ਤੁਰੰਤ ਪਹਿਲਕਦਮੀ ਦੀ ਲੋੜ

ਕੁਝ ਦਿਨ ਪਹਿਲਾਂ ਜਦੋਂ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਟੈਲੀਫ਼ੋਨ 'ਤੇ ਗੱਲਬਾਤ ਕੀਤੀ ਤਾਂ ਭਾਜਪਾ ਤੇ ਸਰਕਾਰ ਦੇ ਬੁਲਾਰਿਆਂ ਨੇ ਇਸ ਵਾਰਤਾ ਨੂੰ ਇੱਕ ਸ਼ੁੱਭ ਸ਼ਗਨ ਕਰਾਰ ਦਿੱਤਾ ਤੇ ਕਿਹਾ ਕਿ ਅਮਰੀਕਾ ਤੇ ਭਾਰਤ ਦੇ ਆਪਸੀ ਸੰਬੰਧਾਂ 'ਚ ਹੋਰ ਨੇੜਤਾ ਆਵੇਗੀ। ਪਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਅਮਰੀਕਾ 'ਚ ਰੋਜ਼ਗਾਰ ਦੇ ਵਾਧੂ ਅਵਸਰ ਪੈਦਾ ਕਰਨ ਲਈ ਚੁੱਕੇ ਗਏ ਕਦਮਾਂ ਨਾਲ ਭਾਰਤ ਦੀ ਸਭ ਤੋਂ ਤੇਜ ਗਤੀ ਨਾਲ ਵਿਕਾਸ ਕਰਨ ਵਾਲੇ ਸੂਚਨਾ ਤਕਨੀਕ ਦੇ ਅਹਿਮ ਅਦਾਰਿਆਂ ਟੀ ਸੀ ਐਸ, ਵਿਪਰੋ, ਇਨਫੋਸਿਸ, ਮਹਿੰਦਰਾ ਟੈਕ ਆਦਿ ਦੇ ਹਿੱਸਿਆਂ ਦੀਆਂ ਕੀਮਤਾਂ 'ਚ 5 ਤੋਂ 6 ਫ਼ੀਸਦੀ ਤੱਕ ਦੀ ਕਮੀ ਆ ਗਈ।
ਇੱਥੇ ਇਹ ਗੱਲ ਵਰਨਣਯੋਗ ਹੈ ਕਿ ਸਾਡੇ ਦੇਸ਼ ਦੇ ਸੂਚਨਾ ਤਕਨੀਕ ਦੇ ਅਦਾਰਿਆਂ ਨੂੰ ਆਰਥਿਕ ਖੇਤਰ 'ਚ ਕਿੰਨੀ ਪਹਿਲ ਹਾਸਲ ਹੈ, ਇਸ ਗੱਲ ਦਾ ਇਸ ਤੱਥ ਤੋਂ ਪਤਾ ਲੱਗ ਜਾਂਦਾ ਹੈ ਕਿ ਮੁੰਬਈ ਦੇ ਸ਼ੇਅਰ ਬਾਜ਼ਾਰ 'ਚ ਸੂਚਕ ਅੰਕ ਨਿਰਧਾਰਤ ਕਰਨ ਵਿੱਚ ਉਨ੍ਹਾਂ ਦੀ ਹਿੱਸੇਦਾਰੀ 5 ਤੋਂ 6 ਫ਼ੀਸਦੀ ਦੇ ਨੇੜੇ ਤੇੜੇ ਹੈ ਤੇ ਜੀ ਡੀ ਪੀ ਵਿੱਚ ਉਨ੍ਹਾਂ ਦੀ ਹਿੱਸੇਦਾਰੀ 9.3 ਫ਼ੀਸਦੀ ਹੈ। ਸੂਚਨਾ ਤਕਨੀਕ ਦੇ ਅਦਾਰਿਆਂ ਦੀ ਵਿਦੇਸ਼ਾਂ ਤੋਂ ਹੋਣ ਵਾਲੀ ਕੁੱਲ ਆਮਦਨ 90 ਬਿਲੀਅਨ ਡਾਲਰ ਹੈ ਅਤੇ ਇਸ ਵਿੱਚ ਅਮਰੀਕਾ ਤੋਂ ਹੋਣ ਵਾਲੀ ਆਮਦਨ ਦਾ ਹਿੱਸਾ 65 ਫ਼ੀਸਦੀ ਹੈ। ਸੈਂਤੀ ਲੱਖ ਦੇ ਕਰੀਬ ਤਕਨੀਕੀ ਮਾਹਰ ਸਿੱਧੇ ਰੂਪ 'ਚ ਇਸ ਖੇਤਰ ਦੇ ਅਦਾਰਿਆਂ 'ਚ ਕੰਮ ਕਰਦੇ ਹਨ ਤੇ ਏਨੀ ਹੀ ਗਿਣਤੀ ਦੇ ਤਕਨੀਕੀ ਮਾਹਰ ਅਸਿੱਧੇ ਰੂਪ 'ਚ ਇਸ ਤੋਂ ਰੋਜ਼ੀ ਰੋਟੀ ਹਾਸਲ ਕਰਦੇ ਹਨ।
