ਨਾਵਲਕਾਰ ਦਰਸ਼ਨ ਸਿੰਘ ਨੂੰ ਨਿੱਘੀਆਂ ਸ਼ਰਧਾਂਜਲੀਆਂ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਉੱਘੇ ਨਾਵਲਕਾਰ ਤੇ ਅਨੁਵਾਦਕ ਦਰਸ਼ਨ ਸਿੰਘ, ਜੋ 27 ਜਨਵਰੀ ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਨਮਿਤ ਇਥੋਂ ਦੀਆਂ ਸਾਹਿਤ ਸਭਾਵਾਂ ਨੇ ਮਿਲ ਕੇ ਪੰਜਾਬੀ ਭਵਨ ਵਿਚ ਸ਼ਰਧਾਂਜਲੀਆਂ ਦਿਤੀਆਂ। ਸਭ ਤੋਂ ਪਹਿਲਾਂ ਡਾ. ਰੇਣੁਕਾ ਸਿੰਘ, ਚੇਅਰਪਰਸਨ, ਪੰਜਾਬੀ ਸਾਹਿਤ ਸਭਾ ਨੇ ਦਰਸ਼ਨ ਸਿੰਘ ਦੀਆਂ ਲਿਖਤਾਂ, ਸਾਹਿਤ ਸਭਾ ਵਿਚ ਉਨ੍ਹਾਂ ਦੀ ਸਰਗਰਮ ਤੇ ਮੁੱਲਵਾਨ ਭੂਮਿਕਾ, ਭਾਪਾ ਪ੍ਰੀਤਮ ਸਿੰਘ ਦੀ ਪ੍ਰੇਰਨਾ ਸਦਕਾ ਪੰਜਾਬੀ ਵਿਚ ਮੌਲਿਕ ਰਚਨਾਵਾਂ ਰਚਣ ਸਮੇਤ ਪਰਵਾਰਕ ਸਾਂਝਾਂ ਨੂੰ ਚੇਤੇ ਕੀਤਾ। ਡਾ. ਕਰਨਜੀਤ ਸਿੰਘ ਨੇ ਸੋਵੀਅਤ ਸਫ਼ਾਰਤਖ਼ਾਨੇ ਦੇ ਸੂਚਨਾ ਵਿਭਾਗ ਵਿਚ ਇਕੱਠਿਆਂ ਕੰਮ ਕਰਨ ਤੋਂ ਲੈ ਕੇ ਉਨ੍ਹਾਂ ਵਲੋਂ ਉਥੇ ਪੰਜਾਬੀ ਲਈ ਪਾਈਆਂ ਪਿਰਤਾਂ ਨੂੰ ਛੋਹਿਆ। ਭਾਈ ਵੀਰ ਸਿੰਘ ਸਾਹਿਤ ਸਦਨ ਤੇ ਪੰਜਾਬੀ ਵਿਭਾਗ ਦਿੱਲੀ ਯੂਨੀਵਰਸਿਟੀ ਵਲੋਂ ਆਪਣੇ ਸ਼ਰਧਾਂਜਲੀ ਸ਼ਬਦਾਂ ਵਿਚ ਪ੍ਰੋਫੈਸਰ ਰਵੇਲ ਸਿੰਘ ਨੇ ਦਰਸ਼ਨ ਸਿੰਘ ਦੀਆਂ ਲਿਖਤਾਂ ਨੂੰ ਲੋਕ-ਪੱਖੀ, ਰਾਜਨੀਤਕ ਦਾਅ-ਪੇਚਾਂ ਤੇ ਵੱਖ-ਵੱਖ ਤਰ੍ਹਾਂ ਦੇ ਦੇਸ਼ ਅੰਦਰ ਫ਼ੈਲੇ ਭ੍ਰਿਸ਼ਟਾਚਾਰਾਂ ਦਾ ਚਰਚਾ ਕਰਦਿਆਂ ਪੰਜਾਬੀ ਸਾਹਿਤ ਨੂੰ ਨਾ ਪੂਰਿਆ ਜਾਣ ਵਾਲਾ ਖੱਪਾ ਦੱਸਿਆ। ਪੰਜਾਬੀ ਅਕਾਦਮੀ ਦੇ ਸਕੱਤਰ ਗੁਰਭੇਜ ਸਿੰਘ ਗੁਰਾਇਆ ਨੇ ਦਰਸ਼ਨ ਸਿੰਘ ਨੂੰ ਇਕ ਨੇਕ ਇਨਸਾਨ, ਸਨਿਮਰ ਸੁਭਾਅ ਤੇ ਚੋਟੀ ਦਾ ਲੇਖਕ ਦੱਸ ਕੇ ਉਨ੍ਹਾਂ ਦੀਆਂ ਪੁਸਤਕਾਂ ਦੀ ਚਰਚਾ ਕੀਤੀ। ਕੇਂਦਰੀ ਪੰਜਾਬੀ ਸਾਹਿਤ ਸੰਮੇਲਨ ਦੇ ਪ੍ਰਧਾਨ ਡਾ. ਮਨਜੀਤ ਸਿੰਘ ਨੇ ਦਰਸ਼ਨ ਸਿੰਘ ਦੀਆਂ ਰਚਨਾਵਾਂ ਵਿਚ ਮਾਨਵੀ ਰਿਸ਼ਤਿਆਂ, ਬਦਲਦੇ ਸੱਭਿਆਚਾਰਕ ਪ੍ਰਸੰਗਾਂ, ਕਦਰਾਂ-ਕੀਮਤਾਂ ਵਿਚ ਨਿਘਾਰ ਤੇ ਨਵੇਂ ਉਸਰ ਰਹੇ ਸਮਾਜਿਕ ਢਾਂਚੇ ਦਾ ਜ਼ਿਕਰ ਕਰਦਿਆਂ ਆਖਿਆ ਕਿ ਉਨ੍ਹਾਂ ਦੇ ਨਾਵਲਾਂ ਵਿਚ ਗਲਪੀ ਬਿਰਤਾਂਤ ਨਵੇਕਲਾ ਹੈ।
ਵਿਸ਼ਵ ਸਾਹਿਤ ਦੀ ਬਾਰੀਕੀ ਨਾਲ ਪੁਣ-ਛਾਣ ਕਰਨ ਵਾਲੇ ਨਾਮੀ ਵਿਦਵਾਨ ਜੰਗ ਬਹਾਦੁਰ ਗੋਇਲ ਨੇ ਦਰਸ਼ਨ ਸਿੰਘ ਦੇ ਨਾਵਲਾਂ ਵਿਚਲੀ ਬਣਤਰ ਤੇ ਬੁਣਤਰ, ਰਾਜਸੀ ਚੇਤਨਾ ਪ੍ਰਵਾਹ, ਰਾਜਨੀਤਕ ਭ੍ਰਿਸ਼ਟਾਚਾਰ ਤੇ ਰਾਜਸੀ ਚਾਲਾਂ, ਦੰਭਾਂ ਤੇ ਪਖੰਡਾਂ ਦੇ ਹਵਾਲੇ ਦਿੰਦਿਆਂ ਆਪਣੇ ਨਿੱਘੇ ਸੰਬੰਧਾਂ 'ਤੇ ਸਾਹਿਤਕ ਵਿਚਾਰ-ਵਟਾਂਦਰਿਆਂ ਦਾ ਜ਼ਿਕਰ ਕੀਤਾ ਤੇ ਨਾਲ ਹੀ 'ਸਮਕਾਲੀ ਸਾਹਿਤ' ਦੇ ਵਰਤਮਾਨ ਮਿਆਰ ਬਾਰੇ।
ਗੁਰਬਚਨ ਸਿੰਘ ਭੁੱਲਰ ਨੇ ਦਰਸ਼ਨ ਸਿੰਘ ਦੇ ਨਾਵਲ ਲਿਖਣ ਦੇ ਯੋਜਨਾਬੱਧ ਢੰਗਾਂ ਦੀ ਚਰਚਾ ਕੀਤੀ। ਜਸਬੀਰ ਭੁੱਲਰ ਨੇ ਦਰਸ਼ਨ ਸਿੰਘ ਦੀਆਂ ਨਾਵਲੀ ਜੁਗਤਾਂ, ਉਨ੍ਹਾਂ ਵਿਚੋਂ ਉੱਭਰਦੀਆਂ ਭ੍ਰਿਸ਼ਟਾਚਾਰ ਵਿਰੋਧੀ ਸੁਰਾਂ ਸਣੇ ਦਰਸ਼ਨ ਸਿੰਘ ਦੀ ਸਾਹਿਤਕ ਸੂਝ ਦਾ ਜ਼ਿਕਰ ਕੀਤਾ। ਦਰਸ਼ਨ ਸਿੰਘ ਦੀ ਪੋਤੀ ਨੂਰ ਨੇ ਆਪਣੇ ਦਾਦਾ ਦੇ ਲਿਖਣ, ਸੰਗੀਤ ਸੁਣਨ ਤੇ ਉਨ੍ਹਾਂ ਦੇ ਸਹਿਜ ਸੁਭਾਅ ਨੂੰ ਸਾਂਝਾ ਕੀਤਾ।
