ਸੱਪ ਲੰਘਣ ਪਿੱਛੋਂ ਲਕੀਰ ਕੁੱਟੀ ਜਾ ਰਹੀ ਹੈ : ਬਾਗੜੀਆ

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਵਿਧਾਨ ਸਭਾ ਚੋਣਾਂ 'ਚ ਹਮਾਇਤ ਹਾਸਲ ਕਰਨ ਲਈ ਡੇਰਾ ਸਿਰਸਾ ਪਹੁੰਚੇ ਸਿੱਖ ਲੀਡਰਾਂ ਖਿਲਾਫ ਸ਼੍ਰੋਮਣੀ ਕਮੇਟੀ ਦੀ ਜਾਂਚ 'ਤੇ ਸਵਾਲ ਉੱਠੇ ਹਨ। ਦਲ ਖ਼ਾਲਸਾ ਨੇ ਕਿਹਾ ਹੈ ਕਿ ਇਹ ਜਾਂਚ ਦੀ ਕੋਈ ਤੁਕ ਨਹੀਂ। ਸਿੱਖ ਵਿਦਵਾਨ ਵੀ ਇਸ ਜਾਂਚ ਨਾਲ ਸਹਿਮਤ ਨਜ਼ਰ ਨਹੀਂ ਆ ਰਹੇ।
ਦਲ ਖ਼ਾਲਸਾ ਦੇ ਆਗੂ ਹਰਚਰਨਜੀਤ ਸਿੰਘ ਧਾਮੀ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਨੂੰ ਪੁੱਛਿਆ ਹੈ ਕਿ ਕੀ ਹੁਣ ਅਕਾਲੀ ਦਲ ਦੇ ਹੇਠਲੇ ਪੱਧਰ ਦੇ ਆਗੂ ਆਪਣੇ ਹੀ ਉੱਚ ਆਗੂਆਂ ਦੇ ਗੈਰ ਸਿਧਾਂਤਕ ਕਾਰਨਾਮਿਆਂ ਦੀ ਜਾਂਚ ਕਰਨਗੇ? ਉਨ੍ਹਾਂ ਵਿਅੰਗ ਕੱਸਦਿਆਂ ਕਿਹਾ ਕਿ ਪ੍ਰੋ. ਬਡੂੰਗਰ ਦਾ ਇਹ ਫੈਸਲਾ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਥਾਣੇਦਾਰ ਨੂੰ ਕਿਹਾ ਜਾਵੇ ਕਿ ਉਹ ਏ.ਡੀ.ਜੀ.ਪੀ ਦੇ ਖਿਲਾਫ ਜਾਂਚ ਕਰੇ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਨੇ ਜਾਂਚ ਕਮੇਟੀ ਵਿੱਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਾਇਮਪੁਰ, ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ ਤੇ ਅੰਤ੍ਰਿਮ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੂੰ ਸ਼ਾਮਲ ਕੀਤਾ ਹੈ। ਦਿਲਚਸਪ ਗੱਲ਼ ਹੈ ਕਿ ਇਹ ਮੈਂਬਰ ਅਕਾਲੀ ਦਲ ਦੇ ਹਮਾਇਤੀ ਹਨ।
ਸ੍ਰੀ ਧਾਮੀ ਨੇ ਕਿਹਾ ਹੈ ਕਿ ਪੰਥਕ ਸਫਾਂ ਵਿੱਚ ਅਕਾਲੀਆਂ ਵਿਰੁੱਧ ਪੈਦਾ ਹੋਏ ਰੋਹ ਨੂੰ ਵੇਖਦਿਆਂ ਤੇ 26 ਫਰਵਰੀ ਨੂੰ ਹੋਣ ਜਾ ਰਹੀਆਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਅਕਾਲੀ ਦਲ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਤਿੰਨ ਅਹੁਦੇਦਾਰਾਂ ਦੀ ਕਮੇਟੀ ਬਣਾਈ ਹੈ।ਇਸ ਦੇ ਨਾਲ ਹੀ ਸਿੱਖ ਵਿਦਵਾਨ ਭਾਈ ਅਸ਼ੋਕ ਸਿੰਘ ਬਾਗੜੀਆ ਨੇ ਕਿਹਾ ਹੈ ਕਿ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਚੋਣਾਂ ਤੋਂ ਬਾਅਦ ਵੋਟਾਂ ਲਈ ਡੇਰਾ ਸਿਰਸਾ ਨੂੰ ਪਹੁੰਚ ਕਰਨ ਵਾਲੇ ਅਕਾਲੀ ਆਗੂਆਂ ਵਿਰੁੱਧ ਕਾਰਵਾਈ ਕਰਨ ਦੇ ਹੁਣ ਦਿੱਤੇ ਆਦੇਸ਼ਾਂ ਦਾ ਕੋਈ ਅਰਥ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਤਾਂ ਸੱਪ ਲੰਘ ਜਾਣ ਤੋਂ ਬਾਅਦ ਲਕੀਰ ਕੁੱਟਣ ਵਾਲੀ ਗੱਲ ਹੈ, ਕਿਉਂਕਿ ਇਹ ਕਦਮ ਵੋਟਾਂ ਪੈਣ ਤੋਂ ਪਹਿਲਾਂ ਚੁੱਕਣਾ ਚਾਹੀਦਾ ਸੀ।ਉਨ੍ਹਾਂ ਕਿਹਾ ਕਿ ਵੋਟਾਂ ਦੀ ਹਮਾਇਤ ਹਾਸਲ ਕਰਨ ਤੋਂ ਬਾਅਦ ਜੇਕਰ ਡੇਰੇ ਦੀ ਸ਼ਰਨ ਵਿੱਚ ਗਿਆ ਕੋਈ ਅਕਾਲੀ ਆਗੂ ਮੁਆਫ਼ੀ ਮੰਗ ਕੇ ਤਨਖਾਹ ਅਦਾ ਕਰ ਵੀ ਦੇਵੇਗਾ ਤਾਂ ਇਸ ਨਾਲ ਕੋਈ ਫ਼ਰਕ ਨਹੀਂ ਪੈਣਾ, ਕਿਉਂਕਿ ਉਸ ਨੇ ਜੋ ਸਿਆਸੀ ਲਾਭ ਲੈਣਾ ਸੀ, ਉਹ ਤਾਂ ਲੈ ਹੀ ਲਿਆ ਹੈ।ਉਨ੍ਹਾਂ ਕਿਹਾ ਕਿ ਅਜਿਹਾ ਕਰ ਕੇ ਅਕਾਲ ਤਖ਼ਤ ਦੇ ਵੱਕਾਰ ਨੂੰ ਹੋਰ ਨੀਵਾਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਸਾਫ਼ ਹੋ ਗਿਆ ਹੈ ਕਿ ਸਿਆਸਤ ਉਪਰ ਡੇਰਾਵਾਦ ਭਾਰੂ ਪੈਂਦਾ ਜਾ ਰਿਹਾ ਹੈ, ਕਿਉਂਕਿ ਡੇਰਾ ਸਿਰਸਾ ਨੇ ਅਕਾਲੀਆਂ ਨੂੰ ਵੋਟਾਂ ਦੇਣ ਬਦਲੇ ਪੰਜਾਬ ਵਿੱਚ ਆਪਣੀ ਅਖੌਤੀ 'ਨਾਮ ਚਰਚਾ' ਬਹਾਲ ਕਰਨ ਦੀ ਸ਼ਰਤ ਮਨਵਾ ਲਈ ਹੈ।