗੇ ਅਤੇ ਸਰਕਾਰ ਨੂੰ ਵੀ ਆਮਦਨ ਹੋਵੇਗੀ। ਉਨ੍ਹਾ ਕਿਹਾ ਕਿ ਪੰਜਾਬ ਵਿਚ ਹਜ਼ਾਰਾਂ ਸਰਕਾਰੀ ਨੌਕਰੀਆਂ ਹਨ, ਪਰ ਉਹ ਜ਼ਰੂਰਤਮੰਦਾਂ ਨੂੰ ਮਿਲ ਨਹੀਂ ਸਕੀਆਂ ਅਤੇ ਪੰਜਾਬ ਵਿਚ ਕਾਂਗਰਸ ਸਰਕਾਰ ਬਣਨ 'ਤੇ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਨੌਕਰੀਆਂ ਦੇਣ ਦਾ ਅਮਲ ਸ਼ੁਰੂ ਹੋ ਜਾਵੇਗਾ ਅਤੇ ਹਰ ਘਰ ਇਕ ਨੌਕਰੀ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਹਰ ਘਰ ਨੂੰ ਵਧੀਆ ਅਤੇ ਮੁਫ਼ਤ ਸਿਹਤ ਸਹੂਲਤਾਂ ਦੇਣਾ ਲਾਜ਼ਮੀ ਬਣਾਇਆ ਜਾਵੇਗਾ ਅਤੇ ਇਸ ਤਹਿਤ ਗਰੀਬ ਜ਼ਰੂਰਤਮੰਦ ਪਰਵਾਰਾਂ ਦਾ ਇਲਾਜ ਮੁਫ਼ਤ ਕੀਤਾ ਜਾਵੇਗਾ ਅਤੇ ਕੈਂਸਰ ਦੇ ਇਲਾਜ ਲਈ ਵਧੀਆ ਅਤੇ ਕਿਫਾਇਤੀ ਹਸਪਤਾਲ ਪੰਜਾਬ ਵਿਚ ਖੋਲ੍ਹਿਆ ਜਾਵੇਗਾ ਤਾਂ ਜੋ ਲੋਕਾਂ ਨੂੰ ਬੀਕਾਨੇਰ ਜਾਂ ਹੋਰ ਦੂਰ-ਦੁਰਾਡੇ ਸ਼ਹਿਰਾਂ ਵਿਚ ਇਲਾਜ ਲਈ ਨਾ ਜਾਣਾ ਪਵੇ।
ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਦੀ ਇੰਡਸਟਰੀ ਜਾਂ ਤਾਂ ਬੰਦ ਹੋ ਗਈ ਜਾਂ ਦੂਜੇ ਸੂਬਿਆਂ ਨੂੰ ਚਲੀ ਗਈ, ਜਿਸ ਕਰਕੇ ਪੰਜਾਬ ਦਾ ਹਾਲ ਬੇਹਾਲ ਹੈ।
ਇਸੇ ਤਰ੍ਹਾਂ ਸੰਗਰੂਰ ਵਿਧਾਨ ਸਭਾ ਹਲਕੇ ਦੇ ਪਿੰਡ ਬਾਲੀਆਂ ਵਿਖੇ ਕਾਂਗਰਸ ਪਾਰਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਪੰਜਾਬ ਦੀ ਸਾਂਝੀਵਾਲਤਾ ਨੂੰ ਕਾਇਮ ਰੱਖਣ ਦਾ ਸੁਨੇਹਾ ਦੇਣ ਦੇ ਲਈ ਸਾਂਝੇ ਚੁੱਲ੍ਹੇ 'ਤੇ ਪੱਕਿਆ ਭੋਜਨ ਛਕਣ ਦਾ ਆਨੰਦ ਆਮ ਲੋਕਾਂ ਨਾਲ ਬੈਠ ਕੇ ਲਿਆ। ਉਹਨਾਂ ਕਿਹਾ ਕਿ ਪੰਜਾਬੀਆਂ ਅੰਦਰ ਬਹੁਤ ਸ਼ਕਤੀ ਹੈ, ਪਰ ਉਸ ਸ਼ਕਤੀ ਦੀ ਵਰਤੋਂ ਸਹੀ ਨਹੀਂ ਕੀਤੀ ਗਈ। ਇਸੇ ਲਈ ਪੰਜਾਬ ਉਸ ਗਤੀ ਨਾਲ ਤਰੱਕੀ ਨਹੀਂ ਕਰ ਸਕਿਆ, ਜਿਸ ਨਾਲ ਕਰਨੀ ਚਾਹੀਦੀ ਸੀ। ਉਹਨਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੇ ਕਿਸਾਨ ਦਾ ਪੁੱਤਰ ਤਾਂ ਨਸ਼ੇ ਨੇ ਖੋਹ ਲਿਆ ਤੇ ਕਿਸਾਨ 'ਤੇ ਦੂਹਰੀ ਮਾਰ ਕਰਜ਼ੇ ਦੀ ਪੈ ਗਈ । ਉਹਨਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਸਨ, ਪਰ ਉਸ ਦਾ ਲਾਭ ਕਿਸਾਨਾਂ ਨੂੰ ਨਹੀਂ ਮਿਲਿਆ।