ਹਾਦਸੇ 'ਚ ਦੋ ਮੌਤਾਂ


ਤਲਵੰਡੀ ਭਾਈ/ਫਿਰੋਜ਼ਪੁਰ (ਬਹਾਦਰ ਸਿੰਘ ਭੁੱਲਰ, ਅਸੋਕ ਸ਼ਰਮਾ,
ਮਨੋਹਰ ਲਾਲ)
ਬੀਤੀ ਰਾਤ ਇੱਥੇ ਮੋਗਾ-ਫਿਰੋਜ਼ਪੁਰ ਰੋਡ 'ਤੇ ਡੇਰਾ ਬਿਆਸ ਨਜ਼ਦੀਕ ਇੱਕ ਸਕਾਰਪੀਓ ਗੱਡੀ ਟਰੈਕਟਰ ਟਰਾਲੀ ਦੇ ਪਿੱਛੇ ਟਕਰਾ ਗਈ, ਜਿਸ ਕਾਰਨ ਸਕਾਰਪੀਓ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ, ਜਦਕਿ ਇਸ ਹਾਦਸੇ ਦੌਰਾਨ 4 ਵਿਅਕਤੀਆਂ ਦੇ ਗੰਭੀਰ ਜ਼ਖਮੀ ਹੋਣ ਦੀ ਸੂਚਨਾ ਹੈ। ਇਸ ਸੰਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਸਕਾਰਪੀਓ ਗੱਡੀ ਆਰਕੈਸਟਰਾ ਗਰੁੱਪ ਲੈ ਕੇ ਫਿਰੋਜ਼ਪੁਰ ਵੱਲ ਜਾ ਰਹੀ ਸੀ ਕਿ ਪਿੰਡ ਲੱਲੇ ਨਜ਼ਦੀਕ ਸਕਾਰਪੀਓ ਗੱਡੀ ਫਿਰੋਜ਼ਪੁਰ ਦੀ ਤਰਫ ਹੀ ਜਾ ਰਹੇ ਇੱਕ ਟਰੈਕਟਰ ਟਰਾਲੀ ਨਾਲ ਟਕਰਾ ਗਈ, ਜਿਸ ਕਾਰਨ ਉਸ ਵਿਚ ਸਵਾਰ ਪਰਵਿੰਦਰ ਕੁਮਾਰ ਪੁੱਤਰ ਹਰਬੰਸ ਲਾਲ ਵਾਸੀ ਸਾਦਿਕ ਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ, ਜਦਕਿ ਨਰਿੰਦਰ ਸਿੰਘ ਵਾਸੀ ਸਾਦਿਕ, ਅਮਰਜੀਤ ਕੌਰ ਪਤਨੀ ਕ੍ਰਿਸ਼ਨ ਸਿੰਘ ਵਾਸੀ ਮਾਨੀ ਸਿੰਘ ਵਾਲਾ, ਬਲਜੀਤ ਸਿੰਘ ਪੁੱਤਰ ਜੱਜ ਸਿੰਘ ਵਾਸੀ ਸਾਦਿਕ ਅਤੇ ਰੀਆ ਪਤਨੀ ਸੋਨੂੰ ਵਾਸੀ ਜਲੰਧਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ।
ਇਸ ਦੌਰਾਨ ਇਲਾਜ ਲਈ ਹਸਪਤਾਲ ਵਿਚ ਪਹੁੰਚਾਈ ਅਮਰਜੀਤ ਕੌਰ ਨੇ ਵੀ ਦਮ ਤੋੜ ਦਿੱਤਾ।
ਘਟਨਾ ਸਥਾਨ 'ਤੇ ਪੁੱਜੇ ਤਲਵੰਡੀ ਭਾਈ ਦੇ ਏ ਐੱਸ ਆਈ ਲਖਵੀਰ ਸਿੰਘ ਨੇ ਜ਼ਖਮੀਆਂ ਨੂੰ ਨੌਜਵਾਨ ਲੋਕ ਭਲਾਈ ਸਭਾ ਦੀ ਐਂਬੂਲੈਂਸ ਰਾਹੀਂ ਵੱਖ-ਵੱਖ ਹਸਪਤਾਲਾਂ ਵਿਚ ਪਹੁੰਚਾਇਆ ਅਤੇ ਜ਼ਖਮੀਆਂ ਦੇ ਬਿਆਨਾਂ ਦੇ ਅਧਾਰ 'ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।