ਦਰਦਨਾਕ ਹਾਦਸੇ 'ਚ 4 ਮੌਤਾਂ


ਮੱਖੂ/ਹਰੀਕੇ ਪੱਤਣ/ਪੱਟੀ (ਜੋਗਿੰਦਰ ਸਿੰਘ ਖਹਿਰਾ/ਹਰਜੀਤ ਲੱਧੜ/ਡਿੰਪਲ ਗੋਇਲ)
ਸੰਘਣੀ ਧੁੰਦ ਕਾਰਨ ਨੈਸ਼ਨਲ ਹਾਈਵੇ 'ਤੇ ਮੱਖੂ ਤੋਂ 4 ਕਿਲੋਮੀਟਰ ਦੂਰ ਬੰਗਾਲੀ ਵਾਲੇ ਪੁਲ ਨਜ਼ਦੀਕ ਇੱਕ ਪ੍ਰਾਈਵੇਟ ਬੱਸ ਅਤੇ ਕਾਰ ਵਿੱਚ ਸਿੱਧੀ ਟੱਕਰ ਹੋਣ ਕਾਰਨ ਡੇਢ ਸਾਲ ਦੇ ਬੱਚੇ ਅਤੇ ਔਰਤ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਏਸੈਂਟ ਕਾਰ ਨੰਬਰ ਪੀ.ਬੀ 02 ਏ.ਐੱਨ 0028, ਵਿੱਚ ਇੱਕ ਔਰਤ ਅਤੇ ਬੱਚੇ ਸਮੇਤ ਸੱਤ ਵਿਅਕਤੀ ਸਵਾਰ ਹੋ ਕੇ ਅੰਮ੍ਰਿਤਸਰ ਤੋਂ ਲੁਧਿਆਣਾ ਵੱਲ ਜਾ ਰਹੇ ਸਨ ਤਾਂ ਮੋਗਾ ਤੋਂ ਅੰਮ੍ਰਿਤਸਰ ਜਾ ਰਹੀ ਦਸਮੇਸ਼ ਬੱਸ ਨੰਬਰ ਪੀ.ਬੀ 03 ਏ.ਜੇ 5306 ਨਾਲ ਬੰਗਾਲੀ ਵਾਲਾ ਪੁਲ ਨਜ਼ਦੀਕ 8.30 ਵਜੇ ਦੇ ਕਰੀਬ ਸੰਘਣੀ ਧੁੰਦ ਕਾਰਨ ਇਹ ਦਰਦਨਾਕ ਹਾਦਸਾ ਵਾਪਰ ਗਿਆ। ਬੱਸ ਅਤੇ ਕਾਰ ਦੀ ਆਹਮਣੇ-ਸਾਹਮਣੇ ਟੱਕਰ ਹੋਣ ਕਾਰਨ ਕਾਰ ਵਿੱਚ ਸਵਾਰ ਔਰਤ ਗਗਨਦੀਪ ਕੌਰ, ਬੱਚਾ ਸਾਹਿਬਜੀਤ, ਹਰਪ੍ਰੀਤ ਸਿੰਘ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਤਿੰਨ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਮੌਕੇ 'ਤੇ ਪਹੁੰਚੇ ਡੀ.ਐੱਸ.ਪੀ ਜ਼ੀਰਾ ਵਰਿਆਮ ਸਿੰਘ ਖਹਿਰਾ ਅਤੇ ਥਾਣਾ ਮੱਖੂ ਦੇ ਐੱਸ.ਐੱਚ.ਓ ਜਸਵਰਿੰਦਰ ਸਿੰਘ ਦੀ ਹਾਜ਼ਰੀ ਵਿਚ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਜ਼ੀਰਾ ਦੇ ਸਿਵਲ ਹਸਪਤਾਲ ਵਿਖੇ ਭੇਜਿਆ ਗਿਆ। ਜ਼ਖ਼ਮੀ ਵਿਅਕਤੀ ਗੁਰਪ੍ਰੀਤ ਸਿੰਘ, ਸੁਸ਼ੀਲ ਕੁਮਾਰ ਆਦਿ ਨੂੰ ਮੱਖੂ ਵਿਖੇ ਪ੍ਰਾਈਵੇਟ ਮੈਡੀਕੇਅਰ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਅਤੇ ਇੱਕ ਵਿਕਅਤੀ ਦੀ ਹਾਲਤ ਗੰਭੀਰ ਹੋਣ ਕਾਰਨ ਫਰੀਦਕੋਟ ਦੇ ਮੈਡੀਕਲ ਹਸਪਤਾਲ ਵਿੱਚ ਰੈਫ਼ਰ ਕੀਤਾ ਗਿਆ। ਥਾਣਾ ਮੱਖੂ ਦੇ ਐੱਸ.ਐੱਚ.ਓ ਜਸਵਰਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦਰਦਨਾਕ ਹਾਦਸੇ ਦੀ ਤਫਤੀਸ਼ ਜਾਰੀ ਹੈ, ਪਰ ਮੌਕੇ 'ਤੇ ਜੁੜੇ ਲੋਕਾਂ ਦਾ ਕਹਿਣਾ ਸੀ ਕਿ ਬੱਸ ਠੀਕ ਸਾਈਡ ਜਾ ਰਹੀ ਸੀ, ਜਦਕਿ ਧੁੰਦ ਕਾਰਨ ਕਾਰ ਡਰਾਈਵਰ ਕਾਰ ਨੂੰ ਸੰਭਾਲ ਨਾ ਸਕਿਆ।