ਇਨ੍ਹਾਂ ਅਦਾਰਿਆਂ ਵੱਲੋਂ ਪ੍ਰਾਪਤ ਕਰਵਾਏ ਗਏ ਪ੍ਰੋਗਰਾਮਾਂ ਵਿੱਚ ਰੋਜ਼ਮਰ੍ਹਾਂ ਆਉਣ ਵਾਲੀਆਂ ਤਕਨੀਕੀ ਉਲਝਣਾਂ ਨੂੰ ਸਮੇਂ ਤੇ ਮੌਕੇ 'ਤੇ ਸੁਲਝਾਉਣ ਲਈ ਤਕਰੀਬਨ 65 ਹਜ਼ਾਰ ਦੇ ਕਰੀਬ ਤਕਨੀਕੀ ਮਾਹਰ ਐਚ-1 ਬੀ ਵੀਜ਼ੇ ਉੱਤੇ ਅਮਰੀਕਾ ਵਿੱਚ ਜਾ ਕੇ ਕੰਮ ਕਰਦੇ ਹਨ। ਉਨ੍ਹਾਂ ਨੂੰ ਆਪਣੇ ਪਰਵਾਰ ਦੇ ਮੈਂਬਰਾਂ ਨੂੰ ਵੀ ਅਮਰੀਕਾ ਵਿੱਚ ਰਿਹਾਇਸ਼ ਰੱਖਣ ਦਾ ਅਧਿਕਾਰ ਵੀ ਹੁੰਦਾ ਹੈ ਅਤੇ ਉਨ੍ਹਾਂ ਦੇ ਬੱਚੇ ਅਮਰੀਕਾ ਦੀਆਂ ਯੂਨੀਵਰਸਿਟੀਆਂ ਵਿੱਚ ਵਿੱਦਿਆ ਵੀ ਹਾਸਲ ਕਰਦੇ ਹਨ। ਇਸ ਸਮੇਂ ਇੱਕ ਲੱਖ 16 ਹਜ਼ਾਰ ਦੇ ਕਰੀਬ ਭਾਰਤੀ ਵਿਦਿਆਰਥੀ ਅਮਰੀਕਾ 'ਚ ਉੱਚ ਸਿੱਖਿਆ ਹਾਸਲ ਕਰ ਰਹੇ ਹਨ। ਪ੍ਰਚੱਲਤ ਨੀਤੀਆਂ ਅਨੁਸਾਰ ਉਹ ਆਪਣੀ ਪੜ੍ਹਾਈ ਖ਼ਤਮ ਮਗਰੋਂ 2 ਸਾਲ ਤੱਕ ਅਮਰੀਕੀ ਅਦਾਰਿਆਂ ਵਿੱਚ ਕੰਮਕਾਜ ਕਰ ਸਕਦੇ ਸਨ। ਪਰ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਹੁਣ ਕੇਵਲ ਉਨ੍ਹਾਂ ਭਾਰਤੀ ਤਕਨੀਕੀ ਮਾਹਰਾਂ ਨੂੰ ਅਮਰੀਕਾ ਆਉਣ ਲਈ ਐੱਚ-1 ਬੀ ਵੀਜ਼ਾ ਦਿੱਤਾ ਜਾਵੇਗਾ, ਜਿਨ੍ਹਾਂ ਦੀ ਸਾਲਾਨਾ ਉਜਰਤ ਇੱਕ ਲੱਖ 30 ਹਜ਼ਾਰ ਡਾਲਰ ਹੋਵੇਗੀ। ਪਹਿਲਾਂ ਇਹ 65 ਹਜ਼ਾਰ ਡਾਲਰ ਸੀ। ਲਾਜ਼ਮੀ ਹੀ ਟਰੰਪ ਵੱਲੋਂ ਲਾਈਆਂ ਨਵੀਂਆਂ ਪਾਬੰਦੀਆਂ ਕਾਰਨ ਭਾਰਤ ਦੀ ਸਭ ਤੋਂ ਤੇਜ ਗਤੀ ਨਾਲ ਵਿਕਾਸ ਕਰਨ ਵਾਲੀ ਸੂਚਨਾ ਤਕਨੀਕ ਸਨਅਤੀ ਅਦਾਰਿਆਂ ਉੱਤੇ ਪ੍ਰਭਾਵ ਪਵੇਗਾ ਤੇ ਉਨ੍ਹਾਂ ਨੂੰ ਵਿਦੇਸ਼ਾਂ ਤੋਂ ਤੇ ਖਾਸ ਕਰ ਕੇ ਅਮਰੀਕਾ ਤੋਂ ਸੂਚਨਾ ਤਕਨੀਕ ਅਧਾਰਤ ਪ੍ਰੋਗਰਾਮ ਘੜਨ ਤੇ ਬਰਾਮਦ ਕਰਨ ਤੋਂ ਜਿਹੜੀ ਆਮਦਨ ਹੁੰਦੀ ਸੀ, ਉਹ ਵੀ ਪ੍ਰਭਾਵਤ ਹੋਵੇਗੀ ਅਤੇ ਅਮਰੀਕਾ ਵਿੱਚ ਭਾਰਤੀ ਤਕਨੀਸ਼ੀਅਨਾਂ ਲਈ ਰੋਜ਼ਗਾਰ ਦੇ ਅਵਸਰ ਵੀ ਘਟਣਗੇ।
