ਉਪਹਾਰ ਕਾਂਡ : 20 ਸਾਲ ਬਾਅਦ ਇੱਕ ਸਾਲ ਕੈਦ ਦੀ ਸਜ਼ਾ


ਨਵੀਂ ਦਿੱਲੀ
(ਨਵਾਂ ਜ਼ਮਾਨਾ ਸਰਵਿਸ)
ਸੁਪਰੀਮ ਕੋਰਟ ਨੇ 1997 ਦੇ ਉਪਹਾਰ ਸਿਨੇਮਾ ਅਗਨੀ ਕਾਂਡ ਮਾਮਲੇ 'ਚ ਗੋਪਾਲ ਅੰਸਲ ਨੂੰ ਇੱਕ ਸਾਲ ਦੀ ਸਜ਼ਾ ਸੁਣਾਈ ਹੈ, ਜਦਕਿ ਸੁਸ਼ੀਲ ਅੰਸਲ ਨੂੰ ਪਹਿਲਾਂ ਤੋਂ ਪ੍ਰਾਪਤ ਰਾਹਤ ਨੂੰ ਬਰਕਰਾਰ ਰੱਖਿਆ ਹੈ। ਅਦਾਲਤ ਨੇ ਗੋਪਾਲ ਨੂੰ 4 ਹਫ਼ਤਿਆਂ ਅੰਦਰ ਸਮੱਰਪਣ ਕਰਨ ਦਾ ਹੁਕਮ ਦਿੱਤਾ ਹੈ। ਸੁਪਰੀਮ ਕੋਰਟ ਦੇ ਤਿੰਨ ਜੱਜਾਂ ਦੀ ਬੈਂਚ ਨੇ ਇਹ ਫ਼ੈਸਲਾ ਪੀੜਤਾਂ ਅਤੇ ਸੀ ਬੀ ਆਈ ਦੀ ਪੁਨਰ ਵਿਚਾਰ ਪਟੀਸ਼ਨ 'ਤੇ ਸੁਣਾਇਆ ਗਿਆ ਹੈ। ਹਾਲਾਂਕਿ ਗੋਪਾਲ ਪਹਿਲਾਂ ਹੀ ਚਾਰ ਮਹੀਨੇ ਦੀ ਸਜ਼ਾ ਕੱਟ ਚੁੱਕੇ ਹਨ, ਪਰ ਸੁਪਰੀਮ ਕੋਰਟ ਨੇ ਫਿਲਹਾਲ ਸਾਫ਼ ਨਹੀਂ ਕੀਤਾ ਕਿ ਉਹ ਸਜ਼ਾ 'ਚ ਸ਼ਾਮਲ ਹਨ ਜਾਂ ਨਹੀਂ। ਇਸ ਦੇ ਨਾਲ ਹੀ ਪਹਿਲਾਂ ਦੇ ਫ਼ੈਸਲੇ ਅਨੁਸਾਰ 30-30 ਕਰੋੜ ਰੁਪਏ ਦਾ ਜੁਰਮਾਨਾ ਬਣਿਆ ਰਹੇਗਾ। ਦੋ ਜੱਜਾਂ ਰੰਜਨ ਗੋਗੋਈ ਅਤੇ ਜਸਟਿਸ ਕੁਰੀਅਨ ਜੋਸਫ਼ ਦਾ ਬਹੁਮਤ ਨਾਲ ਫ਼ੈਸਲਾ ਹੈ ਅਤੇ ਤੀਜੇ ਜੱਜ ਆਦਰਸ਼ ਗੋਇਲ ਦੀ ਰਾਇ ਉਨ੍ਹਾ ਨਾਲੋਂ ਵੱਖ ਹੈ।
ਸੁਪਰੀਮ ਕੋਰਟ ਨੇ ਕਿਹਾ ਕਿ ਸੁਸ਼ੀਲ ਅੰਸਲ ਜਿੰਨੀ ਸਜ਼ਾ ਕਟ ਚੁੱਕੇ ਹਨ, ਓਨੀ ਹੀ ਕਾਫ਼ੀ ਹੈ।
