ਦੋ ਟੀਮਾਂ ਮੈਨੂੰ ਫੁੱਟਬਾਲ ਵਾਂਗ ਖੇਡ ਰਹੀਆਂ ਹਨ : ਮਾਲਿਆ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕਰੋੜਾਂ ਰਪਿਆਂ ਦੇ ਬੈਂਕ ਕਰਜ਼ੇ ਲੈ ਕੇ ਦੇਸ਼ ਛੱਡ ਕੇ ਭੱਜ ਗਏ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨੇ ਉਸ ਮੀਡੀਆ ਰਿਪੋਰਟ 'ਤੇ ਹੈਰਾਨੀ ਜ਼ਾਹਿਰ ਕੀਤੀ ਹੈ, ਜਿਸ 'ਚ ਕਿਹਾ ਗਿਆ ਹੈ ਕਿ ਉਸ ਨੇ ਆਪਣੀ ਪਹੁੰਚ ਅਤੇ ਤਾਕਤ ਦੀ ਵਰਤੋਂ ਕਰਦੇ ਹੋਏ ਬੈਂਕ ਤੋਂ ਇੰਨੇ ਵੱਡੀ ਗਿਣਤੀ 'ਚ ਰਕਮ ਕਰਜ਼ੇ ਦੇ ਤੌਰ 'ਤੇ ਹਾਸਲ ਕੀਤੀ। ਸੀ ਐੱਨ ਐੱਨ 18 ਨੇ ਇਸ ਖਬਰ ਦਾ ਖੁਲਾਸਾ ਕੀਤਾ ਸੀ ਕਿ ਮਾਲਿਆ ਨੂੰ ਯੂ ਪੀ ਏ ਸਰਕਾਰ ਦੌਰਾਨ ਵਿੱਤ ਮੰਤਰਾਲੇ ਦੇ ਸੰਯੁਕਤ ਸਕੱਤਰ ਰਹੇ ਅਮਿਤਾਭ ਵਰਮਾ ਨੇ ਬੈਂਕ ਤੋਂ ਕਰਜ਼ਾ ਹਾਸਲ ਕਰਨ 'ਚ ਮਦਦ ਕੀਤੀ ਸੀ। ਇਸ ਨਾਲ ਜੁੜੇ ਮੇਲ ਦਾ ਖੁਲਾਸਾ ਵੀ ਹੋਇਆ ਹੈ। ਮਾਲਿਆ ਨੇ ਟਵੀਟ ਕਰਦੇ ਹੋਏ ਕਿਹਾ ਕਿ ਮੈਂ ਸੀ ਬੀ ਆਈ ਦੇ ਇਨ੍ਹਾਂ ਦੋਸ਼ਾਂ ਤੋਂ ਹੈਰਾਨ ਹਾਂ, ਸਾਰੇ ਝੁਠੇ ਦੋਸ਼ ਹਨ।
ਵਪਾਰ ਅਤੇ ਅਰਥ-ਵਿਵਸਥਾ ਬਾਰੇ ਪਤਾ ਨਹੀਂ ਕਿੰਨੀ ਸਮਝ ਰੱਖਣ ਵਾਲੀ ਪੁਲਸ ਇਸ ਮਾਮਲੇ 'ਚ ਕਿਉਂ ਗਲਤ ਬਿਆਨ ਦੇ ਰਹੀ ਹੈ।
ਮਾਲਿਆ ਨੇ ਟਵੀਟਰ 'ਚ ਕਿਹਾ ਕਿ ਮੀਡੀਆ ਖੁਸ਼ੀ-ਖੁਸ਼ੀ ਇਕ ਪਿੱਚ ਵਾਂਗ ਇਸਤੇਮਾਲ ਹੋ ਰਹੀ ਹੈ ਤੇ ਮੈਂ ਇਕ ਫੁੱਟਬਾਲ ਵਾਂਗ ਅਤੇ ਦੋ ਵਿਰੋਧੀ ਟੀਮਾਂ ਯੂ ਪੀ ਏ ਤੇ ਐੱਨ ਡੀ ਏ ਇਕ-ਦੂਜੇ ਨਾਲ ਮੈਚ ਖੇਡ ਰਹੀਆਂ ਹਨ। ਅਫਸੋਸ ਹੈ ਕਿ ਇਸ ਖੇਡ 'ਚ ਕੋਈ ਰੈਫਰੀ ਨਹੀਂ ਹੈ। ਵੀਰਵਾਰ ਨੂੰ ਇਹ ਖੁਲਾਸਾ ਹੋਇਆ ਕਿ ਮਾਲਿਆ ਨੂੰ ਲੋਨ ਦੇਣ 'ਚ ਯੂ ਪੀ ਏ 2 ਦੇ ਕਾਰਜਕਾਲ 'ਚ ਸੰਯੁਕਤ ਵਿੱਤ ਸਕੱਤਰ ਨੇ ਮਦਦ ਕੀਤੀ ਸੀ।
ਮੇਲ ਅਤੇ ਚਿੱਠੀਆਂ ਤੋਂ ਖੁਲਾਸਾ ਹੋਇਆ ਸੀ ਕਿ ਕਿਸ ਤਰ੍ਹਾਂ ਸੀਨੀਅਰ ਅਧਿਕਾਰੀ ਅਮਿਤਾਭ ਵਰਮਾ ਨੇ ਮਾਲਿਆ ਨੂੰ ਲੋਨ ਲਈ ਸਾਰੇ ਬੈਂਕ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ। ਸੀ ਬੀ ਆਈ ਦੀ ਜਾਣਕਾਰੀ ਮੁਤਾਬਕ ਜਾਂਚ ਏਜੰਸੀ ਇਸ ਘੋਟਾਲੇ ਨੂੰ ਵੱਡੀ ਸਾਜ਼ਿਸ਼ ਦੇ ਤੌਰ 'ਤੇ ਦੇਖ ਰਹੀ ਹੈ।