ਵਿਰਾਟ ਵੱਲੋਂ ਡਬਲ ਸੈਂਚੁਰੀ ਦਾ ਚੌਕਾ


ਹੈਦਰਾਬਾਦ (ਨਵਾਂ ਜ਼ਮਾਨਾ ਸਰਵਿਸ)
ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਅੱਜ ਟੈਸਟ ਕ੍ਰਿਕਟ 'ਚ ਡਬਲ ਸੈਂਚੁਰੀ ਦਾ ਚੌਕਾ ਲਾ ਕੇ ਇਤਿਹਾਸ ਸਿਰਜ ਦਿੱਤਾ। ਕੋਹਲੀ ਨੇ ਅੱਜ ਹੈਦਰਾਬਾਦ 'ਚ ਬੰਗਲਾਦੇਸ਼ ਵਿਰੁੱਧ ਟੈਸਟ ਮੈਚ ਦੇ ਦੂਜੇ ਦਿਨ ਆਪਣਾ ਦੋਹਰਾ ਸੈਂਕੜਾ ਪੂਰਾ ਕੀਤਾ। ਇਸ ਦੇ ਨਾਲ ਹੀ ਉਹ ਲਗਾਤਾਰ ਚਾਰ ਟੈਸਟ ਲੜੀਆਂ 'ਚ ਦੋਹਰੇ ਸੈਂਕੜੇ ਲਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ।
ਕੋਹਲੀ ਨੇ ਅੱਜ ਮੈਚ ਦੇ ਦੂਜੇ ਦਿਨ ਕੱਲ੍ਹ ਦੇ ਸਕੋਰ 111 ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਦੁਪਹਿਰ ਦੇ ਖਾਣੇ ਮਗਰੋਂ ਆਪਣਾ ਦੋਹਰਾ ਸੈਂਕੜਾ ਪੂਰਾ ਕੀਤਾ। ਦੋਹਰੇ ਸੈਂਕੜੇ ਦੇ ਨਾਲ ਹੀ ਵਿਰਾਟ ਕੋਹਲੀ ਘਰੇਲੂ ਸੀਜ਼ਨ 'ਚ ਸਭ ਤੋਂ ਜ਼ਿਆਦ ਦੌੜਾਂ ਬਣਾਉਣ ਵਾਲੇ ਬਲੇਬਾਜ਼ ਬਣ ਗਏ ਹਨ। ਇਸ ਤੋਂ ਪਹਿਲਾਂ ਇਹ ਰਿਕਾਰਡ ਵੀਰੇਂਦਰ ਸਹਿਵਾਗ ਦੇ ਨਾਂਅ ਸੀ। ਕੋਹਲੀ ਅੱਜ 204 ਦੌੜਾਂ ਬਣਾ ਕੇ ਆਊਟ ਹੋ ਗਏ। ਕੋਹਲੀ ਨੇ ਆਪਣਾ ਪਹਿਲਾ ਦੋਹਰਾ ਸੈਂਕੜਾ ਵੈਸਟਇੰਡੀਜ਼ ਵਿਰੁੱਧ ਲੜੀ ਦੇ ਪਹਿਲੇ ਮੈਚ 'ਚ ਲਾਇਆ ਸੀ ਅਤੇ ਇਸ ਮੈਚ 'ਚ ਉਨ੍ਹਾ ਨੇ 200 ਦੌੜਾਂ ਬਣਾਈਆਂ ਸਨ। ਇਸ ਮਗਰੋਂ ਅਗਲੀ ਟੈਸਟ ਲੜੀ 'ਚ ਉਨ੍ਹਾ ਇੰਦੌਰ 'ਚ ਨਿਊਜ਼ੀਲੈਂਡ ਵਿਰੁੱਧ ਖੇਡਦਿਆਂ 211 ਦੌੜਾਂ ਬਣਾਈਆਂ। ਇਸ ਮਗਰੋਂ ਇੰਗਲੈਂਡ ਵਿਰੁੱਧ ਤੀਜੀ ਟੈਸਟ ਲੜੀ 'ਚ ਉਨ੍ਹਾ ਨੇ 235 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਅਤੇ ਅੱਜ ਬੰਗਲਾਦੇਸ਼ ਵਿਰੁੱਧ ਚੌਥਾ ਦੋਹਰਾ ਸੈਂਕੜਾ ਲਾ ਕੇ ਰਿਕਾਰਡ ਆਪਣੇ ਨਾਂਅ ਕਰ ਲਿਆ। ਇਸ ਤੋਂ ਪਹਿਲਾਂ ਡਾਨ ਬ੍ਰੈਡਮੈਨ ਅਤੇ ਰਾਹੁਲ ਦ੍ਰਾਵਿੜ ਨੇ ਲਗਾਤਾਰ ਤਿੰਨ ਟੈਸਟ ਲੜੀਆਂ 'ਚ ਦੋਹਰੇ ਸੈਂਕੜੇ ਲਾਏ ਸਨ।