ਜ਼ਿਕਰਯੋਗ ਹੈ ਕਿ ਉਪਹਾਰ ਸਿਨੇਮਾ ਮਾਮਲੇ 'ਤੇ ਪੁਨਰ ਵਿਚਾਰ ਮਾਮਲੇ 'ਚ ਸੁਪਰੀਮ ਕੋਰਟ ਨੇ ਆਪਣਾ ਫ਼ੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਨੇ ਇਹ ਤੈਅ ਕਰਨਾ ਸੀ ਕਿ ਕੀ ਸੁਸ਼ੀਲ ਅੰਸਲ ਅਤੇ ਗੋਪਾਲ ਅੰਸਲ ਨੂੰ ਸਜ਼ਾ ਦਿੱਤੀ ਜਾਵੇ ਜਾਂ ਜੁਰਮਾਨਾ ਲਾ ਕੇ ਜੇਲ੍ਹ ਦੀ ਸਜ਼ਾ ਮਾਫ਼ ਕਰ ਦਿੱਤੀ ਜਾਵੇ। ਇਸ ਤੋਂ ਪਹਿਲਾਂ ਉਪਹਾਰ ਪੀੜਤਾਂ ਦੀ ਪੁਨਰ ਵਿਚਾਰ ਪਟੀਸ਼ਨਾਂ ਦੀ ਸੁਣਵਾਈ ਦੌਰਾਨ ਅੰਸਲ ਭਰਾਵਾਂ ਨੇ ਸੁਪਰੀਮ ਕੋਰਟ 'ਚ ਹਲਫ਼ਨਾਮਾ ਦਿੱਤਾ ਸੀ ਕਿ ਉਹ ਮਾਮਲੇ ਦੀ ਸੁਣਵਾਈ ਪੂਰੀ ਹੋਣ ਤੱਕ ਦੇਸ਼ 'ਚੋਂ ਬਾਹਰ ਨਹੀਂ ਜਾਣਗੇ।
18 ਸਾਲ ਪੁਰਾਣੇ ਚਰਚਿਤ ਉਪਹਾਰ ਸਿਨੇਮਾ ਅਗਨੀ ਕਾਂਡ 'ਚ ਸੁਪਰੀਮ ਕੋਰਟ ਨੇ ਸੀ ਬੀ ਆਈ ਅਤੇ ਪੀੜਤਾਂ ਦੀ ਪੁਨਰ ਵਿਚਾਰ ਪਟੀਸ਼ਨ 'ਤੇ 14 ਦਸੰਬਰ ਨੂੰ ਸੁਣਵਾਈ ਪੂਰੀ ਕਰਕੇ ਫ਼ੈਸਲਾ ਰਾਖਵਾਂ ਰੱਖ ਲਿਆ ਸੀ। ਸੀ ਬੀ ਆਈ ਨੇ ਆਪਣੀ ਪੁਨਰ ਵਿਚਾਰ ਪਟੀਸ਼ਨ 'ਚ ਕਿਹਾ ਕਿ ਉਸ ਨੂੰ ਅਦਾਲਤ 'ਚ ਪੱਖ ਪੇਸ਼ ਕਰਨ ਦਾ ਪੂਰਾ ਮੌਕਾ ਨਹੀਂ ਮਿਲਿਆ ਅਤੇ ਮਾਮਲੇ 'ਤੇ ਦੁਬਾਰਾ ਵਿਚਾਰ ਕੀਤਾ ਜਾਵੇ। ਜ਼ਿਕਰਯੋਗ ਹੈ ਕਿ 1997 'ਚ ਹਿੰਦੀ ਫ਼ਿਲਮ ਬਾਰਡਰ ਦੇ ਪ੍ਰਦਰਸ਼ਨ ਦੌਰਾਨ ਸਿਨੇਮਾ ਘਰ 'ਚ ਅੱਗ ਲੱਗ ਜਾਣ ਨਾਲ 59 ਦਰਸ਼ਕਾਂ ਦੀ ਮੌਤ ਹੋ ਗਈ ਸੀ।