ਭਾਰਤ-ਅਮਰੀਕਾ ਰੱਖਿਆ ਸਹਿਯੋਗ ਵਧਾਉਣ ਲਈ ਪ੍ਰਤੀਬੱਧ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਅਮਰੀਕਾ 'ਚ ਸੱਤਾ 'ਤੇ ਟਰੰਪ ਦੇ ਕਾਬਜ਼ ਹੋਣ ਮਗਰੋਂ ਭਾਰਤ-ਅਮਰੀਕਾ ਦੇ ਰਿਸ਼ਤਿਆਂ 'ਚ ਆਈ ਗਰਮਾਹਟ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣ ਮਗਰੋਂ ਡੋਨਾਲਡ ਟਰੰਪ ਨੇ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫ਼ੋਨ ਕੀਤਾ ਸੀ ਅਤੇ ਹੁਣ ਅਮਰੀਕਾ ਦੇ ਰੱਖਿਆ ਮੰਤਰੀ ਜੇਮਸ ਮੈਕਿਸ ਨੇ ਰੱਖਿਆ ਮੰਤਰੀ ਮਨਹੋਰ ਪਰਿੱਕਰ ਨਾਲ ਲੰਮੀ ਗੱਲਬਾਤ ਕੀਤੀ। ਫ਼ੋਨ 'ਤੇ ਹੋਈ ਗੱਲਬਾਤ 'ਚ ਦੋਹਾਂ ਦੇਸ਼ਾਂ ਦੇ ਰੱਖਿਆ ਮੰਤਰੀਆਂ ਨੇ ਆਪਸੀ ਰੱਖਿਆ ਸਹਿਯੋਗ ਹੋਰ ਵਧਾਉਣ ਦਾ ਸੰਕਲਪ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਰੱਖਿਆ ਮੰਤਰੀ ਮਨੋਹਰ ਪਰਿੱਕਰ ਨੂੰ ਫ਼ੋਨ ਕਰਕੇ ਅਮਰੀਕਾ ਦੇ ਰੱਖਿਆ ਮੰਤਰੀ ਜੇਮਸ ਮੈਕਿਸ ਨੇ ਦੁਵੱਲੇ ਰੱਖਿਆ ਸਹਿਯੋਗ 'ਚ ਹੋਏ ਸ਼ਾਨਦਾਰ ਪ੍ਰਗਤੀ ਨੂੰ ਅੱਗੇ ਵਧਾਉਣ ਲਈ ਪ੍ਰਤੀਬੱਧਤਾ ਪ੍ਰਗਟਾਈ ਅਤੇ ਭਾਰਤ ਤੇ ਅਮਰੀਕਾ ਨੇ ਦੁਵੱਲੇ ਰੱਖਿਆ ਸਹਿਯੋਗ ਜਾਰੀ ਰੱਖਣ 'ਤੇ ਸਹਿਮਤੀ ਪ੍ਰਗਟਾਈ। ਜ਼ਿਕਰਯੋਗ ਹੈ ਕਿ ਮੈਕਿਸ ਦੇ ਅਮਰੀਕਾ ਦੇ ਰੱਖਿਆ ਮੰਤਰੀ ਦਾ ਅਹੁਦਾ ਸੰਭਾਲਣ ਮਗਰੋਂ ਦੋਹਾਂ ਆਗੂਆਂ ਵਿਚਕਾਰ ਇਹ ਪਹਿਲੀ ਗੱਲਬਾਤ ਹੈ।
ਪੈਂਟਾਗਨ ਦੇ ਪ੍ਰੈਸ ਸਕੱਤਰ ਕੈਪਟਨ ਜੇਫ ਡੇਵਿਸ ਨੇ ਦੱਸਿਆ ਕਿ ਪਹਿਲੀ ਗੱਲਬਾਤ 'ਚ ਮੈਕਿਸ ਨੇ ਹਾਲ ਦੇ ਸਾਲਾਂ 'ਚ ਦੁਵੱਲੇ ਰੱਖਿਆ ਸਹਿਯੋਗ 'ਚ ਕੀਤੀ ਗਈ ਸ਼ਾਨਦਾਰ ਪ੍ਰਗਤੀ ਨੂੰ ਅੱਗੇ ਵਧਾਉਣ ਦੀ ਪ੍ਰਤੀਬੱਧਤਾ ਦਾ ਪ੍ਰਗਟਾਵਾ ਕੀਤਾ ਅਤੇ ਭਾਰਤ-ਅਮਰੀਕਾ ਸੰਬੰਧਾਂ ਦੀ ਰਣਨੀਤਕ ਮਹੱਤਤਾ ਤੇ ਵਿਸ਼ਵ ਸ਼ਾਂਤੀ ਅਤੇ ਸੁਰੱਖਿਆ ਨੂੰ ਮਜ਼ਬੂਤ ਕਰਨ 'ਚ ਭਾਰਤ ਦੀ ਅਹਿਮ ਭੂਮਿਕਾ ਦਾ ਜ਼ਿਕਰ ਕੀਤਾ। ਡੇਵਿਸ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੇ ਰੱਖਿਆ ਮੰਤਰੀਆਂ ਨੇ ਆਪਸੀ ਗੱਲਬਾਤ 'ਚ ਦੁਵੱਲੇ ਰੱਖਿਆ ਸੰਬੰਧ ਮਜ਼ਬੂਤ ਬਣਾਉਣ 'ਤੇ ਪ੍ਰਤੀਬੱਧਤਾ ਪ੍ਰਗਟਾਈ।
ਜ਼ਿਕਰਯੋਗ ਹੈ ਕਿ ਡੋਨਾਲਡ ਟਰੰਪ ਨੇ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ ਚੁੱਕਣ ਤੋਂ ਚਾਰ ਦਿਨ ਮਗਰੋਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫ਼ੋਨ 'ਤੇ ਗੱਲਬਾਤ ਕੀਤੀ। ਟਰੰਪ ਨੇ ਗੱਲਬਾਤ 'ਚ ਜ਼ੋਰ ਦੇ ਕੇ ਕਿਹਾ ਕਿ ਭਾਰਤ-ਅਮਰੀਕਾ ਦਾ ਸੁੱਚਾ ਦੋਸਤ ਹੈ ਅਤੇ ਹੁਣ ਦੋਵੇਂ ਦੇਸ਼ ਮਿਲ ਕੇ ਲੋਕਾਂ ਨੂੰ ਦਰਪੇਸ਼ ਚੁਣੌਤੀਆਂ ਦਾ ਮੁਕਾਬਲਾ ਕਰਨਗੇ।