Latest News

ਦੁਬਾਰਾ ਹੋਈ ਪੋਲਿੰਗ 'ਚ ਟੁੱਟੇ ਰਿਕਾਰਡ

Published on 09 Feb, 2017 12:15 PM.

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਪੰਜਾਬ ਵਿਧਾਨ ਸਭਾ ਚੋਣਾਂ ਦੇ ਲਈ ਹੋਈ ਰੀ-ਪੋਲਿੰਗ 'ਚ 80 ਫੀਸਦ ਤੋਂ ਵੀ ਵੱਧ ਵੋਟਿੰਗ ਹੋਈ ਹੈ, ਜਦਕਿ ਲੋਕ ਸਭਾ ਸੀਟ ਅੰਮ੍ਰਿਤਸਰ ਦੀ ਉਪ ਚੋਣ ਲਈ 75 ਫੀਸਦ ਵੋਟਿੰਗ ਹੋਈ ਹੈ। ਮਸ਼ੀਨਾਂ 'ਚ ਗੜਬੜੀ ਤੇ ਸ਼ਿਕਾਇਤਾਂ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ 5 ਜ਼ਿਲ੍ਹਿਆ 'ਚ ਮੁੜ ਵੋਟਿੰਗ ਕਰਵਾਈ ਗਈ। ਇਸ ਦੌਰਾਨ ਵਿਧਾਨ ਸਭਾ ਹਲਕਾ ਮਜੀਠਾ 'ਚ 75 ਫੀਸਦ, ਮੁਕਤਸਰ 'ਚ 89.4 ਫੀਸਦ, ਸੰਗਰੂਰ 'ਚ 84.64 ਫੀਸਦ, ਮੋਗਾ 'ਚ 81.26 ਤੇ ਸਭ ਤੋਂ ਵੱਧ ਮਾਨਸਾ ਦੇ ਸਰਦੂਲਗੜ੍ਹ 'ਚ 90.33 ਫੀਸਦ ਵੋਟਿੰਗ ਹੋਈ ਹੈ।
ਮਾਨਸਾ (ਪੱਤਰ ਪ੍ਰੇਰਕ) : ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮਾਨਸਾ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ 2017 ਪਿਛਲੇ ਦਿਨੀਂ 4 ਫਰਵਰੀ ਨੂੰ ਮੁਕਮੰਲ ਹੋਈਆਂ ਸਨ, ਪਰ ਕੁਝ ਤਕਨੀਕੀ ਕਾਰਨਾਂ ਕਾਰਨ ਪਿੰਡ ਕੋਰਵਾਲਾ ਵਿਖੇ ਪੋਲਿੰਗ ਬੂਥ ਨੰ:86 ਵਿਧਾਨ ਸਭਾ ਹਲਕਾ 097-ਸਰਦੂਲਗੜ੍ਹ ਦੀਆਂ ਚੋਣਾਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਦੁਬਾਰਾ ਕਰਵਾਈਆਂ ਗਈਆਂ। ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਚੱਲੀ ਇਸ ਰੀ-ਪੋਲਿੰਗ ਵਿਚ ਵੋਟਰਾਂ ਨੇ ਆਪਣਾ ਪੂਰਾ ਉਤਸ਼ਾਹ ਦਿਖਾਇਆ ਅਤੇ ਸਾਬਿਤ ਕੀਤਾ ਕਿ ਮਾਨਸਾ ਜ਼ਿਲ੍ਹੇ ਦਾ ਵੋਟਰ ਆਪਣੀ ਵੋਟ ਦੇ ਅਧਿਕਾਰ ਪ੍ਰਤੀ ਪੂਰੀ ਤਰ੍ਹਾਂ ਨਾਲ ਜਾਗਰੂਕ ਹੈ।
ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਸ਼ਰਮਾ ਨੇ ਕਿਹਾ ਕਿ ਇੱਥੇ ਇਹ ਵੀ ਦੱਸਣਾ ਜ਼ਿਕਰਯੋਗ ਹੋਵੇਗਾ ਕਿ 4 ਫਰਵਰੀ ਨੂੰ ਹੋਈ ਪੋਲਿੰਗ ਦੌਰਾਨ ਪੂਰੇ ਸੂਬੇ ਅੰਦਰ ਸਭ ਤੋਂ ਜ਼ਿਆਦਾ ਪੋਲਿੰਗ ਕਰਨ ਦਾ ਤਾਜ ਜ਼ਿਲ੍ਹਾ ਮਾਨਸਾ ਦੇ ਸੂਝਵਾਨ ਵੋਟਰਾਂ ਦੇ ਸਿਰ ਸਜਿਆ ਹੈ ਅਤੇ ਜ਼ਿਲ੍ਹੇ 'ਚ 87 ਫੀਸਦੀ ਤੋਂ ਵੱਧ ਪੋਲਿੰਗ ਕਰਕੇ ਮਾਨਸਾ ਜ਼ਿਲ੍ਹੇ ਦੇ ਵੋਟਰ ਵੋਟਿੰਗ ਪ੍ਰਤੀਸ਼ਤਤਾ ਵਿਚ ਪੂਰੇ ਪੰਜਾਬ ਵਿਚੋਂ ਪਹਿਲੇ ਨੰਬਰ 'ਤੇ ਰਹੇ ਹਨ।
ਉਹਨਾ ਦੱਸਿਆ ਕਿ ਕੋਰਵਾਲਾ ਵਿਖੇ ਹੋਈ ਪੋਲਿੰਗ ਦੌਰਾਨ ਸਵੇਰ ਤੋਂ ਹੀ ਵੋਟਰਾਂ ਵਿਚ ਪੂਰਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ। ਸਵੇਰ ਤੋਂ ਹੀ ਵੋਟਰਾਂ ਦਾ ਤਾਂਤਾ ਪੋਲਿੰਗ ਸਟੇਸ਼ਨਾਂ ਦੇ ਬਾਹਰ ਲੱਗਣਾ ਸ਼ੁਰੂ ਹੋ ਗਿਆ ਅਤੇ ਸਵੇਰੇ 10 ਵਜੇ ਤੱਕ 33 ਫੀਸਦੀ ਵੋਟਿੰਗ ਹੋ ਚੁੱਕੀ ਸੀ। ਇਸੇ ਤਰ੍ਹਾਂ 12 ਵਜੇ ਤੱਕ 48 ਫੀਸਦੀ ਵੋਟਰਾਂ ਨੇ ਮਤਦਾਨ ਕੀਤਾ ਅਤੇ ਦੁਪਹਿਰ 1 ਵਜੇ ਤੱਕ ਪੋਲਿੰਗ ਦੀ ਪ੍ਰਤੀਸ਼ਤਤਾ 55 ਫੀਸਦੀ ਦਾ ਅੰਕੜਾ ਪ੍ਰਾਪਤ ਕਰ ਚੁੱਕੀ ਸੀ। ਇਸ ਤੋਂ ਬਾਅਦ ਦੁਪਹਿਰ 2 ਵਜੇ ਪੋਲਿੰਗ ਦਾ ਕੰਮ 70 ਫੀਸਦੀ ਨੇਪਰੇ ਚੜ੍ਹ ਚੁੱਕਾ ਸੀ। 3 ਵਜੇ ਤੱਕ 78 ਫੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਉਪਰੰਤ 4 ਵਜੇ ਦੀ ਰਿਪੋਰਟ ਅਨੁਸਾਰ ਮਤਦਾਨ 88.36 ਫੀਸਦੀ ਪਹੁੰਚ ਚੁੱਕਾ ਸੀ। ਅੰਤਮ ਰਿਪੋਰਟ ਅਨੁਸਾਰ 1272 ਵੋਟਰਾਂ ਵਿਚੋਂ 1149 ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਅਤੇ 90.33 ਫੀਸਦੀ ਮਤਦਾਨ ਪ੍ਰਤੀਸ਼ਤਤਾ ਰਹੀ।

431 Views

e-Paper