ਪ੍ਰੋਗਰਾਮ ਦੀ ਸ਼ੁਰੂਆਤ ਸਮੇਂ ਮੰਚ ਸੰਚਾਲਕ ਬਲਬੀਰ ਮਾਧੋਪੁਰੀ ਨੇ ਦਰਸ਼ਨ ਸਿੰਘ ਦੇ ਨਾਵਲਾਂ, ਕਹਾਣੀ ਸੰਗ੍ਰਹਿ ਤੇ ਰੇਖਾ-ਚਿੱਤਰ ਪੁਸਤਕਾਂ ਨੂੰ ਵਰਤਮਾਨ ਵਿਚ ਆਪੋਜ਼ੀਸ਼ਨ ਦੀ ਭੂਮਿਕਾ ਨਿਭਾਉਂਦੀਆਂ ਰਚਨਾਵਾਂ ਤੇ ਭਾਰਤ ਵਿਚ ਨਵੇਂ ਮਨੁੱਖ ਦੀ ਸਿਰਜਣਾ ਲਈ ਤਾਂਗ ਰੱਖਦੀਆਂ ਦੱਸਿਆ। ਦਰਸ਼ਨ ਸਿੰਘ ਦੇ ਘੱਟ ਬੋਲਣ ਪਰ ਪੜ੍ਹੇ-ਗੁੜ੍ਹੇ ਇਨਸਾਨ ਦੀ ਪੌੜ੍ਹ ਬਿਰਤੀ ਤੇ ਪਰਵਿਰਤੀ ਦੀ ਜਾਣ-ਪਛਾਣ ਕਰਾਉਂਦਿਆਂ ਉਨ੍ਹਾਂ ਦੇ ਮਿਲਣਸਾਰ ਸੁਭਾਅ ਦਾ ਜ਼ਿਕਰ ਕੀਤਾ। ਅਖ਼ੀਰ ਵਿਚ ਡਾ. ਕੁਲਜੀਤ ਸ਼ੈਲੀ ਨੇ ਦਰਸ਼ਨ ਸਿੰਘ ਦੇ ਸਾਹਿਤਕ ਯੋਗਦਾਨ ਦੀਆਂ ਗੱਲਾਂ ਕਰਦਿਆਂ ਰਸਮੀ ਧੰਨਵਾਦ ਕੀਤਾ।
ਇਸ ਸ਼ਰਧਾਂਜਲੀ ਸਮਾਰੋਹ ਵਿਚ ਮਰਹੂਮ ਦਰਸ਼ਨ ਸਿੰਘ ਦਾ ਪਰਵਾਰ, ਭਾਈ ਵੀਰ ਸਿੰਘ ਸਾਹਿਤ ਸਦਨ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ, ਅਨੀਤਾ ਸਿੰਘ ਸਾਬਕਾ ਚੇਅਰਪਰਸਨ, ਪੰਜਾਬੀ ਅਕਾਦਮੀ, ਇਮਰੋਜ਼, ਨਛੱਤਰ, ਪ੍ਰੋ. ਰਣਜੀਤ ਸਿੰਘ, ਕਹਾਣੀਕਾਰ ਰਤਨ ਸਿੰਘ, ਮੋਹਨਜੀਤ, ਗੁਰਚਰਨ, ਵਨੀਤਾ, ਯਾਦਵਿੰਦਰ, ਕੁਲਵੀਰ ਗੋਜਰਾ, ਜਸਵਿੰਦਰ ਬਿੰਦਰਾ, ਅਮਰਜੀਤ ਕੌਰ, ਕਮਲਜੀਤ ਸਿੰਘ, ਵਰਿਆਮ ਮਸਤ, ਦਿੱਲੀ ਵਿਚ ਪੰਜਾਬੀ ਭਾਸ਼ਾ ਲਈ ਕੰਮ ਕਰ ਰਹੇ ਰਘਬੀਰ ਸਿੰਘ, ਭਾਈ ਮਨਿੰਦਰਪਾਲ ਸਿੰਘ, ਐਨ. ਆਰ. ਗੋਇਲ, ਚਰਨਜੀਤ ਸਿੰਘ ਚੰਨ, ਅਸ਼ੋਕ ਵਾਸ਼ਿਸ਼ਟ, ਦੀਪਾ ਸਮੇਤ ਕਈ ਪ੍ਰਕਾਸ਼ਕ ਸ਼ਾਮਲ ਹੋਏ।