ਪਰ ਭਾਰਤ ਸਰਕਾਰ ਹੈ ਕਿ ਉਸ ਨੇ ਇਸ ਅਹਿਮ ਵਿਸ਼ੇ ਉੱਤੇ ਫਿਲਹਾਲ ਕੋਈ ਟਿੱਪਣੀ ਨਹੀਂ ਕੀਤੀ ਤੇ ਨਾ ਹੀ ਇਹ ਦੱਸਿਆ ਹੈ ਕਿ ਇਸ ਸਮੱਸਿਆ ਨਾਲ ਨਜਿੱਠਣ ਲਈ ਉਹ ਕੂਟਨੀਤਕ ਪੱਧਰ 'ਤੇ ਕੀ ਪਹਿਲਕਦਮੀ ਕਰਨ ਜਾ ਰਹੇ ਹਨ।
ਪਰ ਖੁਦ ਅਮਰੀਕਾ ਤੇ ਸੂਚਨਾ ਤਕਨੀਕ ਦੀ ਕੇਂਦਰ ਸਿਲੀਕਨ ਵੈਲੀ ਦੀਆਂ ਅਹਿਮ ਸ਼ਖਸੀਅਤਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਇਹਨਾਂ ਨੀਤੀਆਂ ਦਾ ਸਖ਼ਤ ਵਿਰੋਧ ਕੀਤਾ ਹੈ ਅਤੇ ਇਹ ਚੇਤਾਵਨੀ ਵੀ ਦਿੱਤੀ ਹੈ ਕਿ ਜੇ ਵਿਦੇਸ਼ੀ ਤਕਨੀਕੀ ਮਾਹਰਾਂ ਨੂੰ ਵੀਜ਼ਾ ਦੇਣ ਦੀ ਨੀਤੀ ਰਾਹੀਂ ਰੋਕਾਂ ਲਾਈਆਂ ਗਈਆਂ ਤਾਂ ਸੂਚਨਾ ਤਕਨੀਕ ਦੀ ਕੇਂਦਰ ਸਿਲੀਕਨ ਵੈਲੀ ਉੱਤੇ ਇਸ ਦਾ ਬਹੁਤ ਮਾੜਾ ਪ੍ਰਭਾਵ ਪਵੇਗਾ।
ਫੇਸ ਬੁੱਕ ਦੇ ਮੁਖੀ ਜ਼ੈਕਰ ਬਰਗ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੂਰਾ ਪਰਵਾਰ ਯੂਕਰੇਨ, ਪੋਲੈਂਡ ਤੇ ਜਰਮਨੀ ਤੋਂ ਹਿਜਰਤ ਕਰਕੇ ਅਮਰੀਕਾ ਆ ਵਸਿਆ ਸੀ। ਐਪਲ ਕੰਪਨੀ ਦੇ ਸੰਚਾਲਕ ਮਰਹੂਮ ਸਟੀਵ ਜਾੱਬ ਸੀਰੀਆ ਤੋਂ ਆਏ ਇਕ ਸ਼ਰਨਾਰਥੀ ਦੇ ਸਪੁੱਤਰ ਸਨ। ਇੰਟਰਨੈੱਟ ਦੀ ਸ਼੍ਰੋਮਣੀ ਕੰਪਨੀ ਗੂਗਲ ਦੇ ਸੀ ਓ ਸੁੰਦਰ ਪਿਚਾਈ ਭਾਰਤੀ ਮੂਲ ਦੇ ਹਨ। ਸਿਲੀਕਨ ਵੈਲੀ ਦਾ ਸੂਚਨਾ ਤਕਨੀਕ ਦਾ ਕੋਈ ਵੀ ਨਾਮਣੇ ਵਾਲਾ ਅਦਾਰਾ ਅਜਿਹਾ ਨਹੀਂ, ਜਿਸ ਵਿੱਚ ਚੋਖੀ ਗਿਣਤੀ ਵਿੱਚ ਭਾਰਤੀ ਤਕਨੀਕੀ ਮਾਹਰ ਅਹਿਮ ਭੂਮਿਕਾ ਨਾ ਨਿਭਾਅ ਰਹੇ ਹੋਣ। ਭਾਰਤ ਸਰਕਾਰ ਨੂੰ ਇਸ ਵਿਸ਼ੇ ਵਿੱਚ ਫ਼ੌਰੀ ਪਹਿਲਕਦਮੀ ਕਰਨੀ ਚਾਹੀਦੀ ਹੈ ਤਾਂ ਜੋ ਸੂਚਨਾ ਤਕਨੀਕ ਨਾਲ ਸੰਬੰਧਤ ਅਦਾਰਿਆਂ ਦੇ ਭਵਿੱਖ ਨੂੰ ਸੁਰੱਖਿਅਤ ਰੱਖਿਆ ਜਾ ਸਕੇ।